ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦਾ ਇੰਸਟੀਚਿਊਟ ਆਫ਼ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਜਿੱਥੇ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਜ਼ਰੀਏ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਉਣ ’ਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ ਉਥੇ ਹੀ ਵੱਖ-ਵੱਖ ਗਤੀਵਿਧੀਆਂ ਦੇ ਮਾਧਿਅਮ ਰਾਹੀਂ ਚਰਚਾ ਵਿੱਚ ਰਹਿੰਦਾ ਹੈ। ਬੀਤੇ ਦਿਨੀ ਵਿਭਾਗ ਵੱਲੋਂ ਇੱਕ ਵਿਸ਼ਾਲ ਕੂਕਿੰਗ ਸੈਸ਼ਨ ਦਾ ਆਯੋਜਨ ਕਰਵਾਇਆ ਗਿਆ। ਸੈਸ਼ਨ ’ਚ ਵਿਭਾਗ ਦੀ ਫੈਕਲਟੀ ਅਤੇ ਬੀ.ਐਸਈ ਐਚ.ਐਚ.ਐਮ ਦੇ ਵਿਦਿਆਰਥੀਆਂ ਨੇ ਆਪਣੇ ਕੂਕਿੰਗ ਹੁਨਰ ਦੇ ਜਲਵੇ ਵਿਖਾਉਂਦਿਆਂ ਇੱਕੋ ਸਮੇਂ 195 ਦੇਸ਼ਾਂ ਦੇ ‘ਡੈਜ਼ਰਟ’ ਬਣਾ ਕੇ ‘ਲਿਮਕਾ ਬੁੱਕ ਆਫ਼ ਰਿਕਾਰਡ’ ’ਚ ਨਾਮ ਦਰਜ ਕਰਵਾਉਣ ਲਈ ਨਿਵੇਕਲੀ ਅਤੇ ਸ਼ਾਨਦਾਰ ਕੋਸ਼ਿਸ਼ ਕੀਤੀ। ਕੂਕਿੰਗ ਸੈਸ਼ਨ ਦੌਰਾਨ 20 ਦੇ ਕਰੀਬ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਵੱਲੋਂ ਵੱਖ-ਵੱਖ ਦੇਸ਼ਾਂ ਦੇ ਪ੍ਰਸਿੱਧ ਡੈਜ਼ਰਟ (ਖਾਣੇ ਤੋਂ ਬਾਅਦ ਖਾਇਆ ਜਾਣ ਵਾਲਾ ਮਿੱਠਾ ਪਕਵਾਨ) ਤਿਆਰ ਕਰਦਿਆਂ ਵਿਭਾਗ ਦੀ ਟੀਮ ਨੇ ਰਚਨਾਤਮਕਤਾ ਦਾ ਨਮੂਨਾ ਪੇਸ਼ ਕੀਤਾ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ ਬਾਵਾ ਵੱਲੋਂ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ।
ਡਾ. ਬਾਵਾ ਨੇ ਕਿਹਾ ਕਿ ’ਵਰਸਿਟੀ ਦੇ ਇੰਸਟੀਚਿਊਟ ਆਫ਼ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਦੀ ਫੈਕਲਟੀ ਅਤੇ ਵਿਦਿਆਰਥੀਆਂ ਦਾ ਇਹ ਮਾਅਰਕਾ ਆਪਣੇ ਆਪ ’ਚ ਨਿਵੇਕਲਾ ਰਿਕਾਰਡ ਹੈ, ਜਿਸ ਨੂੰ ਲਿਮਕਾ ਬੁੱਕ ਆਫ਼ ਰਿਕਾਰਡ ਦੇ ਅਗਲੇ ਅਡੀਸ਼ਨ ਵਿੱਚ ਸ਼ਾਮਲ ਕਰਵਾਉਣ ਲਈ ਸਬੰਧਿਤ ਵਿਭਾਗ ਕੋਲ ਭੇਜਿਆ ਗਿਆ ਹੈ। ਸੈਸ਼ਨ ਦੌਰਾਨ ਜੱਜਾਂ ਦੀ ਭੂਮਿਕਾ ਆਬਕਾਰੀ ਅਤੇ ਕਰ ਅਧਿਕਾਰੀ (ਈ.ਟੀ.ਓ) ਲੁਧਿਆਣਾ ਗੁਰਦੀਪ ਸਿੰਘ ਅਤੇ ਸਟੇਟ ਟੈਕਸ ਅਫ਼ਸਰ ਲੁਧਿਆਣਾ ਜਸਬੀਰ ਸਿੰਘ ਮਿਨਹਾਸ ਨੇ ਨਿਭਾਈ।ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਵਿਦਿਆਰਥੀਆਂ ’ਚ ਵਿਸ਼ਵਵਿਆਪੀ ਪੱਧਰ ਦੇ ਕੂਕਿੰਗ ਸਕਿੱਲ ਪੈਦਾ ਕਰਨ ਲਈ ਸਮੇਂ-ਸਮੇਂ ’ਤੇ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰਵਾਇਆ ਜਾਂਦਾ ਹੈ।ਡਾ. ਬਾਵਾ ਨੇ ਦੱਸਿਆ ਕਿ ਟੀਮ ਵੱਲੋਂ ਭਾਰਤ ਦੇ ਪ੍ਰਸਿੱਧ ਮਿੱਠੇ ਪਕਵਾਨ ਰਸ-ਮਲਾਈ ਤੋਂ ਕੂਕਿੰਗ ਦੀ ਸ਼ੁਰੂਆਤ ਕਰਦਿਆਂ ਇੱਕੋ ਸਮੇਂ ’ਤੇ 195 ਦੇਸ਼ਾਂ ਤੋਂ ਇੱਕ ਡੈਜ਼ਰਟ ਤਿਆਰ ਕੀਤਾ ਗਿਆ, ਜਿਸ ’ਚ ਫ਼ਰਾਂਸ ਦਾ ‘ਕਰੀਮੀ ਬਰੂਲੀ’, ਬ੍ਰਾਜ਼ੀਲ ਦਾ ਕੋਕਾਡਸ, ਗ੍ਰੀਸ ਤੋਂ ‘ਰਿਵਾਨੀ’, ਬੈਨੀਨ ਤੋਂ ‘ਮਾਸਾ’, ਤੁਰਕੀ ਦੀ ‘ਬਰੁਨੀ ਪੋਟੈਰੀ’, ਸੁਡਾਨ ਤੋਂ ਕਰੀਮੀ ਕਾਰਾਮੇਲਾ, ਭੂਟਾਨ ਤੋਂ ‘ਕੋਕੋਨਟ ਫਲੈਨ’, ਬਹਿਰੀਨ ਤੋਂ ਮਾਮੂਲ੍ਹ, ਕੂਬਾ ਤੋਂ ਫਲੈਨ, ਕੂਵੈਤ ਤੋਂ ‘ਕਾਰਡਾਮੌਮ ਸੈਫ਼ਰਨ ਕੇਕ ਅਤੇ ਗਾਨਾ ਦਾ ਪ੍ਰਸਿੱਧ ਡੈਜ਼ਰਨ ‘ਪੀਨਟ ਬ੍ਰੀਟਲ’ ਆਦਿ ਮੁੱਖ ਤੌਰ ’ਤੇ ਸ਼ਾਮਲ ਸੀ।
ਡਾ. ਬਾਵਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਿਕ ਕੁਸ਼ਲਤਾ ਪ੍ਰਦਰਸ਼ਿਤ ਕਰਨ ਲਈ ਢੁੱਕਵੇਂ ਮੰਚ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਲਈ ਤਜ਼ਰਬੇ ਅਤੇ ਗਿਆਨ ’ਚ ਵਾਧਾ ਕਰਨ ਲਈ ਮਹਾਨ ਸਰੋਤ ਸਾਬਿਤ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਵਿਭਾਗ ਦੇ ਵਿਦਿਆਰਥੀਆਂ ਅਤੇ ਫੈਕਲਟੀ ਵੱਲੋਂ ਮਿਲ ਕੇ ਦੇਸ਼ ਦੀ ਵਿਭਿੰਨਤਾ ਅਤੇ ਅਖੰਡਤਾ ਨੂੰ ਸਮਰਪਿਤਕ ਕਰਦਿਆਂ 720 ਤਰ੍ਹਾਂ ਦੇ ਰਸਗੁੱਲੇ ਤਿਆਰ ਕਰਕੇ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿੱਚ ਨਾਮ ਦਰਜ ਕਰਵਾਉਣ ਦਾ ਮਾਣ ਹਾਸਲ ਕੀਤਾ ਹੈ। ਇਸ ਤੋਂ ਇਲਾਵਾ 3 ਘੰਟੇ ’ਚ 362 ਤਰ੍ਹਾਂ ਦੀਆਂ ਚਟਣੀਆਂ ਬਣਾਉਣ ਦਾ ਰਿਕਾਰਡ ਵੀ ਚੰਡੀਗੜ੍ਹ ਯੂਨੀਵਰਸਿਟੀ ਹਿੱਸੇ ਆਇਆ ਹੈ, ਜੋ ਲਿਮਕਾ ਬੁੱਕ ਆਫ਼ ਰਿਕਾਰਡ ’ਚ ਦਰਜ ਹੈ। ਉਨ੍ਹਾਂ ਕਿਹਾ ਕਿ ’ਵਰਸਿਟੀ ਦੇ ਉਦੇਸ਼ ਵਿਦਿਆਰਥੀਆਂ ਨੂੰ ਨਾ ਕੇਵਲ ਕਿਤਾਬੀ ਗਿਆਨ ਤੱਕ ਸੀਮਤ ਰੱਖਣਾ ਹੈ ਬਲਕਿ ਅਜਿਹੀਆਂ ਗਤੀਵਿਧੀਆਂ ਅਤੇ ਮੰਚਾਂ ਦੇ ਮਾਧਿਅਮ ਰਾਹੀਂ ਵਿਸ਼ਵ ਪੱਧਰੀ ਮੁਕਾਬਲਿਆਂ ਦੇ ਹਾਣੀ ਬਣਾਉਣਾ ਹੈ।