1947 ਭਾਰਤ – ਪਾਕ ਬੰਟਵਾਰੇ ਦੇ ਸਮੇਂ ਭਾਰਤ – ਪਾਕ ਦੇ ਨਾਲ ਨਾਲ ਪੰਜਾਬ ਵੀ ਦੋ ਹਿਸਿਆਂ ਵਿੱਚ ਵੰਡਿਆ ਗਿਆ ਪੱਛਮ ਪੰਜਾਬ ਪਾਕਿਸਤਾਨ ਦਾ ਅਤੇ ਪੂਰਵੀ ਪਾਕਿਸਤਾਨ ਭਾਰਤ ਦਾ ਹਿੱਸਾ ਬੰਨ ਗਿਆ ਜਿਆਦਾਤਰ ਆਰਟਿਸਟ ਅਤੇ ਡਾਇਰੇਕਟਰ ਮੁਸਲਮਾਨ ਹੋਣ ਦੇ ਕਾਰਨ ਪਾਕਿਸਤਾਨ ਚਲੇ ਗਏ ਜਿਨ੍ਹਾਂ ਵਿੱਚ ਪਹਿਲੀ ਪੰਜਾਬੀ ਫਿਲਮ ਐਕਟਰੈਸ ਨੂਰਜਹਾਂ ਵੀ ਇੱਕ ਸੀ। ਪਾਕਿਸਤਾਨ ਵਿੱਚ ਇੱਕ ਵੱਖ ਫਿਲਮ ਇੰਡਸਟਰੀ “ਲੋਲੀਵੁਡ” ਲਾਹੌਰ ਦੀ ਸਥਾਪਨਾ ਕਰ ਲਈ ਗਈ , ਜਦੋਂ ਕਿ ਭਾਰਤੀ ਪੰਜਾਬੀ ਸਿਨੇਮਾ ਪਛੜ ਗਿਆ । ਇਸਨੂੰ ਸਹਾਰਾ ਮਿਲਿਆ ਫਿਲਮ ਸਤਲੁਜ ਦੇ ਕੰਡੇ ( ਇਹ ਫਿਲਮ 1964 ਵਿੱਚ ਰਿਲਿਜ ਕੀਤੀ ਗਈ ਸੀ ਇਸ ਦੇ ਨਿਰਮਾਤਾ ਐਮ . ਐਮ. ਬਿਲੂ ਸਨ , ਬਲਰਾਜ ਸਾਹਿਨੀ ਅਤੇ ਨਿਸ਼ੀ ਮੁੱਖ ਅਭਿਨੇਤਾ ਅਭਿਨੇਤਰੀ ਸਨ ਫਿਲਮ ਦਾ ਮਿਊਜਿਕ ਹੰਸਰਾਜ ਬਹਿਲ ਨੇ ਦਿੱਤਾ ਸੀ ) ਤੋਂ ਜੋ ਪਹਿਲੀ ਪੰਜਾਬੀ ਨੇਸ਼ਨਲ ਅਵਾਰਡ ਜੇਤੂ ਫਿਲਮ ਸਾਬਿਤ ਹੋਈ ਇਸ ਫਿਲਮ ਨੂੰ ਉਸ ਸਮੇਂ ਦੇ ਪ੍ਰਸਿੱਧ ਅਤੇ ਇੱਕਮਾਤਰ ਚੈਨਲ ਦੂਰਦਰਸ਼ਨ ਉੱਤੇ ਤਿੰਨ ਵਾਰ ਵਿਖਾਇਆ ਗਿਆ ਸੀ।
ਆਜਾਦ ਭਾਰਤ ਦੀ ਸਭ ਤੋਂ ਪਹਿਲੀ ਮਲਟੀਸਟਾਰ ਪੰਜਾਬੀ ਫਿਲਮ “ਨਾਨਕ ਨਾਮ ਜਹਾਜ ਹੈ” 1969 ਵਿੱਚ ਰਿਲਿਜ ਕੀਤੀ ਗਈ ਸੀ। ਇਸ ਵਿੱਚ ਪ੍ਰਿਥਵੀ ਰਾਜ ਕਪੂਰ ਦੁਆਰਾ ਸਿੱਖ ਕਿਰਦਾਰ ਗੁਰਮੁੱਖ ਸਿੰਘ ਦੇ ਰੂਪ ਵਿੱਚ ਪ੍ਰਮੁੱਖ ਭੂਮਿਕਾ ਅਦਾ ਕੀਤੀ ਗਈ ਅਤੇ ਇਹ ਆਜ਼ਾਦੀ ਦੀ ਬਾਅਦ ਦੀ ਸਭਤੋਂ ਵੱਡੀ ਪੰਜਾਬੀ ਫਿਲਮ ਸੀ ਇਸ ਫਿਲਮ ਦੀ ਸਫਲਤਾ ਦੇ ਬਾਅਦ ਪੰਜਾਬੀ ਫਿਲਮਾਂ ਦੀ ਇੱਕ ਹੋੜ ਲੱਗ ਗਈ ਸੀ। ਇਸ ਫਿਲਮ ਦੀ ਖਾਸ ਗੱਲ ਇਹ ਵੀ ਸੀ ਕਿ ਇਸ ਫਿਲਮ ਦੇ ਸਾਰੀ ਦੀ ਸਾਰੀ ਸਟਾਰ ਕਾਸਟ ਹਿੰਦੀ ਫ਼ਿਲਮਾਂ ਵਿਚੋਂ ਆਈ ਸੀ ,ਪ੍ਰਿਥਵੀ ਰਾਜ ਕਪੂਰ ਤੋਂ ਇਲਾਵਾ ਵੀਨਾ ,ਨਿਸ਼ੀ ,ਸੁਰੇਸ਼ ,ਸੋਮਦੱਤ ,ਵਿਮੀ ,ਆਈ. ਐਸ. ਜੌਹਰ ,ਤਿਵਾੜੀ ,ਡੇਵਿਡ ,ਜਗਦੀਸ਼ ਰਾਜ , ਗਜਾਨਨ ਜਾਗੀਰਦਾਰ ,ਮਾਸਟਰ ਰਤਨ ਅਤੇ ਰਾਜਰਾਨੀ ਫਿਲਮ ਦੇ ਹੋਰ ਪ੍ਰਮੁੱਖ ਕਲਾਕਾਰ ਸਨ। ਕਲਪਨਾਲੋਕ ਦੇ ਬੈਨਰ ਤਲੇ ਬਣੀ ਇਸ ਫਿਲਮ ਦਾ ਨਿਰਦੇਸ਼ਨ ਰਾਮ ਮਹੇਸ਼ਵਰੀ ਨੇ ਕੀਤਾ ਸੀ ਜੋ ਉਸ ਸਮੇਂ ਕੋਬਰਾਗਰਲ, ਕਾਜਲ ਅਤੇ ਨੀਲਕਮਲ ਫ਼ਿਲਮਾਂ ਦੀ ਸਫਲਤਾ ਤੋਂ ਚਰਚਿਤ ਹੋ ਚੁੱਕੇ ਸਨ। ਫਿਲਮ ਦੀ ਸਾਧਾਰਣ ਜਿਹੀ ਕਹਾਣੀ ਬੇਕਲ ਅੰਮ੍ਰਿਤਸਰੀ ਨੇ ਲਿਖੀ ਸੀ। ਜੋ ਹਿੰਦੂ ਵਰਤ ਕਥਾਵਾਂ ਤੋਂ ਪ੍ਰੇਰਿਤ ਲੱਗਦੀ ਸੀ। ਹਾਲਾਂਕਿ ਇਸ ਕਹਾਣੀ ਨੂੰ ਸੱਚੀਆਂ ਘਟਨਾਵਾਂ ਤੇ ਅਧਾਰਿਤ ਦੱਸਿਆ ਗਿਆ ਸੀ। ਫਿਲਮ ਦੀ ਕਹਾਣੀ ਮੁਤਾਬਿਕ 1947 ਮੋਕੇ ਗੁਰਮੁਖ ਸਿੰਘ ।ਪ੍ਰਿਥਵੀਰਾਜ ਕਪੂਰ॥ ਉਸਦੀ ਪੱਤਨੀ ।ਵੀਨਾ ॥ਅਤੇ ਉਸਦਾ ਛੋਟਾ ਭਰਾ ਪ੍ਰੇਮ ਸਿੰਘ ।ਸੁਰੇਸ਼ ॥ ਨਿਰਪੱਖਤਾਪੂਰਨ ਜੀਵਨ ਸ਼ੈਲੀ ਨਾਲ ਸੁੱਖ ਦੀ ਜਿੰਦਗੀ ਵਤੀਤ ਕਰ ਰਹੇ ਸਨ। ਇਸ ਸਬ ਨੂੰ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕ੍ਰਿਪਾ ਮੰਨਦੇ ਸਨ. ਇਸੇ ਦੌਰਾਨ ਓਹਨਾ ਵਲੋਂ ਸ਼ੁਰੂ ਕੀਤੇ ਗਏ ਠੇਕੇਦਾਰੀ ਦੇ ਬਿਜਨਸ ਨੇ ਓਹਨਾ ਨੂੰ ਹੋਰ ਵੀ ਖੁਸ਼ਹਾਲ ਬਣਾ ਦਿੱਤਾ। ਸਮੇਂ ਦੇ ਨਾਲ ਪ੍ਰੇਮ ਦਾ ਵਿਆਹ ਰੱਤਨ ਕੌਰ । ਨਿਸ਼ੀ ॥ ਨਾਲ ਹੋ ਗਿਆ ਅਤੇ ਗੁਰਮੁੱਖ ਸਿੰਘ ਨੂੰ ਵਾਹਿਗੁਰੂ ਵੱਲੋਂ ਮਿਲੀ ਪੁੱਤਰ ਦੀ ਦਾਤ ਵਜੋਂ ਗੁਰਮੀਤ ਸਿੰਘ ।ਮਾਸਟਰ ਰਤਨ / ਸੋਮਦੱਤ ॥ ਦੀ ਪ੍ਰਾਪਤੀ ਹੁੰਦੀ ਹੈ। ਇਹ ਖੁਸ਼ਹਾਲ ਜ਼ਿੰਦਗੀ ਉਦੋਂ ਪ੍ਰਭਾਵਿਤ ਹੋ ਜਾਂਦੀ ਹੈ ਜਦੋਂ ਔਲਾਦ ਸੁੱਖ ਤੋਂ ਵਾਂਝੀ ਰਤਨ ਕੌਰ ਜੋ ਗੁਰਮੀਤ ਨੂੰ ਹੀ ਆਪਣਾ ਪੁੱਤਰ ਮੰਨਦੀ ਹੈ ਲੇਕਿਨ ਉਸਦੇ ਔਰਤ ਮਨ ਦੀ ਕਮਜ਼ੋਰੀ ਤੇ ਸੱਟ ਮਾਰਦਾ ਹੋਇਆ ਉਸਦਾ ਭਰਾ ਸ਼ੁਕਰਗੁਜਾਰ ਸਿੰਘ ਉਰਫ ਸ਼ੁਕਾ ਦੋਹਾਂ ਭਰਾਵਾਂ ਦੇ ਪਰਿਵਾਰ ਵਿੱਚ ਦਰਾਰ ਪਵਾਕੇ ਇਹਨਾਂ ਦੇ ਬਿਜਨਸ ਅੱਡੋ ਅੱਡ ਕਰਵਾ ਦਿੰਦਾ ਹੈ। ਇਹ ਸ਼ੁਕਾ ਹਮੇਸ਼ਾ ਹੀ ਦੂਜਿਆਂ ਦੇ ਪਾਸੇ ਪੁੱਠੇ ਪਾਉਂਦਾ ਰਹਿੰਦਾ ਹੈ ਅੱਤੇ ਇਸ ਕੰਮ ਵਿੱਚ ਮਾਹਿਰ ਹੈ। ਗੁਰਮੀਤ ਜਦੋਂ ਚੰਗੀ ਪੜਾਈ ਲਿਖਾਈ ਕਰਕੇ ਵੱਡਾ ਹੁੰਦਾ ਹੈ ਨਾਲ ਹੀ ਉਹ ਚਰਨਜੀਤ ਕੌਰ “ਚੰਨੀ “ਦੇ ਪਿਆਰ ਵਿਚ ਪੈ ਜਾਂਦਾ ਹੈ। ਜਲਦ ਹੀ ਓਹਨਾ ਦਾ ਵਿਆਹ ਹੋਣ ਵਾਲਾ ਹੈ ਕਿ ਸ਼ੁਕੇ ਵੱਲੋਂ ਪੁੱਠਾ ਪਾਸਾ ਪਾਉਣ ਦੇ ਚੱਕਰ ਵਿੱਚ ਭੜਕੀ ਹੋਈ ਰਤਨ ਕੌਰ ਹੱਥੋਂ ਹੋਈ ਇਕ ਦੁਰਘਟਨਾ ਨਾਲ ਗੁਰਮੀਤ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ। ਡਾਕਟਰਾਂ ਵੱਲੋਂ ਜਵਾਬ ਮਿਲਣ ਤੇ ਪਛਤਾਵੇ ਦਾ ਸ਼ਿਕਾਰ ਹੋ ਚੁੱਕੀ ਰਤਨ ਕੌਰ ਗੁਰਮੀਤੇ ਨੂੰ ਲੈਕੇ ਗੁਰੂਧਾਮਾਂ ਦੀ ਯਾਤਰਾ ਤੇ ਲੈਕੇ ਜਾਂਦੀ ਹੈ। ਨਾਲ ਹੀ ਜਿਦ ਕਰਕੇ ਚੰਨੀ ਵੀ ਇਕ ਨੌਕਰ ਮੁੰਡੇ ਦੇ ਰੂਪ ਵਿੱਚ ਨਾਲ ਚਲੀ ਜਾਂਦੀ ਹੈ। ਕਿਉਂਕਿ ਗੁਰਮੀਤ ਇਕ ਅੰਨ੍ਹੇ ਦੇ ਰੂਪ ਵਿੱਚ ਚੰਨੀ ਨਾਲ ਵਿਆਹ ਕਰਕੇ ਉਸਦੀ ਜਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦਾ। ਲੇਕਿਨ ਕੁੱਝ ਨਾਟਕੀ ਘਟਨਾਕ੍ਰਮ ਤੋਂ ਬਾਅਦ ਚੰਨੀ ਅਤੇ ਗੁਰਮੀਤ ਦਾ ਵਿਆਹ ਹੋ ਜਾਂਦਾ ਹੈ। ਹੁਣ ਚੰਨੀ ਸੱਚੀ ਪੱਤਨੀ ਦਾ ਧਰਮ ਨਿਭਾਉਂਦੀ ਹੋਈ ਭੁੱਖੀ ਪਿਆਸੀ ਰਹਿਕੇ ਇੱਕ ਫੈਸਲਾ ਲੈਂਦੀ ਹੈ ਕਿ ਜੇਕਰ ਉਸਦੇ ਪੱਤੀ ਦੀ ਅੱਖਾਂ ਦੀ ਰੋਸ਼ਨੀ ਵਾਪਿਸ ਨਾ ਆਈ ਤਾਂ ਉਹ ਆਪਣੀਆਂ ਅੱਖਾਂ ਵੀ ਗਵਾ ਦੇਵੇਗੀ। ਉਸ ਵੱਲੋਂ ਗਾਏ ਜਾ ਰਹੇ ਇਕ ਸ਼ਬਦ ਦੌਰਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਗਦੀ ਜੋਤ ਵਿਚੋਂ ਇਕ ਰੋਸ਼ਨੀ ਪ੍ਰਗਟ ਹੁੰਦੀ ਹੈ ਜਿਸ ਨਾਲ ਗੁਰਮੀਤ ਦੀਆਂ ਅੱਖਾਂ ਦੀ ਰੋਸ਼ਨੀ ਤਾਂ ਵਾਪਿਸ ਆ ਜਾਂਦੀ ਹੈ ਨਾਲ ਹੀ ਉਸੇ ਸਮੇਂ ਇਕ ਪਟਾਖੇ ਰਾਹੀਂ ਸ਼ੁਕੇ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ। ਹੁਣ ਦੂਜਿਆਂ ਦਾ ਪਾਸਾ ਪੁੱਠਾ ਪਾਉਣ ਵਾਲੇ ਸ਼ੁਕੇ ਕੋਲ ਪਛਤਾਵੇ ਦੇ ਇਲਾਵਾ ਕੁੱਝ ਨਹੀਂ ਬੱਚਦਾ ।
ਜਿਸ ਜਮਾਨੇ ਵਿੱਚ ਇਹ ਫਿਲਮ ਆਈ ਸੀ ਉਨ੍ਹਾਂ ਦਿਨਾਂ ਵਿੱਚ ਲੋਕਾਂ ਦਾ ਧਾਰਮਿਕ ਫ਼ਿਲਮਾਂ ਦੇ ਪ੍ਰਤੀ ਇਕ ਖਾਸ ਜਨੂੰਨ ਸੀ। ਉਸ ਸਮੇਂ ਵੀਡੀਓ,ਸੀ ਡੀ ਟੀ ਵੀ ਚੈੱਨਲ ਜਾਂ ਯੂ ਟਿਊਬ ਦਾ ਯੁੱਗ ਤਾਂ ਮੌਜੂਦ ਨਹੀਂ ਸੀ, ਸੋ ਦੇਸ਼ ਅਤੇ ਵਿਦੇਸ਼ ਵਿਚ ਰਹਿੰਦੇ ਬਹੁਤ ਸਾਰੇ ਲੋਕ ਖਾਸ ਕਰ ਸਿੱਖ ਦੂਰੋਂ ਦੂਰੋਂ ਇਸ ਫਿਲਮ ਨੂੰ ਵੇਖਣ ਲਈ ਦਿੱਲੀ ਅਤੇ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਆਉਂਦੇ ਸਨ। ਦਿੱਲੀ ਦੇ ਕਸ਼ਮੀਰੀ ਗੇਟ ਸਥਿਤ ਰਿਟਜ ਸਿਨੇਮਾ ਵਿਖੇ ਇਹ ਫਿਲਮ ਕਈ ਹਫਤੇ ਹਾਊਸ ਫੁਲ ਰਹੀ ਸੀ। ਗੈਰ ਸਿੱਖ ਲੋਕਾਂ ਵਿੱਚ ਵੀ ਇਸ ਫਿਲਮ ਦੇ ਪ੍ਰਤੀ ਇੰਨੀ ਸ਼ਰਧਾ ਸੀ ਕਿ ਉਹ ਵੀ ਫਿਲਮ ਵੇਖਣ ਸਮੇਂ ਸਿਰ ਤੇ ਰੁਮਾਲ ਰੱਖਦੇ ਸੀ ਇਸ ਫਿਲਮ ਨੂੰ ਰੀਜਨਲ ਕੈਟੇਗਰੀ ਵਿੱਚ ਸੱਬ ਤੋਂ ਵਧੀਆ ਪੰਜਾਬੀ ਫਿਲਮ ਅਤੇ ਬੈਸਟ ਮਿਊਜਿਕ ਦਾ ਨੇਸ਼ਨਲ ਅਵਾਰਡ ਮਿਲਿਆ ਸੀ।
ਇਸ ਫਿਲਮ ਨੇ ਉਸ ਸਮੇਂ ਲਗਭਗ ਗੁਮਨਾਮੀ ਵਿੱਚ ਵਿਸਰ ਰਹੀ ਪੰਜਾਬੀ ਫਿਲਮ ਇੰਡਸਟਰੀ ਨੂੰ ਇਕ ਨਵਾਂ ਜੀਵਨ ਦਿੱਤਾ ਸੀ। ਫਿਲਮ ਦੀ ਟਿਕਟ ਖਰੀਦਣ ਲਈ ਲੋਕਾਂ ਨੂੰ ਘੰਟਿਆਂ ਪਹਿਲਾਂ ਹੀ ਕਈ ਕਿਲੋਮੀਟਰ ਲੰਬੀ ਲਾਈਨ ਵਿੱਚ ਲਗਣਾ ਪੈਂਦਾ ਸੀ। ਸਿਕੰਦਰ । ਸਿਕੰਦਰ ॥ , ਮੁਗਲੇਆਜਮ । ਅਕਬਰ ॥ ਸਿਕੰਦਰੇ ਆਜਮ । ਪੋਰਸ ॥ ਤੋਂ ਬਾਅਦ ਪ੍ਰਿਥਵੀ ਰਾਜ ਕਪੂਰ ਲਈ ਗੁਰਮੁਖ ਸਿੰਘ ਦਾ ਰੋਲ ਅਜਿਹਾ ਸਾਬਿਤ ਹੋਇਆ ਕਿ ਜਿੱਥੇ ਐਕਟਰ ਦੀ ਪਹਿਚਾਣ ਹੀ ਉਸ ਵੱਲੋਂ ਨਿਭਾਇਆ ਕਰੈਕਟਰ ਬਣ ਗਿਆ। ਫਿਲਮ ਦਾ ਸੰਗੀਤ ਐਸ ਮੋਹਿੰਦਰ ਵੱਲੋਂ ਦਿੱਤਾ ਗਿਆ ਸੀ। ਇਸ ਫਿਲਮ ਵਿੱਚ ਪ੍ਰਿਥਵੀ ਰਾਜ ਕਪੂਰ ਅਤੇ ਵੀਨਾ ਤੇ ਪੰਜਾਬੀ ਭੰਗੜੇ ਅਤੇ ਬੋਲੀਆਂ ਤੇ ਆਧਾਰਿਤ ਇਕ ਸ਼ਰਾਰਤ ਭਰਿਆ ਗੀਤ “ਬੁੱਲ ਤੇਰੇ ਚੰਡੀਗੜ੍ਹ ਦੇ” ਫਿਲਮਾਇਆ ਗਿਆ ਸੀ। ਇਹ ਗੀਤ ਮੁਹੱਮਦ ਰਫੀ ਤੇ ਆਸ਼ਾ ਭੌਂਸਲੇ ਨੇ ਗਾਇਆ ਸੀ। ਇਸ ਤੋਂ ਇਲਾਵਾ ਨਿਸ਼ੀ ਤੇ ਭੀ ਸ਼ਮਸ਼ਾਦ ਬੇਗਮ ਵੱਲੋਂ ਗਾਇਆ “ਹਾੜਾ ਨੀ ਹਾੜਾ ਹਨੇਰ ਪੈ ਗਿਆ” ਫਿਲਮਾਇਆ ਗਿਆ ਸੀ। ਫਿਲਮ ਦੇ ਬਾਕੀ ਸਾਰੇ ਗੀਤ ਸ਼ਬਦ ਗੁਰਬਾਣੀ ਤੇ ਆਧਾਰਿਤ ਸਨ। ਮਿਊਜ਼ਿਕ ਐਲਬਮ ਨੂੰ ਨਿਰੋਲ ਧਾਰਮਿਕ ਰੱਖਣ ਲਈ ਉਪਰੋਕਤ ਦੋਨੋਂ ਗੀਤ ਕਈ ਐਲਬਮਾਂ ਵਿੱਚ ਮੌਜੂਦ ਨਹੀਂ ਹਨ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ,ਸ਼ਬਦ ਨੂੰ ਇਸ ਫਿਲਮ ਲਈ ਭਾਈ ਸਮੁੰਦ ਸਿੰਘ ਰਾਗੀ ਨੇ ਇਸ ਫਿਲਮ ਲਈ ਖਾਸ ਤੌਰ ਤੇ ਗਾਇਆ ਸੀ।
ਇਸ ਫਿਲਮ ਤੋਂ ਬਾਅਦ ਪੰਜਾਬੀ ਵਿੱਚ ਧਾਰਮਿਕ ਫ਼ਿਲਮਾਂ ਬਣਾਉਣ ਦੀ ਇਕ ਲਹਿਰ ਬਣ ਗਈ ਸੀ। ਫਿਲਮ “ਨਾਨਕ ਨਾਮ ਜਹਾਜ ਹੈ ” ਤੋਂ ਬਾਅਦ ਦਾਰਾ ਸਿੰਘ ਦੀ ਫਿਲਮ “ਸਵਾ ਲਾਖ ਸੇ ਏਕ ਲੜਾਉ” ਨੇ ਵੀ ਬੜੀ ਪ੍ਰਸਿਧੀ ਹਾਸਲ ਕੀਤੀ ਸੀ ਅਤੇ ਲੋਕ ਪਿੰਡਾਂ ਵਿੱਚੋਂ ਟਰਾਲੀਆਂ ਭਰ ਕੇ ਸਿਨੇਮਾਂ ਘਰਾਂ ਵਿੱਚ ਜਾਂਦੇ ਸਨ ਅਤੇ ਸਾਲਾਂ ਬੱਧੀ ਉਹਨਾਂ ਫਿਲਮਾਂ ਦਾ ਜ਼ਿਕਰ ਘਰਾਂ ਵਿੱਚ ਅਤੇ ਸੱਥਾਂ ਵਿੱਚ ਹੁੰਦਾ ਰਿਹਾ। ਇਹ ਫਿਲਮਾਂ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣੇ ਪ੍ਰੋਜੈਕਟਰ ਨਾਲ ਧਰਮ ਪ੍ਰਚਾਰ ਕਮੇਟੀ ਵੱਲੋਂ ਪਿੰਡਾਂ ਦੇ ਗੁਰਦਵਾਰਿਆਂ ਵਿੱਚ ਵੀ ਵਿਖਾਈਆਂ । ਬਹੁਤ ਸਾਰੇ ਸਕੂਲਾਂ ਵੱਲੋਂ ਵੀ ਇਹ ਫਿਲਮ ਖਾਸ ਸ਼ੋ ਰਾਹੀਂ ਵਿਖਾਈ ਗਈ। ਫਿਰ ਵੀ ਸੀਮਿਤ ਸਾਧਨਾਂ ਦੇ ਚਲਦੇ ਜੋ ਬਹੁਤ ਸਾਰੇ ਲੋਕ ਇਸ ਫਿਲਮ ਨੂੰ ਉਸ ਜਮਾਨੇ ਵਿੱਚ ਨਹੀਂ ਵੇਖ ਸਕੇ ਸਨ ਓਹਨਾ ਵਿਚੋਂ ਬਹੁਤਿਆਂ ਨੇ ਇਹ ਫਿਲਮ 80 ਦੇ ਦਸ਼ਕ ਵਿੱਚ ਵੀਡੀਓ ਦੇ ਯੁੱਗ ਵਿੱਚ ਵੇਖੀ। ਅੱਜ ਵੀ ਖਾਸ ਮੌਕਿਆਂ ਤੇ ਇਹ ਫਿਲਮ ਟੀ ਵੀ ਚੈਨਲਾਂ ਤੇ ਵਿਖਾਈ ਜਾਂਦੀ ਹੈ । ਇਹ ਫਿਲਮ ਯੂ ਟਿਊਬ ਤੋਂ ਡਾਊਨਲੋਡ ਕਰਕੇ ਵੀ ਵੇਖੀ ਜਾ ਸਕਦੀ ਹੈ। 2015 ਵਿੱਚ ਪਹਿਲੇ ਸਿੱਖ ਗੁਰੂ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਜਨਮ ਵਰ੍ਹੇਗੰਢ ਮੌਕੇ ਰਿਲੀਜ ਦੇ 46 ਸਾਲਾਂ ਬਾਅਦ ਡਿਜੀਟਲ ਪ੍ਰਿੰਟ ਦੇ ਨਾਲ ਮੁੜ ਰਿਲੀਜ਼ ਕੀਤੀ ਜਾ ਚੁੱਕੀ ਹੈ। ਪਹਿਲਾਂ ਇਸ ਫਿਲਮ ਦੀ ਰੀਮੇਕ ਬਣਾਉਣ ਦੀ ਯੋਜਨਾ ਬਣਾਈ ਗਈ ਸੀ , ਲੇਕਿਨ ਬਾਅਦ ਵਿੱਚ ਇਸ ਨੂੰ ਡਿਜੀਟਲ ਕਰਕੇ ਰਿਲੀਜ ਕਰਣ ਦਾ ਫੈਸਲਾ ਕੀਤਾ ਗਿਆ । ਇਸ ਫਿਲਮ ਦੇ ਇਸ ਐਡੀਸ਼ਨ ਨੂੰ ਉੱਤਰੀ ਅਮਰੀਕਾ , ਕਨਾਡਾ , ਰੂਸ ਅਤੇ ਯੂਕੇ ਵਿੱਚ ਵੀ ਰਿਲੀਜ ਕੀਤਾ ਗਿਆ । ਸੰਨ 1969 ਵਿੱਚ ਇਹ ਫਿਲਮ ਲੁਧਿਆਣੇ ਦੀਪਕ ਸਿਨੇਮਾ ‘ਚ ਲੱਗੀ ਸੀ ਤਾਂ ਲੋਕ ਗੁਰੂ ਘਰ ਜਾਣ ਵਾਂਗੂ ਸ਼ਰਧਾ ਤੇ ਸਤਿਕਾਰ ਨਾਲ ਸਿਮਰਨ ਤੇ ਪਾਠ ਕਰਦੇ ਹੋਏ ਜੋੜੇ ਬਾਹਰ ਉਤਾਰ ਕੇ ਸਿਨੇਮਾ ਹਾਲ ‘ਚ ਜਾਂਦੇ ਸਨ।
ਅਪ੍ਰੈਲ 2019 ਵਿੱਚ ਇਹ ਫਿਲਮ ਵਲੋਂ ਆਪਣੀ ਰਿਲੀਜ ਦੇ 50 ਸਾਲ ਪੂਰੇ ਕੀਤੇ ਗਏ। ਇਸ ਫਿਲਮ ਵਿੱਚ ਦਰਸਾਇਆ ਗਿਆ ਹੈ ਕਿ ਜਿਸਨੇ ਵੀ ਗੁਰੂ ਤੇ ਭਰੋਸਾ ਕੀਤਾ ਉਸਨੂੰ ਗੁਰੂ ਦੀ ਬਖਸ਼ਿਸ਼ ਸਦਕਾ ਹਰ ਪ੍ਰਾਪਤੀ ਹੋਈ ਹੈ । ਨਾਨਕ ਨਾਮ ਜਹਾਜ ਹੈ ਫਿਲਮ ਪੂਰੀ ਤਰ੍ਹਾਂ ਸਟੋਰੀ ਬੇਸਡ” ਸੀ ,ਇਸ ਫਿਲਮ ਵਿਚ “ਚਮਤਕਾਰ” ਦਾ ਸਹਾਰਾ ਲਿਆ ਗਿਆ ਸੀ , ਜਿਸ ਵਿਚ ਅੱਖਾਂ ਦੀ ਰੋਸ਼ਨੀ ਦਾ ਚਲੇ ਜਾਂਣਾਂ , ਅਤੇ ਦਰਬਾਰ ਸਾਹਿਬ ਵਿਚ ਇਸ਼ਨਾਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਦਾ ਵਾਪਸ ਆ ਜਾਣਾਂ ਦਿਖਾਇਆ ਗਿਆ ਸੀ, ਕੁਝ ਜਾਗਰੂਕ ਸਿੱਖਾਂ ਲਈ ਇਹ ਇਤਰਾਜ ਯੋਗ ਵਿਸ਼ਾ ਅਤੇ ਸਿੱਖੀ ਸਿਧਾਂਤ ਦੇ ਉਲਟ ਹੈ ਪਰ ਇਸ ਫਿਲਮ ਵਿਚ ਅਖੌਤੀ ਦਸਮ ਗ੍ਰੰਥ ਵਿਚੋਂ ਬਹੁਤ ਸਾਰੇ ਗਾਨੇ ਫਿਲਮਾਏ ਗਏ ਸਨ ਜੋ ਸਿੱਖਾਂ ਨੂੰ ਉਸ ਕੱਚੀ ਬਾਂਣੀ ਨਾਲ ਜੋੜਦੇ ਸਨ। ਇਸ ਲਈ ਇਕ ਸਾਧਾਰਣ ਸੋਚ ਵਾਲੇ ਸਿੱਖ ਲਈ ਤਾਂ ਇਹ ਇਕ ਸਟੋਰੀ ਬੇਸ ਫਿਲਮ ਹੋਣ ਕਾਰਣ ਪਸੰਦ ਕੀਤੀ ਗਈ ।
ਇਸ ਫਿਲਮ ਰਾਹੀਂ ਪ੍ਰਸਿੱਧ ਸਿੱਖ ਗੁਰੂਧਾਮਾਂ ਦੇ ਦਰਸ਼ਨ ਵੀ ਕਰਵਾਏ ਗਏ ਸਨ। ਪਰ ਗੁਰੂਨਾਨਕ ਦੇਵ ਜੀ ਨਾਲ ਸਬੰਧਿਤ ਕਈ ਗੁਰੁਧਾਮ ਤਾਂ ਪਾਕਿਸਤਾਨ ਵਿਚ ਰਹਿ ਗਏ। ਇਹਨਾਂ ਵਿਚ ਗੁਰੂਦਵਾਰਾ ਜਨਮਸਥਾਨ ਗੁਰੁਨਾਨਕਦੇਵ ਜੀ ਨਨਕਾਣਾ ਸਾਹਿਬ ਵੀ ਸ਼ਾਮਿਲ ਹੈ ,ਜਿਸਦਾ ਹਿੰਦੁਸਤਾਨ ਵਿੱਖੇ ਵਸਦੇ ਸਿੱਖਾਂ ਨੂੰ ਹਮੇਸ਼ਾ ਅਫਸੋਸ ਹੁੰਦਾ ਹੈ। ਇਕ ਹੀ ਧਰਤੀ ਦੇ ਦੋ ਟੁਕੜਿਆਂ ਤੋਂ ਬਣੇ ਇਹਨਾਂ ਦੋਹਾਂ ਦੇਸ਼ਾਂ ਦੇ ਆਪਸੀ ਸੰਬੰਧ ਵੀ ਲਗਾਤਾਰ ਚੰਗੇ ਨਹੀਂ ਰਹੇ। ਹਾਲ ਹੀ ਵਿੱਚ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਦੀ ਦੋਨਾਂ ਦੇਸ਼ਾਂ ਦੀ ਸਰਕਾਰ ਨੇ ਇਕ ਫੈਸਲਾ ਲਿਆ ਸੀ। ਨੀਂਹ ਪੱਥਰ ਵੀ ਰੱਖਿਆ ਜਾ ਚੁੱਕਿਆ ਸੀ। ਲੇਕਿਨ ਪੁਲਵਾਮਾ ਆਤੰਕੀ ਹਮਲੇ ਅਤੇ ਇਸ ਤੋਂ ਬਾਅਦ ਭਾਰਤੀ ਏਅਰ ਫੋਰਸ ਵੱਲੋਂ ਏਅਰਅਟੈਕ ਨਾਲ ਦੋਹਾਂ ਦੇਸਾਂ ਦੇ ਸੰਬੰਧ ਫਿਰ ਤੋਂ ਬਿਗੜ ਗਏ। ਹੁਣ ਕਰਤਾਰਪੁਰ ਲਾਂਘਾ ਸ਼ੁਰੂ ਹੋਵੇਗਾ ਜਾਂ ਨਹੀਂ ਇਸ ਸਵਾਲ ਦਾ ਜਵਾਬ ਭਵਿੱਖ ਦੇ ਘੇਰੇ ਵਿੱਚ ਹੈ।