ਨਵੀਂ ਦਿੱਲੀ – ਵਿਰੋਧੀ ਰਾਜਨੀਤਕ ਦਲਾਂ ਨੂੰ ਇੱਕਜੁੱਟ ਕਰਨ ਦੇ ਮਕਸਦ ਨਾਲ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਾਨਸਟੀਟਚਿਊਸ਼ਨ ਕਲੱਬ ਵਿੱਚ ਉਨ੍ਹਾਂ ਨੂੰ ਮੰਗਲਵਾਰ ਨੂੰ ਸਵੇਰ ਦੇ ਨਾਸ਼ਤੇ ਤੇ ਬੁਲਾਇਆ ਸੀ, ਜਿਸ ਵਿੱਚ 15 ਦਲਾਂ ਦੇ ਨੇਤਾ ਸ਼ਾਮਿਲ ਹੋਏ। ਇਸ ਬੈਠਕ ਵਿੱਚ ਮੌਜੂਦਾ ਰਾਜਨੀਤਕ ਸਥਿਤੀ ਤੋਂ ਲੈ ਕੇ ਪੇਗਾਸਸ ਜਸੂਸੀ ਕਾਂਡ ਅਤੇ ਹੋਰ ਮੁੱਦਿਆਂ ਤੇ ਵੀ ਚਰਚਾ ਕੀਤੀ ਗਈ। ਬਰੇਕਫਾਸਟ ਦੇ ਬਾਅਦ ਵਿਰੋਧੀ ਧਿਰਾਂ ਦੇ ਸਾਰੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸਾਈਕਲ ਚਲਾ ਕੇ ਸੰਸਦ ਭਵਨ ਪਹੁੰਚੇ।
ਇਸ ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਸਾਰੇ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਇੱਕਜੁੱਟਤਾ ਤੇ ਵਧੇਰੇ ਜੋਰ ਦਿੰਦੇ ਹੋਏ ਕਿਹਾ, ‘ਸਾਨੂੰ ਇਸ ਆਵਾਜ਼ (ਲੋਕਾਂ ਦੀ ਆਵਾਜ਼) ਨੂੰ ਇੱਕਜੁੱਟ ਕਰਨਾ ਹੋਵੇਗਾ। ਇਹ ਆਵਾਜ਼ ਜਿੰਨੀ ਇੱਕਜੁੱਟ ਹੋਵੇਗੀ ਓਨੀ ਹੀ ਮਜ਼ਬੂਤ ਹੋਵੇਗੀ। ਭਾਜਪਾ ਅਤੇ ਸੰਘ ਦੇ ਲਈ ਇਸ ਆਵਾਜ਼ ਨੂੰ ਦਬਾਉਣਾ ਓਨਾ ਹੀ ਮੁਸ਼ਕਿਲ ਹੋਵੇਗਾ।’ ਇਸ ਮੀਟਿੰਗ ਵਿੱਚ ਐਨਸੀਪੀ,ਸਿ਼ਵਸੈਨਾ, ਕਾਂਗਰਸ, ਸਪਾ, ਸੀਪੀਆਈ(ਐਮ), ਰਾਜਦ, ਸੀਪੀਆਈ, ਆਈਯੂਐਮਐਲ, ਕੇਰਲ ਕਾਂਗਰਸ (ਐਮ) ਝਾਰਖੰਡ ਮੁਕਤੀ ਮੋਰਚਾ, ਆਰਐਸਪੀ, ਤ੍ਰਿਣਮੂਲ ਕਾਂਗਰਸ ਅਤੇ ਲੋਕਤੰਤਰਿਕ ਜਨਤਾ ਦਲ ਦੇ ਨੇਤਾ ਸ਼ਾਮਿਲ ਹੋਏ।
ਵਰਨਣਯੋਗ ਹੈ ਕਿ ਸੰਸਦ ਵਿੱਚ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਖੇਤੀ ਕਾਨੂੰਨਾਂ ਅਤੇ ਪੇਗਾਸਸ ਆਦਿ ਕੁਝ ਮੁੱਦਿਆਂ ਤੇ ਸਖਤ ਆਲੋਚਨਾ ਕੀਤੀ ਜਾ ਰਹੀ ਹੈ। ਇਸ ਨਾਸ਼ਤੇ ਦਾ ਅਸਲ ਮਨੋਰਥ ਸਾਂਝਾ ਰਣਨੀਤਕ ਮੁਹਾਜ਼ ਤਿਆਰ ਕਰਨਾ ਹੈ ਤਾਂ ਜੋ ਸਰਕਾਰ ਦੀਆਂ ਗੱਲਤ ਨੀਤੀਆਂ ਦਾ ਵਿਰੋਧ ਕੀਤਾ ਜਾ ਸਕੇ।