ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਬਲੈਕਪੂਲ ਵਿੱਚ ਸੋਮਵਾਰ ਨੂੰ ਭੰਗ ਦੀ ਇੱਕ ਫੈਕਟਰੀ ਵਿੱਚ ਇਸਦੀ ਗੈਰਕਾਨੂੰਨੀ ਕਾਸ਼ਤ ਹੋਣ ਕਰਕੇ ਬਿਜਲੀ ਦੀਆਂ ਜਮੀਨਦੋਜ਼ ਲਾਈਨਾਂ ਵਿੱਚ ਨੁਕਸ ਪੈਣ ਕਾਰਨ 195 ਘਰਾਂ ਨੂੰ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਿਆ। ਬਲੈਕਪੂਲ ਦੇ ਵਸਨੀਕ ਸੋਮਵਾਰ ਸਵੇਰੇ 10.23 ਵਜੇ ਦੇ ਕਰੀਬ ਬਿਜਲੀ ਬੰਦ ਹੋਣ ਨਾਲ ਪ੍ਰਭਾਵਤ ਹੋਏ। ਨਾਰਥ ਵੈਸਟ ਇਲੈਕਟ੍ਰੀਸਿਟੀ ਕੰਪਨੀ ਨੇ ਬਿਜਲੀ ਸਪਲਾਈ ਨੂੰ ਚਾਲੂ ਕਰਨ ਲਈ ਇਸ ਖੇਤਰ ਵਿੱਚ ਫੁੱਟਪਾਥ ਖੁਦਾਈ ਕਰਕੇ ਤਾਰਾਂ ਵਿਚਲੇ ਨੁਕਸ ਨੂੰ ਦੂਰ ਕੀਤਾ।
ਇਸ ਸਮੱਸਿਆ ਕਰਕੇ ਵੈਸਟਮੋਰਲੈਂਡ ਐਵੇਨਿਊ ਖੇਤਰ ਵਿੱਚ 195 ਘਰ ਬਿਜਲੀ ਦੀ ਸਮੱਸਿਆ ਪ੍ਰਭਾਵਿਤ ਹੋਏ ਜੋ ਕਿ ਸ਼ਾਮ 5 ਵਜੇ ਦੇ ਕਰੀਬ ਦੁਬਾਰਾ ਚਾਲੂ ਹੋਈ। ਬਿਜਲੀ ਕੰਪਨੀ ਨੇ ਕਿਹਾ ਕਿ ਬਲੈਕ ਆਊਟ ਇੱਕ ਭੂਮੀਗਤ ਕੇਬਲ ਦੇ ਨੁਕਸ ਨਾਲ ਸਬੰਧਤ ਸੀ। ਜੋ ਕਿ ਭੰਗ ਦੀ ਕਾਸ਼ਤ ਕਰਕੇ ਪੈਦਾ ਹੋਇਆ ਸੀ। ਪੁਲਿਸ ਵੱਲੋਂ ਭੰਗ ਦੇ ਕਾਸ਼ਤਕਾਰਾਂ ਸੰਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।