ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਦੀ ਛੋਟੀ ਭੈਣ ਗਿਲੀਅਨ (ਗਿਲ) ਸਟਰਜਨ ਨੂੰ ਆਇਰਸ਼ਾਇਰ ਦੇ ਘਰ ਵਿੱਚ ਹੋਈ ਇੱਕ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਗਿਲੀਅਨ ਸਟਰਜਨ (46) ਨੂੰ ਸ਼ਨੀਵਾਰ 7 ਅਗਸਤ ਨੂੰ ਕਿਲਵਿਨਿੰਗ ਵਿੱਚ ਇੱਕ ਘਰ ਦੇ ਅੰਦਰ ਵਾਪਰੀ ਇੱਕ ਘਟਨਾ ਦੇ ਸਬੰਧ ਵਿੱਚ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਘਟਨਾ ਦੇ ਸਬੰਧ ਵਿੱਚ ਪਹਿਲਾਂ ਇੱਕ 50 ਸਾਲਾਂ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਇਸ ਘਟਨਾ ਦੇ ਸਹੀ ਹਾਲਾਤ ਅਜੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਏ ਹਨ। ਜਦਕਿ ਸਕਾਟਲੈਂਡ ਪੁਲਿਸ ਅਨੁਸਾਰ ਗਿਲ ਸਟਰਜਨ ਅਤੇ ਆਦਮੀ ਦੋਵਾਂ ਨੂੰ ਗ੍ਰਿਫਤਾਰੀ ਦੇ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦਾ ਬਾਅਦ ਵਿੱਚ ਕਿਲਮਰਨੌਕ ਸ਼ੈਰਿਫ ਅਦਾਲਤ ਵਿੱਚ ਪੇਸ਼ ਹੋਣਾ ਤਹਿ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇੱਕ 50 ਸਾਲਾਂ ਵਿਅਕਤੀ ਨੂੰ ਸ਼ਨੀਵਾਰ, 7 ਅਗਸਤ ਨੂੰ ਕਿਲਵਿਨਿੰਗ ਦੇ ਇੱਕ ਘਰ ਅੰਦਰ ਵਾਪਰੀ ਇੱਕ ਘਟਨਾ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉੱਤੇ ਦੋਸ਼ ਲਾਇਆ ਗਿਆ। ਉਸਨੂੰ ਬਾਅਦ ਦੀ ਤਾਰੀਖ ‘ਤੇ ਕਿਲਮਰਨੌਕ ਸ਼ੈਰਿਫ ਕੋਰਟ ਵਿੱਚ ਪੇਸ਼ ਹੋਣ ਦੇ ਵਾਅਦੇ ‘ਤੇ ਰਿਹਾਅ ਕੀਤਾ ਗਿਆ ਅਤੇ ਇਸ ਮਾਮਲੇ ਦੀ ਪੂਰੀ ਰਿਪੋਰਟ ਪ੍ਰੋਕਿਊਰੇਟਰ ਫਿਸਕਲ ਨੂੰ ਭੇਜੀ ਜਾਵੇਗੀ। ਇਸਦੇ ਇਲਾਵਾ ਬੁੱਧਵਾਰ, 11 ਅਗਸਤ ਨੂੰ ਗਿਲ ਸਟਰਜਨ ਨੂੰ 7 ਅਗਸਤ ਨੂੰ ਹੋਈ ਘਟਨਾ ਦੇ ਸਬੰਧ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ। ਗਿਲ ਨੂੰ ਵੀ ਬਾਅਦ ਦੀ ਤਾਰੀਖ ‘ਤੇ ਕਿਲਮਰਨੌਕ ਸ਼ੈਰਿਫ ਅਦਾਲਤ ਵਿੱਚ ਪੇਸ਼ ਹੋਣ ਦੇ ਵਾਅਦੇ ਤੇ ਰਿਹਾਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਗਿਲ ਇਸ ਮਹੀਨੇ ਦੇ ਸ਼ੁਰੂ ਵਿੱਚ ਟਰੇਨ ‘ਤੇ ਐਡਿਨਬਰਾ ਦੀ ਯਾਤਰਾ ਦੌਰਾਨ ਬਿਨਾਂ ਫੇਸ ਮਾਸਕ ਤੋਂ ਫੇਸਬੁੱਕ ‘ਤੇ ਸੈਲਫੀ ਸਾਂਝੀ ਕਰਨ ਤੋਂ ਬਾਅਦ ਸੁਰਖੀਆਂ ਵਿੱਚ ਆਈ ਸੀ ਪਰ ਕਿਹਾ ਸੀ ਕਿ ਸੈਂਡਵਿਚ ਖਾਣ ਲਈ ਉਸਨੇ ਚਿਹਰੇ ਦੇ ਮਾਸਕ ਨੂੰ ਹਟਾ ਦਿੱਤਾ ਸੀ।
ਸਕਾਟਲੈਂਡ : ਨਿਕੋਲਾ ਸਟਰਜਨ ਦੀ ਭੈਣ ਗਿਲੀਅਨ ਸਟਰਜਨ ਗ੍ਰਿਫਤਾਰ ਹੋਣ ਤੋਂ ਬਾਅਦ ਰਿਹਾਅ
This entry was posted in ਅੰਤਰਰਾਸ਼ਟਰੀ.