ਜਲੰਧਰ, (ਅੰਗਰੇਜ ਸਿੰਘ) – ਰਾਜ ਸਰਕਾਰ ਵਲੋਂ ਐਸ.ਐਸ.ਐਸ. ਬੋਰਡ ਰਾਹੀਂ ਪਟਵਾਰੀ ਤੇ ਜ਼ਿਲ੍ਹੇਦਾਰਾ ਦੀ ਕੀਤੀ ਜਾ ਰਹੀ ਭਰਤੀ ਦੀ ਲਿਖਤੀ ਪ੍ਰਕਿਰਿਆ 8 ਅਗਸਤ ਨੂੰ ਸੀ ਜਿਸ ਦੌਰਾਨ ਅੱਜ ਜਲੰਧਰ ਵਿਖੇ ਕੁਝ ਪ੍ਰੀਖਿਆਵਾਂ ਕੇਂਦਰਾਂ ਵਿਚ ਟੈਸਟ ਦੇਣ ਪੁੱਜੇ ਨੌਜਵਾਨਾਂ ਨੂੰ ਆਪਣਾ ਕੜ੍ਹਾ ਉਤਾਰਨ ਲਈ ਕਿਹਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਵੇਲ ਸਿੰਘ ਅਤੇ ਅੰਗਰੇਜ ਸਿੰਘ ਵਾਸੀਅਨ ਬੰਡਾਲਾ ਨੇ ਦੱਸਿਆ ਕਿ ਜਦੋਂ ਅਸੀਂ ਪਟਵਾਰੀ ਦੀ ਭਰਤੀ ਸਬੰਧੀ ਲਿਖਤੀ ਪ੍ਰੀਖਿਆ ਦੇਣ ਲਈ ਜਲੰਧਰ ਵਿਖੇ ਆਪਣੇ ਆਏ ਹੋਏ ਸੈਂਟਰ ਵਿਚ ਪੁੱਜੇ ਤਾਂ ਉਥੇ ਮੌਜੂਦ ਸਟਾਫ ਵਲੋਂ ਆਪਣਾ ਕੜ੍ਹਾ ਉਤਾਰਨ ਲਈ ਕਿਹਾ ਗਿਆ ਜਿਸ ਦਾ ਅਸੀਂ ਸਖਤ ਵਿਰੋਧ ਕੀਤਾ । ਗੁਰਵੇਲ ਸਿੰਘ ਨੇ ਦੱਸਿਆ ਕਿ ਮੇਰੀ ਕੜ੍ਹਾ ਉਤਾਰਨ ਵਾਲੀ ਮੈਡਮ ਨਾਲ ਚੰਗੀ ਬਹਿਸ ਹੋ ਗਈ ਤੇ ਫਿਰ ਉਹ ਚੁੱਪ ਕਰ ਗਈ । ਅੰਗਰੇਜ ਸਿੰਘ ਨੇ ਦੱਸਿਆ ਕਿ ਮੈਂ ਕੜ੍ਹਾ ਉਤਾਰਨ ਨੂੰ ਕਹਿਣ ਵਾਲੇ ਮੌਜੂਦ ਅਧਿਕਾਰੀ ਨੂੰ ਬੇਨਤੀ ਕੀਤੀ ਕਿ ਮੈਂ ਅੰਮ੍ਰਿਤਧਾਰੀ ਹਾਂ ਅਤੇ ਕਿਸੇ ਵੀ ਕੀਮਤ ਤੇ ਕੜ੍ਹਾ ਨਹੀਂ ਉਤਾਰਾਨਾ ਭਾਵੇਂ ਮੇਰੀ ਲਿਖਤੀ ਪ੍ਰੀਖਿਆ ਰੱਦ ਕਰ ਦਿੱਤੀ ਜਾਵੇ ਤੇ ਫਿਰ ਉਨ੍ਹਾਂ ਅਧਿਕਾਰੀਆਂ ਨੇ ਕਿਹਾ ਕਿ ਕੜ੍ਹੇ ੳੇੁੱਤੇ ਟੇਪ ਕੀਤੀ ਜਾਵੇ । ਉਨ੍ਹਾਂ ਦੱਸਿਆ ਕਿ ਉਥੇ ਸਟਾਫ ਵਲੋਂ ਰੱਖੀ ਗਈ ਟੇਪ ਨਾਲ ਆਪਣੇ ਕੜ੍ਹੇ ਨੂੰ ਢੱਕਿਆ ਤੇ ਪ੍ਰੀਖਿਆਂ ਕੇਂਦਰ ਦੇ ਕਮਰੇ ਅੰਦਰ ਦਾਖਲ ਹੋਇਆ ।
