ਸਰੀ, (ਹਰਦਮ ਮਾਨ) – ਪੰਜਾਬ ਭਵਨ ਸਰੀ ਅਤੇ ਥੈਸਪਿਸ ਆਰਟਸ ਕਲੱਬ ਸਰੀ ਵੱਲੋ ਉਘੇ ਪੱਤਰਕਾਰ, ਲੇਖਕ ਬਖਸ਼ਿੰਦਰ ਦੇ ਨਵ ਪ੍ਰਕਾਸ਼ਿਤ ਨਾਵਲ ”ਵਿਗੜੀ ਹੋਈ ਕੁੜੀ” ਉਪਰ ਵਿਚਾਰ ਚਰਚਾ ਕਰਵਾਈ ਗਈ। ਇਸ ਨਾਵਲ ਉਪਰ ਡਾ. ਪਰਮਵੀਰ ਸਿੰਘ, ਪ੍ਰੋ. ਗੁਰਬਾਜ ਸਿੰਘ ਬਰਾੜ ਅਤੇ ਮੀਰਾ ਗਿੱਲ ਨੇ ਪਰਚੇ ਪੜ੍ਹੇ। ਆਪਣੇ ਪਰਚਿਆਂ ਵਿਚ ਇਨ੍ਹਾਂ ਆਲੋਚਕਾਂ ਨੇ ਨਾਵਲ ਦੀ ਕਹਾਣੀ, ਪਿੱਠ ਭੂਮੀ, ਬੁਣਤ ਤੇ ਬਣਤਰ ਤੋਂ ਇਲਾਵਾ ਰਚਨਾ ਨੂੰ ਸਾਹਿਤਕ ਕਸਵੱਟੀ ਉਪਰ ਪਰਖਦਿਆਂ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ।
ਵਿਦਵਾਨਾਂ ਦੇ ਪਰਚਿਆਂ ਉਪਰੰਤ ਚਰਚਾ ਕਰਦਿਆਂ ਡਾ. ਸਾਧੂ ਸਿੰਘ ਤੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਜਿਥੇ ਲੇਖਕ ਨੂੰ ਦਬੰਗ ਰਚਨਾ ਲਈ ਵਧਾਈ ਦਿੱਤੀ, ਉਥੇ ਰਚਨਾ ਦੀਆਂ ਸਾਹਿਤਕ ਤਰੁੱਟੀਆਂ ਉਪਰ ਉਂਗਲ ਧਰਦਿਆਂ ਕੁਝ ਸੁਝਾਅ ਵੀ ਦਿੱਤੇ। ਜ਼ਿਕਰਯੋਗ ਹੈ ਕਿ ਬਖਸ਼ਿੰਦਰ ਵੱਲੋਂ ਇਹ ਨਾਵਲ ਪੋਰਨ ਸਟਾਰ ਸੰਨੀ ਲਿਓਨ ਦੇ ਜੀਵਨ ਨੂੰ ਆਧਾਰ ਬਣਾ ਕੇ ਲਿਖਿਆ ਗਿਆ ਹੈ।
ਵਿਚਾਰ ਚਰਚਾ ਦਾ ਮੰਚ ਸੰਚਾਲਨ ਰੇਡੀਓ ਤੇ ਟੀਵੀ ਹੋਸਟ ਡਾ. ਜਸ ਮਲਕੀਤ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਵਲ ਦੇ ਲੇਖਕ ਬਖਸ਼ਿੰਦਰ, ਕਵਿੰਦਰ ਚਾਂਦ, ਜਰਨੈਲ ਸਿੰਘ ਆਰਟਿਸਟ, ਮੋਹਨ ਗਿੱਲ, ਅੰਮ੍ਰਿਤ ਦੀਵਾਨਾ, ਗੁਰਮੀਤ ਸਿੱਧੂ, ਕੇਸਰ ਸਿੰਘ ਕੂਨਰ, ਇੰਦਰਜੀਤ ਧਾਮੀ, ਅਮਰੀਕ ਪਲਾਹੀ, ਮੀਨੂ ਬਾਵਾ, ਕਮਲਜੀਤ, ਬਿੰਦੂ ਮਠਾੜੂ ਸਨ। ਥੈਸਪਿਸ ਆਰਟਸ ਕਲੱਬ ਦੇ ਮੁਖ ਕਰਮੀ ਜਸਕਰਨ ਸਹੋਤਾ ਨੇ ਆਏ ਵਿਦਵਾਨਾਂ, ਲੇਖਕਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।