ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੀ ਪ੍ਰਸਿੱਧ ਹਸਤੀ ਕਪਤਾਨ ਟੌਮ ਮੂਰ ਨੇ ਆਪਣੇ ਯਤਨਾਂ ਸਦਕਾ ਕੋਰੋਨਾ ਮਹਾਂਮਾਰੀ ਦੌਰਾਨ ਲੱਖਾਂ ਪੌਂਡ ਇਕੱਠੇ ਕਰਕੇ ਐਨ ਐਚ ਐਸ ਨੂੰ ਦਾਨ ਕੀਤੇ ਸਨ। ਉਹਨਾਂ ਦਾ ਪਰਿਵਾਰ ਵੀ ਮੂਰ ਦੀ ਮੌਤ ਦੇ ਬਾਅਦ ਉਹਨਾਂ ਦੇ ਰਾਹ ‘ਤੇ ਚੱਲ ਰਿਹਾ ਹੈ। ਇਸ ਲੋਕ ਭਲਾਈ ਦੇ ਮਾਰਗ ‘ਤੇ ਚਲਦਿਆਂ ਕੈਪਟਨ ਸਰ ਟੌਮ ਮੂਰ ਦੇ ਪਰਿਵਾਰ ਨੇ ਇੱਕ ਹਾਸਪੀਸ (ਬਿਮਾਰ ਬੱਚਿਆਂ ਲਈ) ਬਾਗ ਖੋਲ੍ਹਿਆ ਹੈ। ਆਕਸਫੋਰਡ ਦੇ ਹੈਲਨ ਐਂਡ ਡਗਲਸ ਹਾਊਸ ਵਿਖੇ ਇਹ ਨਵਾਂ ਬਾਗ ਬੁੱਧਵਾਰ ਨੂੰ ਕੈਪਟਨ ਟੌਮ ਫਾਊਂਡੇਸ਼ਨ ਦੁਆਰਾ ਦਾਨ ਦੇਣ ਤੋਂ ਬਾਅਦ ਖੋਲ੍ਹਿਆ ਗਿਆ। ਇਹ ਬਾਗ ਬਿਮਾਰ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਬਿਹਤਰ ਜਗ੍ਹਾ ਪ੍ਰਦਾਨ ਕਰੇਗਾ। ਇਸ ਬਾਗ ਨੂੰ ਬਨਾਉਣ ਦਾ ਕੰਮ ਜੂਨ ਤੱਕ ਤਕਰੀਬਨ ਚਾਰ ਮਹੀਨਿਆਂ ਵਿੱਚ ਪੂਰਾ ਹੋਇਆ। ਇਸ ਲਈ ਬਹੁਤ ਸਾਰੇ ਲੋਕਾਂ ਨੇ ਮੁਫਤ ਸੇਵਾ ਵੀ ਕੀਤੀ।
ਇਸ ਸਾਲ 2 ਫਰਵਰੀ ਨੂੰ ਮੂਰ ਦੀ ਮੌਤ ਤੋਂ ਪਹਿਲਾਂ, ਉਸਨੇ ਅਤੇ ਉਸਦੇ ਪਰਿਵਾਰ ਨੇ ਕੈਪਟਨ ਟੌਮ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਸੀ। ਕੈਪਟਨ ਮੂਰ ਧੀ ਹੰਨਾਹ ਇੰਗਰਾਮ-ਮੂਰ ਨੇ ਕਿਹਾ ਕਿ ਇਹ ਫਾਊਂਡੇਸ਼ਨ ਮਈ 2020 ਵਿੱਚ ਬਣਾਈ ਗਈ ਸੀ ਅਤੇ ਸਤੰਬਰ ਵਿੱਚ ਸ਼ੁਰੂ ਕੀਤੀ ਗਈ, ਜਿਸਨੇ ਇਸ ਬਾਗ ਦੇ ਨਿਰਮਾਣ ਵਿੱਚ ਸਹਾਇਤਾ ਕੀਤੀ। ਇਸ ਬਾਗ ਵਿੱਚ ਪਾਣੀ, ਇੱਕ ਵ੍ਹੀਲਚੇਅਰ ਸਵਿੰਗ, ਇੱਕ ਬੁਲਬੁਲਾ ਮਸ਼ੀਨ ਅਤੇ ਪਰਿਵਾਰਾਂ ਲਈ ਇਕੱਠੇ ਸਮੇਂ ਬਿਤਾਉਣ ਲਈ ਕਵਰ ਕੀਤੇ ਖੇਤਰ ਹਨ।