ਫ਼ਤਹਿਗੜ੍ਹ ਸਾਹਿਬ – “ਤਜਾਕਿਸਤਾਨ ਵਿਖੇ ਇੰਡੀਆ ਦਾ ਪਹਿਲਾ ਬਾਹਰਲੇ ਮੁਲਕ ਦਾ ਏਅਰ ਬੇਸ ਹੈ । ਜੋ ਤਜਾਕਿਸਤਾਨ ਏਅਰ ਫੋਰਸ ਨਾਲ ਸਾਂਝਾ ਫਰਖੋਰ ਵਿਖੇ ਇਸਦੀ ਰਾਜਧਾਨੀ ਦੁਸਾਂਭੇ ਤੋਂ 130 ਕਿਲੋਮੀਟਰ ਦੇ ਦੱਖਣਪੂਰਬ ਵਿਚ ਹੈ । ਇੰਡੀਆ ਦੇ ਰੱਖਿਆ ਵਜ਼ੀਰ ਜੋ ਇਸ ਸਮੇਂ ਤਜਾਕਿਸਤਾਨ ਦੀ ਯਾਤਰਾ ਤੇ ਗਏ ਹਨ । ਇੰਡੀਆ ਦਾ ਮਕਸਦ ਆਪਣੀਆ ਫ਼ੌਜੀ ਕਾਰਵਾਈਆ ਰਾਹੀ ਮੱਧ ਏਸੀਆ ਜਾਂ ਅਫਗਾਨਿਸਤਾਨ ਉਤੇ ਆਪਣੀ ਫੌਜੀ ਤਾਕਤ ਦੇ ਪ੍ਰਭਾਵ ਦੀ ਦਹਿਸ਼ਤ ਪਾਉਣਾ ਹੈ । ਇਸਦੇ ਦੋ ਮਕਸਦ ਪ੍ਰਤੱਖ ਨਜ਼ਰ ਆ ਰਹੇ ਹਨ ਇਕ ਤਾਂ ਇਸਲਾਮਿਕ ਪਾਕਿਸਤਾਨ ਨੂੰ ਆਪਣੀ ਤਾਕਤ ਦਿਖਾਉਣਾ, ਦੂਸਰਾ ਅਫ਼ਗਾਨੀਸਤਾਨ ਵਿਚ ਆਪਣੀ ਇੰਡੀਅਨ ਫ਼ੌਜ ਦਾ ਦਖਲ ਦੇਣਾ ਹੈ । ਜਿਸ ਨਾਲ ਏਸੀਆ ਖਿੱਤੇ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਜਿਹੜਾ ਇੰਡੀਆ ਮੁਲਕ ਆਪਣੀ ਕੰਮਜੋਰ ਮਾਲੀ ਹਾਲਤ ਅਤੇ ਕੂਟਨੀਤਕ ਹਾਲਤ ਦੇ ਬਾਵਜੂਦ ਅਜਿਹਾ ਕਰਨਾ ਚਾਹੁੰਦਾ ਹੈ ਇਹ ਖੇਡ ਕਦੀ ਵੀ ਹਿੰਦੂ ਇੰਡੀਆ ਸਟੇਟ ਲਈ ਲਾਹੇਵੰਦ ਨਹੀਂ ਹੋ ਸਕੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਰੱਖਿਆ ਵਜ਼ੀਰ ਵੱਲੋਂ ਤਜਾਕਿਸਤਾਨ ਦੇ ਫ਼ੌਜੀ ਦੌਰੇ ਅਤੇ ਉਥੇ ਸਥਾਪਿਤ ਏਅਰ ਫੋਰਸ ਦੇ ਇੰਡੀਅਨ ਬੇਸ ਵਿਖੇ ਜਾਣ ਦੇ ਮੁੱਦੇ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਮੱਧ ਏਸੀਆ ਦੀ ਬਣਦੀ ਜਾ ਰਹੀ ਸਥਿਤੀ ਦੀ ਘੋਖ ਕਰਦੇ ਹੋਏ ਪ੍ਰਗਟ ਕੀਤੇ। ਸ. ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਵੱਲੋਂ ਆਪਣੇ ਦੋਵੇ ਗੁਆਢੀ ਮੁਲਕਾਂ ਇਸਲਾਮਿਕ ਪਾਕਿਸਤਾਨ, ਕਾਮਰੇਡ-ਚੀਨ, ਇਰਾਨ ਅਤੇ ਰੂਸ ਨੂੰ ਇਸ ਨਵੇ ਬਣਦੇ ਜਾ ਰਹੇ ਫ਼ੌਜੀ ਗਰੁੱਪ ਉਤੇ ਸੁਚੇਤ ਕਰਦੇ ਹੋਏ ਕਿਹਾ ਕਿ ਜੋ ਹਿੰਦੂ ਸਟੇਟ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਅਨੁਸੂਚਿਤ ਜਾਤੀਆ, ਆਦਿਵਾਸੀਆ, ਕਬੀਲਿਆ, ਦਲਿਤਾਂ, ਰੰਘਰੇਟਿਆ ਉਤੇ ਆਪਣੀ ਫ਼ੌਜੀ ਤਾਕਤ ਦੀ ਗਲਤ ਵਰਤੋਂ ਕਰਕੇ ਜ਼ਬਰ-ਜੁਲਮ ਕਰਦਾ ਆ ਰਿਹਾ ਹੈ, ਭਾਵੇਕਿ ਇਸ ਪਿੱਛੇ ਅਮਰੀਕਾ ਗਰੁੱਪ ਦੀ ਤਾਕਤ ਵੀ ਹੈ, ਲੇਕਿਨ ਅਸੀਂ ਇਸ ਗੱਲ ਤੇ ਹੈਰਾਨ ਹਾਂ ਕਿ ਮਨੁੱਖੀ ਅਧਿਕਾਰਾਂ, ਧਾਰਮਿਕ ਅਧਿਕਾਰਾਂ ਦਾ ਘਾਣ ਕਰਨ ਵਾਲਾ ਇੰਡੀਆ ਹੁਣ ਕੌਮਾਂਤਰੀ ਪੱਧਰ ਤੇ ਕਿਹੜੀ ਦਿਸ਼ਾਹੀਣ ਖੇਡ-ਖੇਡ ਰਿਹਾ ਹੈ ? ਜਦੋਂਕਿ ਹਿੰਦੂ ਸਟੇਟ ਦਾ ਇਕ ਯੂਨਿਟ ਅਮਰੀਕਾ ਦੀ ਫ਼ੌਜੀ ਅਤੇ ਸਿਆਸੀ ਤੇ ਅੰਦਰੂਨੀ ਤੌਰ ਤੇ ਮਿਲਕੇ ਚੱਲ ਰਿਹਾ ਹੈ, ਇਹ ਦੂਜੀ ਸੰਸਾਰ ਜੰਗ ਦੀ ਤਰ੍ਹਾਂ ਉਸ ਤਾਕਤ ਦਾ ਹਿੱਸਾ ਬਣ ਰਿਹਾ ਹੈ ਜਿਵੇਂ ਇਟਲੀ ਇਕ ਸਹਾਇਕ ਬਣਕੇ ਗੋਲੀ ਚੱਲਣ ਤੋਂ ਪਹਿਲੇ ਹੀ ਆਪਣੇ-ਆਪ ਨੂੰ ਸਮਰਪਣ ਕਰ ਗਿਆ ਸੀ ।
ਉਨ੍ਹਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ. ਅਤੇ ਸੈਂਟਰ ਸਰਕਾਰ ਦੇ ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ ਆਪਣੀ ਵਿਚਾਰਧਾਰਾ ਨੂੰ ਛੱਡਕੇ ‘ਹਿੰਦੂ ਰਾਸਟਰ’ ਕਾਇਮ ਕਰਨ ਲਈ ਤਰਲੋਮੱਛੀ ਹੋ ਰਹੇ ਹਨ । ਜਦੋਂ ਅਮਰੀਕਾ ਦੇ ਸੈਕਟਰੀ ਆਫ਼ ਸਟੇਟ ਮਿਸਟਰ ਅਨਟੋਨੀ ਬਲਿਕਨ ਇੰਡੀਆ ਦੇ ਦੌਰੇ ਤੇ ਆਏ ਹਨ ਤਾਂ ਉਨ੍ਹਾਂ ਨੂੰ ਘੱਟ ਗਿਣਤੀਆ ਉਤੇ ਜ਼ਬਰ ਜੁਲਮ ਕਰਨ ਵਾਲੀ, ਦਹਿਸਤ ਪੈਦਾ ਕਰਨ ਵਾਲੀ, ਅੱਤਵਾਦੀ ਕਾਰਵਾਈਆ ਕਰਨ ਵਾਲੀ ਮੋਦੀ ਦੀ ਹਿੰਦੂ ਹਕੂਮਤ ਨਾਲ ਇਥੋਂ ਦੀ ਸਥਿਤੀ ਨੂੰ ਜਾਨਣ ਤੋਂ ਬਿਨ੍ਹਾਂ ਕਿਸੇ ਤਰ੍ਹਾਂ ਦੇ ਫ਼ੌਜੀ, ਡਿਪਲੋਮੈਟਿਕ ਜਾਂ ਹੋਰ ਸਮਝੋਤੇ ਜਾਂ ਸਾਂਝ ਨਹੀਂ ਪਾਉਣੀ ਚਾਹੀਦੀ । ਅਜਿਹਾ ਕਰਨ ਤੋਂ ਪਹਿਲੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਤਾਨਾਸ਼ਾਹੀ ਅਮਲਾਂ ਰਾਹੀ ਹੁਕਮਰਾਨਾਂ ਵੱਲੋ ਖੋਹੇ ਗਏ ਹੱਕ-ਹਕੂਕਾ ਨੂੰ ਦੇਣ ਅਤੇ ਇਥੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਹਕੂਮਤੀ ਉਲੰਘਣ ਨੂੰ ਪੂਰਨ ਰੂਪ ਵਿਚ ਖ਼ਤਮ ਕਰਨ ਦਾ ਹੁਕਮਰਾਨਾਂ ਕੋਲੋ ਬਚਨ ਲੈਣੇ ਚਾਹੀਦੇ ਹਨ ਤਾਂ ਕਿ ਇਹ ਹਿੰਦੂ ਰਾਸਟਰ ਦੇ ਹੁਕਮਰਾਨ ਘੱਟ ਗਿਣਤੀਆ ਉਤੇ ਆਪਣੇ ਜ਼ਬਰ-ਜੁਲਮ ਨੂੰ ਜਾਰੀ ਰੱਖਣ ਤੋਂ ਸਦਾ ਲਈ ਤੋਬਾ ਕਰ ਸਕਣ ।
ਸ. ਮਾਨ ਨੇ ਸ੍ਰੀ ਬਲਿਕਨ ਦੇ ਆਉਣ ਦਾ ਜਿੱਥੇ ਭਰਪੂਰ ਸਵਾਗਤ ਕੀਤਾ, ਉਥੇ ਉਨ੍ਹਾਂ ਦੇ ਇਸ ਟਰਿਪ ਲਈ ਸੁਭ ਕਾਮਨਾਵਾ ਵੀ ਭੇਜਦੇ ਹੋਏ ਕਿਹਾ ਕਿ ਅਮਰੀਕਾ ਦੇ ਇੰਟਰਨੈਸ਼ਨਲ ਕਮਿਸ਼ਨ ਆਨ ਰੀਲੀਜੀਅਸ ਫਰੀਡਮ ਵੱਲੋ ਹੁਣੇ ਹੀ ਆਪਣੀ ਜਾਰੀ ਕੀਤੀ ਗਈ ਰਿਪੋਰਟ ਵਿਚ ਇਹ ਮੰਨਿਆ ਗਿਆ ਹੈ ਕਿ ਇੰਡੀਅਨ ਹੁਕਮਰਾਨ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਅਨੁਸੂਚਿਤ ਜਾਤੀਆ, ਆਦਿਵਾਸੀਆ, ਕਬੀਲਿਆ ਉਤੇ ਨਿਰੰਤਰ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ । ਇਸ ਸਮੇਂ ਅਸੀਂ ਸਤਿਕਾਰਯੋਗ ਸੈਕਟਰੀ ਆਫ਼ ਸਟੇਟ ਦੇ ਧਿਆਨ ਵਿਚ ਇਹ ਵੀ ਲਿਆਉਣਾ ਚਾਹਵਾਂਗੇ ਕਿ ਜਦੋਂ ਇੰਡੀਆ ਦੇ ਹੁਕਮਰਾਨ ਆਪਣੀਆ ਜਮਹੂਰੀਅਤ ਸੰਸਥਾਵਾਂ, ਪਾਰਲੀਮੈਟ, ਅਸੈਬਲੀ, ਮਿਊਸੀਪਲ ਕਾਰਪੋਰੇਸ਼ਨਾਂ, ਕੌਸਲਾਂ, ਪੰਚਾਇਤਾਂ, ਜ਼ਿਲ੍ਹਾ ਪ੍ਰੀਸਦਾਂ ਆਦਿ ਦੀਆਂ ਸਹੀ ਸਮੇਂ ਤੇ ਚੋਣਾਂ ਕਰਵਾਉਦੇ ਹਨ ਤਾਂ ਉਸ ਸਮੇਂ 1925 ਦੇ ਅੰਗਰੇਜ਼ਾਂ ਦੇ ਕਾਨੂੰਨ ਰਾਹੀ ਹੋਂਦ ਵਿਚ ਆਈ ਸਿੱਖ ਕੌਮ ਦੀ ਪਾਰਲੀਮੈਂਟ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬੀਤੇ 10 ਸਾਲਾ ਤੋਂ ਹੁਕਮਰਾਨ ਚੋਣਾਂ ਹੀ ਨਹੀਂ ਕਰਵਾ ਰਹੇ, ਜਦੋਂਕਿ ਇਹ ਚੋਣਾਂ ਦਾ ਸਮਾਂ 5 ਸਾਲ ਦਾ ਹੁੰਦਾ ਹੈ । ਸਿੱਖ ਕੌਮ ਜਮਹੂਰੀਅਤ ਕਦਰਾਂ-ਕੀਮਤਾਂ, ਕਾਨੂੰਨ ਅਤੇ ਅਮਨ-ਚੈਨ ਵਿਚ ਪੂਰਾ ਵਿਸਵਾਸ ਰੱਖਦੀ ਆਈ ਹੈ । ਸਾਡੀ ਸਿੱਖ ਪਾਰਲੀਮੈਂਟ ਦੀ ਚੋਣ ਨਾ ਕਰਵਾਕੇ ਸ੍ਰੀ ਮੋਦੀ ਸਿੱਖ ਕੌਮ ਨੂੰ ਮਜਬੂਰ ਕਰ ਰਹੇ ਹਨ ਕਿ ਉਹ ਗਲੀਆ ਵਿਚ ਰੋਹ ਕਰਦੇ ਹੋਏ ਉਤਰਨ । ਸਿੱਖ ਕੌਮ ਜਮਹੂਰੀਅਤ ਢੰਗਾਂ ਰਾਹੀ ਆਪਣਾ ਆਜਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਦੀ ਭਾਵੇ ਚਾਹਵਾਨ ਹੈ । ਲੇਕਿਨ ਜਦੋਂ ਅੰਗਰੇਜ਼ਾਂ ਨੇ ਵੰਡ ਕੀਤੀ ਤਾਂ ਉਸ ਸਮੇਂ ਹਿੰਦੂਆਂ ਲਈ ਇੰਡੀਆ ਸਟੇਟ, ਮੁਸਲਿਮ ਕੌਮ ਲਈ ਪਾਕਿਸਤਾਨ ਸਟੇਟ ਬਣਾ ਦਿੱਤਾ । ਲੇਕਿਨ ਤੀਜੀ ਮੁੱਖ ਧਿਰ ਜੋ ਸਿੱਖ ਕੌਮ ਸੀ ਉਨ੍ਹਾਂ ਦਾ ਸਟੇਟ ਕਾਇਮ ਨਾ ਕਰਕੇ ਸਿੱਖ ਕੌਮ ਨਾਲ ਅੰਗਰੇਜ਼ ਹਕੂਮਤ ਵੱਲੋਂ ਵੀ ਵੱਡੀ ਜਿਆਦਤੀ ਕੀਤੀ ਗਈ । ਸਿੱਖ ਕੌਮ ਉਸ 1947 ਦੇ ਸਮੇਂ ਤੋਂ ਹੀ ਕਤਲੇਆਮ, ਨਸ਼ਲਕੁਸੀ, ਸਾਡੇ ਵਿਰਸੇ-ਵਿਰਾਸਤ, ਯਾਦਗਰਾਂ ਨੂੰ ਹੁਕਮਰਾਨਾਂ ਵੱਲੋਂ ਖ਼ਤਮ ਕਰਨ ਦਾ ਸਾਹਮਣਾ ਕਰਦੀ ਆ ਰਹੀ ਹੈ । ਇਹ ਸਾਰੇ ਜ਼ਬਰ ਜੁਲਮ ਇਕ ਸੋਚੀ ਸਮਝੀ ਸਾਜਿਸ ਤਹਿਤ ਕੀਤੇ ਜਾ ਰਹੇ ਹਨ । ਸਿੱਖ ਕੌਮ ਆਪ ਜੀ ਅਤੇ ਆਪ ਜੀ ਦੀ ਅਮਰੀਕਾ ਹਕੂਮਤ ਤੋਂ ਇਹ ਕੌਮਾਂਤਰੀ ਪੱਧਰ ਤੇ ਸੰਜ਼ੀਦਾ ਮੰਗ ਕਰਦੀ ਹੈ ਕਿ ਸਾਨੂੰ ਇਨਸਾਫ਼ ਦਿਵਾਉਣ ਲਈ ਇਕ ਆਜ਼ਾਦ ਕੌਮਾਂਤਰੀ ਪੱਧਰ ਦਾ ਟ੍ਰਿਬਿਊਨਲ ਕਾਇਮ ਕੀਤਾ ਜਾਵੇ, ਜੋ ਸਾਡੇ ਹੁਕਮਰਾਨਾਂ ਵੱਲੋਂ ਸਾਡੇ ਵਿਧਾਨਿਕ, ਸਮਾਜਿਕ, ਧਾਰਮਿਕ, ਭੂਗੋਲਿਕ, ਇਖਲਾਕੀ ਅਤੇ ਮਾਲੀ ਹੱਕ ਖੋਹੇ ਗਏ ਹਨ, ਉਹ ਵਾਪਸ ਦਿਵਾਏ ਜਾਣ । ਸ. ਮਾਨ ਨੇ ਅਮਰੀਕਾ ਦੇ ਸੈਕਟਰੀ ਆਫ਼ ਸਟੇਟ ਸ੍ਰੀ ਅਨਟੋਨੀ ਬਲਿਕਨ ਅਤੇ ਅਮਰੀਕਾ ਹਕੂਮਤ ਤੋਂ ਇਹ ਵੱਡੀ ਉਮੀਦ ਕੀਤੀ ਕਿ ਉਹ ਸਿੱਖ ਕੌਮ ਦੀ ਵੱਡੇ ਦੁੱਖ ਦੀ ਰਗ ਦੇ ਵੱਡੇ ਦੁੱਖ ਨੂੰ ਮੁੱਖ ਰੱਖਦੇ ਹੋਏ ਸਾਨੂੰ ਕੌਮਾਂਤਰੀ ਪੱਧਰ `ਤੇ ਪੂਰਨ ਇਨਸਾਫ਼ ਦਿਵਾਉਣ ਵਿਚ ਮੋਹਰੀ ਭੂਮਿਕਾ ਨਿਭਾਉਣਗੇ । ਸਿੱਖ ਕੌਮ ਇਸ ਨੇਕ ਉਦਮ ਲਈ ਅਮਰੀਕਾ ਹਕੂਮਤ ਤੇ ਸ੍ਰੀ ਬਲਿਕਨ ਦੀ ਧੰਨਵਾਦੀ ਹੋਵੇਗੀ ।