ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਅਫਗਾਨਿਸਤਾਨ ਵਿੱਚੋਂ ਅੰਤਰਰਾਸ਼ਟਰੀ ਫੌਜਾਂ ਦੀ ਵਾਪਸੀ ਦੇ ਬਾਅਦ ਤਾਲਿਬਾਨ ਅੱਤਵਾਦੀਆਂ ਦੁਆਰਾ ਆਪਣੀਆਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ। ਤਾਲਿਬਾਨ ਦੁਆਰਾ ਅਫਗਾਨਿਸਤਾਨ ਦੇ ਸ਼ਹਿਰਾਂ ਉੱਤੇ ਸੱਤਾ ਪ੍ਰਾਪਤ ਕਰਨ ਲਈ ਕਬਜਾ ਕੀਤਾ ਜਾ ਰਿਹਾ ਹੈ। ਅਜਿਹੇ ਸਮੇਂ ਵਿੱਚ ਭਾਰੀ ਗਿਣਤੀ ਵਿੱਚ ਬ੍ਰਿਟੇਨ ਨਿਵਾਸੀ ਅਫਗਾਨਿਸਤਾਨ ਵਿੱਚ ਫਸੇ ਹੋਏ ਹਨ। ਪਿਛਲੇ ਹਫਤੇ ਯੂਕੇ ਦੇ ਵਿਦੇਸ਼ ਵਿਭਾਗ ਨੇ ਸਾਰੇ ਬ੍ਰਿਟਿਸ਼ ਨਾਗਰਿਕਾਂ ਨੂੰ ਵਪਾਰਕ ਉਡਾਣਾਂ ਰਾਹੀਂ ਅਫਗਾਨਿਸਤਾਨ ਛੱਡਣ ਦੀ ਸਲਾਹ ਦਿੱਤੀ ਸੀ। ਇਸ ਲਈ ਹੁਣ ਬਰਤਾਨਵੀ ਸਰਕਾਰ ਨੇ ਅਫਗਾਨਿਸਤਾਨ ਵਿੱਚ ਵਿਗੜਦੇ ਹੋਏ ਸੁਰੱਖਿਆ ਹਾਲਾਤਾਂ ਨੂੰ ਵੇਖਦੇ ਹੋਏ ਬ੍ਰਿਟੇਨ ਦੇ ਨਾਗਰਿਕਾਂ ਨੂੰ ਉੱਥੋਂ ਕੱਢਣ ਵਿੱਚ ਸਹਾਇਤਾ ਕਰਨ ਲਈ ਲਗਭਗ 600 ਯੂਕੇ ਸੈਨਿਕਾਂ ਨੂੰ ਅਫਗਾਨਿਸਤਾਨ ਭੇਜਣ ਦੀ ਘੋਸ਼ਣਾ ਕੀਤੀ ਹੈ। ਰੱਖਿਆ ਮੰਤਰਾਲੇ (ਐਮ ਓ ਡੀ) ਅਨੁਸਾਰ ਇਹ ਸੈਨਿਕ ਆਉਣ ਵਾਲੇ ਦਿਨਾਂ ਵਿੱਚ ਕਾਬੁਲ ਪਹੁੰਚਣਗੇ। ਅਨੁਮਾਨ ਲਗਾਇਆ ਗਿਆ ਹੈ ਕਿ ਲਗਭਗ 4,000 ਬ੍ਰਿਟਿਸ਼ ਨਾਗਰਿਕ ਅਜੇ ਵੀ ਅਫਗਾਨਿਸਤਾਨ ਵਿੱਚ ਹਨ। ਇਹ ਸੈਨਿਕ ਯੂਕੇ ਦੇ ਨਾਗਰਿਕਾਂ, ਅਫਗਾਨ ਸਟਾਫ ਆਦਿ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਦੀ ਪ੍ਰਕਿਰਿਆ ਵਿੱਚ ਸਹਾਇਤਾ ਕਰਨਗੇ। ਬਰਤਾਨਵੀ ਰੱਖਿਆ ਸਕੱਤਰ ਬੇਨ ਵਾਲਿਸ ਅਨੁਸਾਰ ਬ੍ਰਿਟਿਸ਼ ਨਾਗਰਿਕਾਂ, ਫੌਜੀ ਕਰਮਚਾਰੀਆਂ ਅਤੇ ਸਾਬਕਾ ਅਫਗਾਨ ਸਟਾਫ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ। ਐਮ ਓ ਡੀ ਨੇ ਜਾਣਕਾਰੀ ਦਿੱਤੀ ਕਿ ਅਫਗਾਨਿਸਤਾਨ ਵਿੱਚ ਯੂਕੇ ਦੇ ਰਾਜਦੂਤ ਸਰ ਲੌਰੀ ਬ੍ਰਿਸਟੋ ਅਫਗਾਨਿਸਤਾਨ ਵਿੱਚ ਇੱਕ ਛੋਟੀ ਜਿਹੀ ਟੀਮ ਦੀ ਅਗਵਾਈ ਕਰਨਾ ਜਾਰੀ ਰੱਖਣਗੇ ਜੋ ਕਾਬੁਲ ਦੇ ਅੰਦਰ ਵਧੇਰੇ ਸੁਰੱਖਿਅਤ ਸਥਾਨ ‘ਤੇ ਤਬਦੀਲ ਹੋ ਜਾਵੇਗੀ। ਇਸਦੇ ਇਲਾਵਾ ਅਮਰੀਕਾ ਨੇ ਵੀ ਆਪਣੀਆਂ ਸੈਨਾਵਾਂ ਨੂੰ ਅਫਗਾਨਿਸਤਾਨ ਭੇਜਣ ਦੀ ਘੋਸ਼ਣਾ ਕੀਤੀ ਹੈ।
ਬਰਤਾਨਵੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਅਫਗਾਨਿਸਤਾਨ ਜਾਣਗੇ ਯੂਕੇ ਦੇ ਫੌਜੀ ਜਵਾਨ
This entry was posted in ਅੰਤਰਰਾਸ਼ਟਰੀ.