ਜਿੱਦਾਂ ਹੀ ਦਗੜ-ਦਗੜ ਦੀ ਅਵਾਜ਼ ਅੰਜਨਾ ਦੇ ਕੰਨਾਂ ਵਿੱਚ ਪਈ ਤਾਂ ਉਸਨੂੰ ਕੁਛ ਹੀ ਪਲਾਂ ਵਿੱਚ ਪਤਾ ਲੱਗ ਗਿਆ ਕੀ ਅੱਜ ਕੋਠੇ ਤੇ ਪੁਲਿਸ ਦੀ ਰੇਡ ਪੈ ਗਈ ਸੀ। ਇਸ ਤਰ੍ਹਾਂ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਸੀ ਪੁਲਿਸ ਦੀ ਰੇਡ ਪੈਂਦੀ ਹੁੰਦੀ ਸੀ ਪਰ ਖਾਲਾ ਦਾ ਸ਼ਹਿਰ ਦੇ ਸੇਠਾਂ, ਸ਼ਾਹੂਕਾਰਾਂ ਅਤੇ ਨੇਤਾਵਾਂ ਨਾਲ ਅਸਲ-ਰਸ਼ੂਖ ਹੋਣ ਕਰਕੇ ਜਲਦੀ ਹੀ ਨਬੇੜਾ ਹੋ ਕੇ ਸਭ ਪਹਿਲਾਂ ਵਾਂਗੂੰ ਹੋ ਜਾਂਦਾ ਸੀ।
ਹੁਣ ਵੀ ਜਦੋਂ ਪੁਲਿਸ ਦੀ ਰੇਡ ਪਈ ਤਾਂ ਪਲੰਗ ਤੇ ਲੰਮੀ ਪਈ ਅੰਜਨਾ ਨੇ ਫਟਾ-ਫਟ ਨਾਲ ਲੇਟਿਓ ਉਮੇਸ਼ ਨੂੰ ਉਠਾਇਆ ਤਾਂ ਫਟਾ-ਫਟ ਉਸਨੂੰ ਸਾਰੀ ਗੱਲ ਸਮਝਾ ਦਿੱਤੀ। ਸੁਣਦੇ ਸਾਰ ਉਮੇਸ਼ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਅੰਜਨਾ ਨੇ ਉਹਲੇ ਹੋ ਕੇ ਦੇਖ ਲਿਆ ਸੀ ਕਿ ਪੁਲਿਸ ਵਾਲੇ ਆਏ ਹੋਏ ਗਾਹਕਾਂ ਨੂੰ ਵੀ ਦਬੋਜ ਕੇ ਜੀਪ ਵਿੱਚ ਬਿਠਾਈ ਜਾ ਰਹੇ ਹਨ।
ਫਿਰ ਅੰਜਨਾ ਅੱਖ ਬਚਾ ਕੇ ਉਮੇਸ਼ ਨੂੰ ਨਾਲ ਲੈ ਕੇ ਫਟਾ-ਫਟ ਕਮਰੇ ’ਚੋਂ ਨਿਕਲ ਗਈ ਤੇ ਪਿਛਲੇ ਪਾਸੇ ਵੱਲ ਚਲੀ ਗਈ। ਕਮਰਿਆਂ ਤੋਂ ਦੂਰ ਇਸ ਜਗਾਹ ’ਚ ਫਾਲਤੂ ਸਮਾਨ ਰੱਖਿਆ ਹੋਇਆ ਸੀ। ਅੰਜਨਾ ਨੇ ਇੱਕ ਅਲਮਾਰੀ ਨੂੰ ਧੱਕਾ ਲਾਉਣਾ ਸ਼ੁਰੂ ਕਰ ਦਿੱਤਾ। ਜਦ ਉਹ ਅਲਮਾਰੀ ਨੂੰ ਪਾਸੇ ਕਰ ਹਟੇ ਤਾਂ ਨੀਵਾਂ ਜਿਹਾ ਇੱਕ ਦਰਵਾਜ਼ਾ ਸੀ ਕੋਠੇ ਤੋਂ ਪਿਛਲੀ ਗਲੀ ਵੱਲ ਖੁੱਲ੍ਹਦਾ ਸੀ ਉਸ ਦਰਵਾਜ਼ੇ ਵੱਲ ਦੇਖ ਕੇ ਅੰਜਨਾ ਨੇ ਉਮੇਸ਼ ਨੂੰ ਲੰਘ ਜਾਣ ਲਈ ਕਿਹਾ। ‘‘ਛੇਤੀ ਕਰੋ ਇਹ ਦਰਵਾਜ਼ਾ ਬਾਹਰ ਵੱਲ ਜਾਂਦਾ ਜਾਓ।
‘ਪਰ ਅੰਜਨਾ ਤੂੰ ਵੀ ਚੱਲ ਤੈਨੂੰ ਵੀ ਮੌਕਾ ਇੱਥੋਂ ਭੱਜ ਨਿਕਲ ਕਿਤੇ।
‘‘ਨਹੀਂ ਮੈਂ ਨਹੀਂ ਜਾ ਸਕਦੀ ਨਾਲੇ ਇਸ ਦਰਵਾਜ਼ੇ ਦਾ ਕਿਸੇ ਨੂੰ ਵੀ ਨੀ ਪਤਾ ਮੈਨੂੰ ਤਾਂ ਕਿਸੇ ਨੌਕਰਾਣੀ ਨੇ ਦੱਸਿਆ ਸੀ ਅੱਜ ਕੰਮ ਆ ਗਿਆ।
‘‘ਫਿਰ ਤੂੰ ਇਸ ਨੂੰ ਆਪਣੇ ਭੱਜਣ ਲਈ ਕਿਉਂ ਨਹੀਂ ਵਰਤਿਆ?
