ਨਵੀਂ ਦਿੱਲੀ – ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਿਸਾਨਾਂ ਦੇ ਹੱਕ ਵਿੱਚ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਭਵਨ ਤੋਂ ਵਿਜੈ ਚੌਂਕ ਤੱਕ ਮਾਰਚ ਕੀਤਾ ਗਿਆ। ਅੋਪੋਜੀਸ਼ਨ ਦਾ ਕਹਿਣਾ ਹੈ ਕਿ ਸੰਸਦ ਵਿੱਚ ਵਿਰੋਧੀ ਦਲਾਂ ਦੀ ਆਵਾਜ਼ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਮਾਰਚ ਕੱਢਣ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਬੈਠਕ ਕੀਤੀ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਅਸਾਂ ਸਰਕਾਰ ਤੋਂ ਪੇਗਾਸਸ ਤੇ ਬਹਿਸ ਕਰਨ ਲਈ ਕਿਹਾ ਪਰ ਸਰਕਾਰ ਨੇ ਪੇਗਾਸਸ ਤੇ ਬਹਿਸ ਕਰਨ ਤੋਂ ਮਨ੍ਹਾਂ ਕਰ ਦਿੱਤਾ। ਅਸਾਂ ਸੰਸਦ ਦੇ ਬਾਹਰ ਕਿਸਾਨਾਂ ਦਾ ਮੁੱਦਾ ਉਠਾਇਆ ਅਤੇ ਅੱਜ ਅਸੀਂ ਆਪ ਦੇ ਨਾਲ ਗੱਲ ਕਰਨ ਆਏ ਹਾਂ ਕਿਉਂਕਿ ਸਾਨੂੰ ਸੰਸਦ ਦੇ ਅੰਦਰ ਬੋਲਣ ਨਹੀਂ ਦਿੱਤਾ ਜਾ ਰਿਹਾ। ਇਹ ਦੇਸ਼ ਦੇ ਲੋਕਤੰਤਰ ਦੀ ਹੱਤਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਸਦ ਵਿੱਚ ਦੇਸ਼ ਦੇ 60 ਫੀਸਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਗਿਆ ਹੈ।
ਰਾਸ਼ਟਰਵਾਦੀ ਕਾਂਗਰਸ ਦੇ ਪ੍ਰਮੁੱਖ ਸ਼ਰਦ ਪਵਾਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ 55 ਸਾਲ ਦੀ ਸੰਸਦੀ ਰਾਜਨੀਤੀ ਵਿੱਚ ਅਜਿਹੀ ਸਥਿਤੀ ਕਦੇ ਨਹੀਂ ਵੇਖੀ। ਸੰਸਦ ਦੇ ਅੰਦਰ ਮਹਿਲਾਂ ਸੰਸਦ ਮੈਂਬਰਾਂ ਤੇ ਹਮਲਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਾਂਸਦਾਂ ਨੂੰ ਕੰਟਰੋਲ ਕਰਨ ਲਈ 40 ਤੋਂ ਵੱਧ ਵਿਅਕਤੀਆਂ ਨੂੰ ਬਾਹਰ ਤੋਂ ਸਦਨ ਵਿੱਚ ਲਿਆਂਦਾ ਗਿਆ। ਇਹ ਬਹੁਤ ਹੀ ਦੁੱਖੀ ਕਰਨ ਵਾਲਾ ਹੈ ਅਤੇ ਇੱਕ ਤਰ੍ਹਾਂ ਨਾਲ ਅੋਪੋਜੀਸ਼ਨ ਤੇ ਹਮਲਾ ਹੈ।