ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਵਿੱਚ ਸਫਾਈ ਕਰਮਚਾਰੀਆਂ ਨੂੰ ਆਪਣੇ ਕੰਮ ਦੌਰਾਨ ਚੂਹਿਆਂ ਦੇ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਚੂਹਿਆਂ ਦੁਆਰਾ ਹੁੰਦੇ ਹਮਲਿਆਂ ਕਾਰਨ ਗਲਾਸਗੋ ਵਿਚ ਸਫਾਈ ਕਰਮਚਾਰੀ ਹੜਤਾਲ ‘ਤੇ ਜਾ ਸਕਦੇ ਹਨ। ਇਸ ਸਬੰਧੀ ਸ਼ਹਿਰ ਦੇ ਤੀਜੇ ਸਫਾਈ ਕਰਮਚਾਰੀ ਨੇ ਸਫਾਈ ਦੌਰਾਨ ਆਪਣੇ ਉੱਪਰ ਬਿਨ ਵਿੱਚੋਂ ਚੂਹੇ ਦੁਆਰਾ ਹਮਲਾ ਕੀਤੇ ਜਾਣ ਦੀ ਰਿਪੋਰਟ ਕੀਤੀ ਸੀ। ਇਹ ਸਫਾਈ ਕਰਮਚਾਰੀ ਪਿਛਲੇ ਮਹੀਨੇ ਇੱਕ ਵੱਡੇ ਚੂਹੇ ਦੁਆਰਾ ਹਮਲਾ ਕੀਤੇ ਜਾਣ ਤੋਂ ਪਹਿਲਾਂ ਈਸਟ ਐਂਡ ਦੀ ਡਿਊਕ ਸਟ੍ਰੀਟ ‘ਚ ਆਪਣੀ ਡਿਟੀ ਨਿਭਾ ਰਿਹਾ ਸੀ। ਇਸ ਦੌਰਾਨ ਹਮਲੇ ਦੇ ਬਾਅਦ ਉਸਨੂੰ ਤੇਜ਼ੀ ਨਾਲ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਨੌਂ ਦਿਨ ਬਾਅਦ ਹੀ ਡੈਨਿਸ ਟਾਊਨ ਵਿੱਚ ਅਲੈਕਜ਼ੈਂਡਰਾ ਪਰੇਡ ਵਿੱਚ ਇੱਕ ਹੋਰ ਵਿਅਕਤੀ ਨੂੰ ਚੂਹੇ ਨੇ ਘੇਰ ਲਿਆ ਸੀ। ਇਸਦੇ ਇਲਾਵਾ ਜਨਵਰੀ ਵਿੱਚ ਵੀ ਡਰੱਮਚੇਪਲ ਵਿੱਚ ਵੀ ਸਫਾਈ ਕਰਦੇ ਹੋਏ ਇੱਕ ਹੋਰ ਬਿਨਮੈਨ ਨੂੰ ਚੂਹੇ ਦੁਆਰਾ ਹਮਲਾ ਕੀਤੇ ਜਾਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ। ਸਕਾਟਲੈਂਡ ਵਿੱਚ ਸਫਾਈ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਜੀ ਐੱਮ ਬੀ ਯੂਨੀਅਨ ਦੁਆਰਾ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੇ ਕੰਮ ਦੇ ਹਾਲਾਤ ਨਾ ਸੁਧਰੇ ਤਾਂ ਕਰਮਚਾਰੀਆਂ ਦੁਆਰਾ ਹੜਤਾਲ ਆਦਿ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਇੱਕ ਬਿਨਮੈਨ ਦੇ ਅਨੁਸਾਰ ਉਸਦੇ ਕੰਮ ਕਰਨ ਦੌਰਾਨ ਇੱਕ ਚੂਹੇ ਨੇ ਉਸ ‘ਤੇ ਹਮਲਾ ਕੀਤਾ ਜੋ ਕਿ ਤਕਰੀਬਨ 1 ਫੁੱਟ ਲੰਬਾ ਸੀ। ਯੂਨੀਅਨ ਦੇ ਅਧਿਕਾਰੀਆਂ ਅਨੁਸਾਰ ਚੂਹਿਆਂ ਦੀ ਆਬਾਦੀ ਵਧ ਰਹੀ ਹੈ ਅਤੇ ਹੁਣ ਰੋਜ਼ਾਨਾ ਦੇ ਅਧਾਰ ‘ਤੇ ਕਰਮਚਾਰੀਆਂ ਉੱਤੇ ਹਮਲੇ ਹੋ ਰਹੇ ਹਨ । ਪਰ, ਕੌਂਸਲ ਅਜੇ ਵੀ ਇਸ ਗੱਲ ਤੋਂ ਇਨਕਾਰ ਕਰਦੀ ਹੈ ਕਿ ਇਸ ਪ੍ਰਕਾਰ ਦੀ ਕੋਈ ਸਮੱਸਿਆ ਹੈ ਅਤੇ ਗਲਾਸਗੋ ਸਿਟੀ ਕੌਂਸਲ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹਿਰ ਵਿੱਚ ਚੂਹਿਆਂ ਦੇ ਹਮਲੇ ਬਹੁਤ ਹੀ ਘੱਟ ਹਨ।