‘‘ਬਹੁਤੀਆਂ ਗੱਲਾਂ ਨਾ ਕਰੋ ਜਾਉ ਤੁਸੀਂ ਜੇ ਫੜੇ ਗਏ ਤਾਂ ਬਦਨਾਮ ਹੋ ਜਾਉਗੇ ਮੇਰੇ ਤਾਂ ਕਲੰਕ ਲੱਗਾ ਹੀ ਆ ਤੁਸੀਂ ਤਾਂ ਜਾਓ ਜਾਓ ਰੁਕੋ ਨਾ ਜਾਓ।
ਮੁਰਗੀ
ਅਰਾਮ ਨਾਲ ਆਪਣੇ ਕਮਰੇ ’ਚ ਬੈਠੀ ਤਮੰਨਾ ਦਾ ਧਿਆਨ ਉਸ ਵਕਤ ਟੁੱਟਿਆ ਜਦੋਂ ਉਸਦੇ ਕੰਨਾਂ ਵਿੱਚ ਹਲਕੀ-ਹਲਕੀ ਕਿਸੇ ਦੇ ਰੋਣੇ ਦੀ ਅਵਾਜ਼ ਪੈ ਰਹੀ ਸੀ। ਕੁਝ ਦੇਰ ਤਮੰਨਾ ਆਪਣੇ ਮਨ ਦੇ ਵਿੱਚ ਹੀ ਅੰਦਾਜ਼ਾ ਲਗਾਉਂਦੀ ਰਹੀ ਫਿਰ ਉਹ ਆਪਣੇ ਪਲੰਘ ਤੋਂ ਉੱਠੀ ਅਤੇ ਕਮਰੇ ’ਚੋਂ ਬਾਹਰ ਆ ਗਈ। ਜਦ ਉਸਨੇ ਕਮਰੇ ’ਚੋਂ ਬਾਹਰ ਆ ਕੇ ਉਸੇ ਸੇਧ ’ਚ ਤੁਰਨਾ ਸ਼ੁਰੂ ਕੀਤਾ ਜਿਧਰੋਂ ਉਹੋ ਰੋਣੇ ਦੀ ਅਵਾਜ਼ ਉਸਦੇ ਕੰਨਾਂ ਵਿੱਚ ਹਜੇ ਵੀ ਪਈ ਜਾ ਰਹੀ ਸੀ। ਇੱਕ ਕਮਰੇ ਦੇ ਮੋਹਰੇ ਜਾ ਕੇ ਅਚਾਨਕ ਤਮੰਨਾ ਰੁਕ ਗਈ ਜਦ ਉਸਨੇ ਸਾਹਮਣੇ ਦੇਖਿਆ ਤਾਂ ਇੱਕ 13-14 ਸਾਲ ਦੀ ਕੁੜੀ ਪਾਣੀ ਵਾਲੇ ਟੱਬ ’ਚ ਪੈਰਾਂ ਭਾਰ ਬੈਠੀ ਹੋਈ ਸੀ।
ਇਸ ਦ੍ਰਿਸ਼ ਨੂੰ ਦੇਖਕੇ ਤਮੰਨਾ ਨੂੰ ਰਾਤੀਂ ਕੁੜੀਆਂ ਵੱਲੋਂ ਦੱਸੀ ਇਹ ਗੱਲ ਚੇਤੇ ਆ ਗਈ ਕਿ ‘ਕੋਠੇ ਤੇ ਇੱਕ ਨਵੀਂ ਕੁੜੀ ਲਿਆਂਦੀ ਗਈ ਹੈ।’ ਤਮੰਨਾ ਨੇ ਜਦ ਹੋਰ ਅੱਗੇ ਜਾ ਕੇ ਦੇਖਿਆ ਤਾਂ ਪਾਣੀ ਦਾ ਉਹ ਟੱਬ ਜਿਸ ਵਿੱਚ ਕੁੜੀ ਬੈਠੀ ਸੀ ਜਾਂ ਬਿਠਾਈ ਗਈ ਸੀ ਪੂਰਾ ਲਾਲ ਰੰਗ ਨਾਲ ਭਰ ਗਿਆ ਸੀ ਇਸ ਲਾਲ ਪਾਣੀ ਨੂੰ ਦੇਖ ਕੇ ਤਮੰਨਾ ਨੇ ਘੁੱਟ ਕੇ ਅੱਖਾਂ ਬੰਦ ਕਰ ਲਈਆਂ ਪਲ ਮਗਰੋਂ ਜਦ ਉਸਨੇ ਅੱਖਾਂ ਖੋਹਲ ਕੇ ਦੇਖਿਆ ਤਾਂ ਟੱਬ ਦੇ ਅੰਦਰਲਾ ਪਾਣੀ ਉਵੇਂ ਦਾ ਉਵੇਂ ਲਾਲ ਰੰਗ ਦਾ ਹੀ ਸੀ। ਫਿਰ ਤਮੰਨਾ ਨੇ ਬਾਂਹ ਤੋਂ ਫੜ ਕੇ ਉਸ ਪਾਣੀ ’ਚ ਬੈਠੀ ਕੁੜੀ ਨੂੰ ਬਾਹਰ ਕੱਢਣਾ ਚਾਹਿਆ ਪਰ ਡਰੀ-ਡਰੀ ਤੇ ਸਹਿਮੀ ਜਿਹੀ ਹੋਣ ਕਰਕੇ ਕੁਝ ਝਕਦੀ ਹੋਈ ਉਹ ਬਾਹਰ ਨਿਕਲੀ ਤਾਂ ਤਮੰਨਾ ਨੇ ਬੈਂਚ ਦੇ ਉਪਰ ਬਿਛੇ ਇੱਕ ਕੱਪੜੇ ਨੂੰ ਚੁੱਕ ਕੇ ਉਸਦੇ ਨੰਗੇ ਸਰੀਰ ਤੇ ਲਪੇਟ ਦਿੱਤਾ। ਜਦ ਨੂੰ ਪਿੱਛਿਓਂ ਪਾਨ ਹੱਥ ’ਚ ਫੜੀ ਖਾਲਾ ਆ ਗਈ।
‘ਇਹ ਤਮੰਨਾ ਕੀ ਕਰਦੀਂ ਇੱਥੇ ਚੱਲ ਆਪਣੇ ਕਮਰੇ ’ਚ ਨਾਲੇ ਕੁੜੀਏ ਮੁੱਕਿਆ ਨੀ ਤੇਰਾ ਰੌਣਾ-ਧੋਣਾ?
‘‘ਖਾਲਾ ਉਸ ਨੂੰ ਦਰਦ ਹੋ ਰਹੀ ਹੈ ਸਮਝੋ ਗੱਲ ਨੂੰ ਅਰਾਮ ਕਰਨ ਦਿਊ ਇਸਨੂੰ…..
‘ਅਰਾਮ-ਅਰੂਮ ਕੋਈ ਨੀ ਸੇਠ ਪਸੰਦ ਕਰਕੇ ਗਿਆ ਇਹਨੂੰ ਅਗਲਾ 1500 ਦੇ ਗਿਆ……
‘‘ਪਰ ਮਾਸੀ ਉਸਦੀ ਸਿਹਤ ਤੇ ਨਾਲ ਇਹ ਖੂਨ….
‘‘ਬਸ-ਬਸ ਇਹ ਕੁਝ ਨੀ ਪਤਾ ਮੈਨੂੰ ਕੁੜੀਏ ਤਿਆਰ ਰਹਿ ਤੂੰ।
ਜਾਂਦੀ ਹੋਈ ਖਾਲਾ ਨੂੰ ਦੇਖ ਕੇ ਤਮੰਨਾ ਨੇ ਦੰਦ ਕਿਰਚੇ ‘ਮੁਰਗੀਆਂ ਵਾਂਗੂ ਕਦੇ ਦਾਣਾ ਪਾ ਦਿੰਦੀ ਆ ਕਦੇ ਧੌਣ ਮਰੋੜ ਦਿੰਦੀ ਆ।’