ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਦੇ ਸਭ ਤੋਂ ਵਧੇਰੇ ਰੁਝੇਵੇਂ ਭਰੇ ਸ਼ਾਪਿੰਗ ਸੈਂਟਰਾਂ ਵਿੱਚੋਂ ਇੱਕ ਵਿੱਚ ਡਿਜ਼ਨੀ ਸਟੋਰ 30 ਸਾਲਾਂ ਬਾਅਦ ਬੰਦ ਹੋਣ ਲਈ ਤਿਆਰ ਹੈ। ਗਲਾਸਗੋ ਦੇ ਸੇਂਟ ਐਨੋਕ ਸੈਂਟਰ ਵਿਚਲੀ ਇਹ ਡਿਜ਼ਨੀ ਦੀ ਦੁਕਾਨ ਹੁਣ 11 ਅਗਸਤ ਤੋਂ ਬਾਅਦ ਜਨਤਾ ਲਈ ਖੁੱਲ੍ਹੀ ਨਹੀਂ ਰਹੇਗੀ। ਸੇਂਟ ਐਨੋਕ ਸੈਂਟਰ ਵਿੱਚ ਸਟੋਰ ਨੇ ਇਸਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਯੂਕੇ ਭਰ ਵਿੱਚ ਵੀ ਬਹੁਤ ਸਾਰੇ ਡਿਜ਼ਨੀ ਆਉਟਲੈਟਾਂ ਦੁਆਰਾ ਸਟੋਰਾਂ ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ ਹੈ। ਇਹ ਮੁੱਖ ਤੌਰ ‘ਤੇ ਖਿਡੌਣਿਆਂ ਦੀ ਦੁਕਾਨ ਨੇ 1989 ਵਿੱਚ ਆਪਣੇ ਦਰਵਾਜ਼ੇ ਲੋਕਾਂ ਲਈ ਖੋਲ੍ਹੇ ਸਨ ਅਤੇ ਇਸ ਹਫਤੇ ਇਸਨੇ ਬੰਦ ਹੋਣ ਦਾ ਨੋਟਿਸ ਦਿੱਤਾ ਹੈ। ਨੋਟਿਸ ਅਨੁਸਾਰ ਇਹ ਸਟੋਰ ਬੁੱਧਵਾਰ, 11 ਅਗਸਤ ਨੂੰ ਜਾਂ ਇਸ ਤੋਂ ਪਹਿਲਾਂ ਬੰਦ ਹੋ ਜਾਵੇਗਾ। ਇਸ ਸਟੋਰ ਦੇ ਇਲਾਵਾ ਕਈ ਹੋਰ ਵੀ ਹਨ ਜੋ ਹੁਣ ਆਪਣੀਆਂ ਸੇਵਾਵਾਂ ਆਨਲਾਈਨ ਮੁਹੱਈਆ ਕਰਵਾ ਰਹੇ ਹਨ, ਜਿਹਨਾਂ ਵਿੱਚ ਟਾਪ ਸ਼ਾਪ, ਜੀ ਏ ਪੀ ਅਤੇ ਡੇਬੇਨਹੈਮਜ਼ ਆਦਿ ਹਨ। ਇਸਦੇ ਇਲਾਵਾ ਗਲਾਸਗੋ ਦੇ ਸੇਂਟ ਐਨੋਕ ਸੈਂਟਰ ‘ਚ ਇੱਕ ਨਵਾਂ ਵਯੂ ਸਿਨੇਮਾ ਖੁੱਲ੍ਹਿਆ ਹੈ ਜਿਸ ਵਿੱਚ ਡੀਲਕਸ ਰੀਸਾਈਕਲਿੰਗ ਸੀਟਾਂ ਅਤੇ ਇੱਕ ਬਾਰ ਸ਼ਾਮਲ ਹੈ। ਸੇਂਟ ਐਨੋਕ ਸੈਂਟਰ ਵਿੱਚ 40 ਮਿਲੀਅਨ ਪੌਂਡ ਦੇ ਨਿਵੇਸ਼ ਨਾਲ ਇਹ ਨਵਾਂ ਸਿਨੇਮਾ ਸ਼ਹਿਰ ਵਿੱਚ 40 ਨਵੀਆਂ ਨੌਕਰੀਆਂ ਪੈਦਾ ਕਰੇਗਾ। ਇਸ ਵਿੱਚ 9 ਸਕ੍ਰੀਨਾਂ ਸੋਨੀ 4 ਕੇ ਡਿਜੀਟਲ ਪ੍ਰੋਜੈਕਸ਼ਨ ਅਤੇ ਡੌਲਬੀ 7.1 ਸਾਊਂਡ ਨਾਲ ਲੈਸ ਹਨ, ਜਿਸ ਵਿੱਚੋਂ ਤਿੰਨ ਸਕ੍ਰੀਨਾਂ 3 ਡੀ ਹਨ।