ਕੱਚਿਆਂ ਘਰਾਂ ਦੀਆਂ ਸੱਚੀਆਂ ਗੱਲਾਂ,
ਸਾਉਣ ਚੜੇਂਦਾ ਉੱਠ ਦੀਆਂ ਛੱਲਾਂ,
ਲੰਮੇ ਪੈਂਡੇ ਚੀਰ ਕੇ ਕੁੜੀਆਂ, ਵਿੱਚ ਵੱਸੀਆਂ ਆ ਕੇ ਜੀਆਂ ਦੇ ,,
ਪੇਕਿਆਂ ਨੂੰ ਛੁੱਟੀ ਲੈ’ਕੇ,
ਪਿਪਲੀ ਪੀਂਘਾਂ ਕੋਲ਼ ਬਹਿ ਕੇ ,
ਦਿਨ ਚੇਤੇ ਕਰਦੀਆਂ ਤੀਆਂ ਦੇ !
ਨਿਆਣਪੁਣਾ, ਫਿਕਰਾਂ ਤੋਂ ਬਾਂਝੇ,
ਆਪੇ ਹੀਰਾਂ, ਹੁਲਾਰੇ ਰਾਂਝੇ,
ਕਿੰਨੇ ਦਿਨ ਨ੍ਹੀ ਹੋਣੇ ਸੀ ਉਹਨਾਂ ਦਰਸ਼ਨ ਆਪਣਿਆਂ ਮੀਆਂ ਦੇ,,
ਪੇਕਿਆਂ ਨੂੰ ਛੁੱਟੀ ਲੈ’ਕੇ,
ਪਿਪਲੀ ਪੀਂਘਾਂ ਕੋਲ਼ ਬਹਿ ਕੇ ,
ਦਿਨ ਚੇਤੇ ਕਰਦੀਆਂ ਤੀਆਂ ਦੇ !
ਨਿਰੰਤਰ ਜੀਵਨ ਚੱਲ ਰਿਹਾ ਹੈ,
ਦੇਖ ਖਾਂ ਸੂਰਜ ਢਲ਼ ਰਿਹਾ ਹੈ,
ਏਸ ਰੁੱਤੇ ਵਣਜਾਰੇ ਢੁਕਦੇ, ਪੈਲ ਸੀ ਵੇਹਦੇਂ ਮੋਰਨੀਆਂ ਦੇ ,,
ਪੇਕਿਆਂ ਨੂੰ ਛੁੱਟੀ ਲੈ’ਕੇ,
ਪਿਪਲੀ ਪੀਂਘਾਂ ਕੋਲ਼ ਬਹਿ ਕੇ ,
ਦਿਨ ਚੇਤੇ ਕਰਦੀਆਂ ਤੀਆਂ ਦੇ !
ਸਦਾ ਮੋਹ ਦੇ ਦੀਪ ਜਗਾਏ ਬਾਬਲਾ,
ਤੈਂ ਚੰਗੇ ਪਾਠ ਪੜ੍ਹਾਏ ਬਾਬਲਾ,
ਖੁਸ਼ੀਆਂ ਤਾਂ ਆਪੇ ਉੱਗਣ, ਨਹੀਂ ਮਿਲੀਆਂ ਵੱਸ ਪੈ ਕੇ ਸ਼ਨੀਆਂ ਦੇ,,
ਪੇਕਿਆਂ ਨੂੰ ਛੁੱਟੀ ਲੈ’ਕੇ,
ਪਿਪਲੀ ਪੀਂਘਾਂ ਕੋਲ਼ ਬਹਿ ਕੇ ,
ਦਿਨ ਚੇਤੇ ਕਰਦੀਆਂ ਤੀਆਂ ਦੇ !
ਆਪ ਮੁਹਾਰੇ ਖਿਡ਼ੇ ਜੇ ਰਹਿਣਾ,
ਬੋਲੀਆਂ ਦਾ ਬੋਲੀਆਂ ਨਾਲ ਖਹਿਣਾ,
ਕਿੱਕਲੀਆਂ ਦੇ ਜ਼ੋਰ ਦੇ ਮੂਹਰੇ , ਰੁਤਬੇ ਛੋਟੇ ਲੱਗਦੇ ਕਣੀਆਂ ਦੇ,,
ਪੇਕਿਆਂ ਨੂੰ ਛੁੱਟੀ ਲੈ’ਕੇ ,
ਪਿਪਲੀ ਪੀਂਘਾਂ ਕੋਲ਼ ਬਹਿ ਕੇ ,
ਦਿਨ ਚੇਤੇ ਕਰਦੀਆਂ ਤੀਆਂ ਦੇ !
ਮੁੜ ਆਵਣ ਦਿਨ ਵਾਪਸ ਵੇਹੜੇ ,
ਬਸ ਖੁਸ਼ੀਆਂ ਹੋਵਣ ਚਾਰ ਚੁਫ਼ੇਰੇ ,
ਇੱਕੋ ਅਰਜ਼ ਹੀ ਕਰਦੀ ਸਤਿਗੁਰ, ਘਰ ਵਸਦੇ ਰੱਖੀਂ ਧੀਆਂ ਦੇ,,
ਪੇਕਿਆਂ ਨੂੰ ਛੁੱਟੀ ਲੈ’ਕੇ,
ਪਿਪਲੀ ਪੀਂਘਾਂ ਕੋਲ਼ ਬਹਿ ਕੇ ,
ਦਿਨ ਚੇਤੇ ਕਰਦੀਆਂ ਤੀਆਂ ਦੇ !