ਇਸ ਤੋਂ ਅੱਗੇ ਅੰਗਰੇਜ ਸਿੰਘ ਨੇ ਦੱਸਿਆ ਕਿ ਕੜਾ ਗੁਰੂ ਵੱਲੋਂ ਮਿਲੀ ਪ੍ਰੇਮ ਨਿਸ਼ਾਨੀ ਹੈ ਜੋ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨ ਦਾ ਪ੍ਰਤੀਕ ਹੈ। ਇਹ ਮਨੁੱਖੀ ਜੀਵ ਦਾ ਪ੍ਰਮਾਤਮਾ ਪ੍ਰਤੀ ਸਿਦਕਮਈ ਪ੍ਰੀਤ ਨੂੰ ਪ੍ਰਗਟਾਉਂਦਾ ਹੈ।ਕੜਾ ਗੁਰਸਿੱਖ ਦੁਆਰਾ ਕੀਤੀ ਜਾਣ ਵਾਲੀ ਕਿਰਤ ਨੂੰ ਅਨੁਸ਼ਾਸਨ ਵਿਚ ਰੱਖ ਕੇ ਮਜ਼ਬੂਤੀ ਪ੍ਰਦਾਨ ਕਰਦਾ ਹੈ। ਕੜੇ ਦੇ ਅਰਥ, ਜੰਗ ਦੇ ਮੈਦਾਨ ਵਿਚ ਵਾਰ ਨੂੰ ਰੋਕਣ ਵਾਲੇ ਰੱਖਿਅਕ ਦੇ ਰੂਪ ਵਿਚ ਵੀ ਲਏ ਜਾਂਦੇ ਹਨ। ਹਰ ਸਿੱਖ ਅੰਮ੍ਰਿਤਪਾਨ ਚਾਹੇ ਨਾ ਕਰੇ ਪਰ ਉਸ ਦੇ ਹੱਥ ਵਿਚ ਕੜ੍ਹਾ ਪਹਿਨਿਆ ਹੋਇਆ ਜ਼ਰੂਰ ਨਜ਼ਰ ਪੈਂਦਾ ਹੈ। ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੇ ਹੱਥ ਖਾਲੀ ਵਿਖਾਈ ਨਹੀਂ ਦਿੰਦੇ। ਦਸਮ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੋਹੇ ਦਾ ਕੜਾ ਪਾਉਣ ਦਾ ਹੁਕਮ ਕੀਤਾ ਗਿਆ ਹੈ ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਿੱਖਾਂ ਦੀ ਸੰਘਣੀ ਅਬਾਦੀ ਵਾਲਾ ਸੂਬਾ ਹੈ ਅਤੇ ਸੂਬਾ ਮੁੱਖ ਮੰਤਰੀ ਵੀ ਸਿੱਖ ਹੈ ਤੇ ਉਨ੍ਹਾਂ ਦੇ ਰਾਜ ਵਿਚ ਅਜਿਹੀ ਘਟਨਾ ਵਾਪਰਨੀ ਨਿੰਦਾਯੋਗ ਹੈ ਅਤੇ ਆਉਣ ਵਾਲੇ ਸਮੇਂ ਵਿਚ ਏਹੋ ਜਿਹੀ ਘਟਨਾ ਨਾ ਵਾਪਰੇ ਇਸ ਸਬੰਧੀ ਸਾਰੇ ਸਬੰਧਿਤ ਵਿਭਾਗਾਂ ਨੂੰ ਸਖਤ ਆਦੇਸ਼ ਦੇਣੇ ਚਾਹੀਦੇ ਹਨ ਤੇ ਅਗਲੇ ਸਮੇਂ ਵਿਚ ਹੋਣ ਵਾਲੀਆਂ ਭਰਤੀ ਦੀ ਪ੍ਰੀਖਿਆਂ ਲੈਣ ਅਧਿਕਾਰੀਆਂ ਨੂੰ ਸਿੱਖੀ ਦੇ ਕਰਾਰਾਂ ਦੀ ਮਹੱਤਤਾ ਸਮਝਣੀ ਜ਼ਰੂਰੀ ਹੋਵੇ ।
ਇਸ ਸਬੰਧੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖਾਂ ਦੇ ਸਰਵ ਉੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਏਹੋ ਜਿਹੀਆਂ ਘਟਨਾਂ ਵਾਪਰਨ ਤੇ ਰੋਕ ਲਵਾਉਣ ਸਬੰਧੀ ਸਰਕਾਰ ਨਾਲ ਤਾਲਮੇਲ ਕਰਨ ਦੀ ਲੋੜ ਹੈ । ਪੰਜਾਬ ਤੋਂ ਬਾਹਰ ਤਾਂ ਘਟਨਾ ਵਾਪਰਨੀਆਂ ਸੁਣਨ ਵਿਚ ਆਉਂਦੀਆਂ ਸਨ ਪਰ ਅੱਜ ਆਪਣੇ ਸੂਬੇ ਵਿਚ ਹੀ ਸਾਹਮਣੇ ਆਈ ਹੈ ।