ਪਹਿਲਾਂ-ਪਹਿਲ ਮੌਸਮ ਠੀਕ ਸੀ ਉਂਝ ਕੁਝ-ਕੁਝ ਝੜ ਜਿਹਾ ਹੋਇਆ ਸੀ ਫਿਰ ਹਵਾ ਹੌਲ਼ੀ-ਹੌਲ਼ੀ ਤੇਜ਼ ਚਲਣੀ ਸ਼ੁਰੂ ਹੋ ਗਈ ਤੇ ਇਸ ਤੇਜ਼ ਹਵਾ ਨੇ ਹਨੇਰੀ ਦਾ ਰੂਪ ਲੈ ਲਿਆ। ਕੁਝ ਸਮੇਂ ਬਾਅਦ ਹਵਾ ਕੁਝ ਹੌਲ਼ੀ ਹੋਈ ਤਾਂ ਮੋਟੀਆਂ-ਮੋਟੀਆਂ ਕਣੀਆਂ ਪੈਣ ਲੱਗ ਪਈਆਂ।
ਬਾਹਰ ਮੀਂਹ ਪੈਂਦਾ ਦੇਖਕੇ ਹਰਪ੍ਰੀਤ ਆਪਣੇ ਕਮਰੇ ’ਚੋਂ ਨਿਕਲ ਕੇ ਬਾਹਰ ਬਾਲਕੋਨੀ ’ਚ ਖੜ੍ਹੀ ਹੋ ਗਈ ਜਦ ਉਸਨੇ ਦੇਖਿਆ ਕੀ ਮੀਂਹ ਦੇ ਨਾਲ ਚਾਰੇ-ਪਾਸੇ ਸਾਰੇ ਗਲ਼ੀਆਂ, ਰਸਤੇ, ਮਿੱਟੀ-ਘੱਟੇ ਅਤੇ ਚਿੱਕੜ ਨਾਲ ਭਰੇ ਹੋਏ ਸੀ ਤਾਂ ਉਸਨੇ ਮਹਿਸੂਸ ਕੀਤਾ ਕੀ ਖੜ੍ਹੀ-ਖੜ੍ਹੀ ਦੇ ਉਸਦੇ ਆਪਣੇ ਪੈਰ ਵੀ ਹਲਕੀ-ਹਲਕੀ ਗਿੱਲੀ ਮਿੱਟੀ ਨਾਲ ਲਿਬੜ ਗਏ ਸਨ।
ਗਲ਼ੀ ’ਚ ਹੋਇਓ ਚਿੱਕੜ ਕਾਰਣ ਜਿਹੜਾ ਵੀ ਅੰਦਰ ਆਉਂਦਾ ਸੀ ਉਸਦੇ ਚਿੱਕੜ ਵਾਲੇ ਪੈਰਾਂ ਦੇ ਗੰਦੇ ਨਿਸ਼ਾਨ ਸਾਰੇ ਵਰਾਂਡੇ ਵਿੱਚ ਲੱਗੇ ਹੋਏ ਸੀ। ਇਸ ਤਰ੍ਹਾਂ ਜਦ ਕੋਈ ਸਾਇਕਲ, ਸਕੂਟਰ ਵੀ ਗਲ਼ੀ ’ਚੋਂ ਲੰਘਦਾ ਤਾਂ ਉਸਦੇ ਚੱਕਿਆਂ ਨੂੰ ਲੱਗਾ ਹੋਇਆ ਚਿੱਕੜ ਵੀ ਸਾਰੇ ਰਸਤੇ ਨੂੰ ਖਰਾਬ ਕਰਦਾ ਜਾ ਰਿਹਾ ਸੀ।
ਇਸ ਸਭ ਨੂੰ ਦੇਖ ਕੇ ਹਰਪ੍ਰੀਤ ਨੇ ਮਨ ’ਚ ਸੋਚਿਆ ਕਿ ਜਿਸ ਤਰ੍ਹਾਂ ਸਾਰੇ ਹੀ ਉਹਨਾਂ ਦੇ ਇਸ ਕੋਠੇ ਵਾਲੀ ਗਲ਼ੀ ਵੱਲ ਆਉਣ ਤੋਂ ਕਤਰਾਉਂਦੇ ਨੇ ਉਹ ਗੱਲ ਹੋਰ ਹੈ ਕੀ ਗਾਹਕਾਂ ਨੇ ਤਾਂ ਹਰ ਹਾਲ ’ਚ ਹੀ ਆਉਣਾ ਹੀ ਆਉਣਾ ਹੈ। ਕੋਠੇ ਤੇ ਆਉਣ ਵਾਲੇ ਵੀ ਇਸ ਜਗਾਹ ਨੂੰ ਗੰਦੀ ਜਾਂ ਗੰਦ ਖਾਨਾ ਕਹਿਦਿਆ ਕਰਦੇ ਸਨ। ਫਿਰ ਹਰਪ੍ਰੀਤ ਨੇ ਦਿਲ ਹੀ ਦਿਲ ਸੋਚਿਆ ਕੀ ਜਿਸ ਤਰ੍ਹਾਂ ਕੋਈ ਚਿੱਕੜ ’ਚੋਂ ਲੰਘ ਕੇ ਬਾਕੀ ਸਾਫ ਜਗਾਹ ਤੇ ਵੀ ਗੰਦੇ ਪੈਰ ਲਾਉਂਦਾ ਜਾਂਦਾ ਹੈ ਕਿ ਇਸ ਤਰ੍ਹਾਂ ਸਾਡੇ ਇਸ ਕੋਠੇ ’ਚੋਂ ਹੋ ਕੇ ਜਾਣ ਵਾਲੇ ਵੀ ਜਿਧਰੋ-ਕਿਧਰ ਲੰਘਦੇ ਹੋਣਗੇ। ਉਸ ਜਗਾਹ ਨੂੰ ਜ਼ਰੂਰ ਗੰਦਾ ਕਰਦੇ ਜਾਂਦੇ ਹੋਣਗੇ।
ਕੋਠੇ ਵਾਲੀ
ਜਗਜੀਤ ਨੇ ਜਦ ਦੇਖਿਆ ਕਿ ਸਵੇਰੇ-ਸਵੇਰੇ ਹੀ ਨਰਗਿਸ ਮੂੰਹ ਜਿਹਾ ਫੁਲਾ ਕੇ ਪਲੰਘ ਤੇ ਬੈਠੀ ਹੋਈ ਸੀ ਤਾਂ ਉਸਨੇ ਗੱਲ ਛੇੜੀ….
‘ਤੈਨੂੰ ਕੀ ਹੋ ਗਿਆ ਸਵੇਰੇ-ਸਵੇਰੇ?
‘‘ਨਹੀਂ ਹੋਣਾ ਤਾਂ ਕੀ ਆ ਕੁਝ ਵੀ ਨੀਂ ਸਭ ਠੀਕ ਆ।
‘ਫਿਰ ਐਦਾ ਮੂੰਹ ਕਿਉਂ ਲਟਕਾਈ ਬੈਠੀਂ ਰਾਤ ਮੈਂ ਕੁਝ ਜ਼ਿਆਦਾ ਈ ਤਾਂ ਨੀ?
‘‘ਨਹੀਂ-ਨਹੀਂ ਐਸੀ ਗੱਲ ਨੀ।
‘ਅੱਛਾ ਪੈਸੇ ਗਿਣ ਲਏ ਤੂੰ ਲੱਗਦਾ ਮੇਰੇ ਤੋਂ ਘੱਟ ਦੇ ਹੋ ਗਏ ਹੁਣੇ ਤਾਂ ਹੀ ਤੂੰ ਐਦਾਂ ਬੈਠੀ ਆਂ।
‘‘ਮੈਨੂੰ ਇਸ ਗੱਲ ਦਾ ਕੋਈ ਰੋਸਾ ਨੀ।
‘‘ਹਾ-ਹਾ-ਹਾ ਫਿਰ ਕਿਸ ਗੱਲ ਦਾ ਰੋਸਾ ਆ?
‘‘ਯਾਦ ਕਰੋ ਤੁਸੀਂ ਕੁਝ ਸਮੇਂ ਪਹਿਲਾਂ ਕੀ ਕਿਹਾ ਸੀ….
‘‘ਕੀ ਕਿਹਾ ਸੀ ਮੈਨੂੰ ਤਾਂ ਚੇਤੇ ਨੀ ਯਾਦ ਕਰਾਦੇ ਤੂੰ।
‘‘ਤੁਸੀਂ ਕਿਹਾ ਸੀ ਕਿ ਜਿੱਦਾਂ ਨਾ ਕਿੱਦਾਂ ਕਰਕੇ ਇੱਕ ਨਾ ਇੱਕ ਦਿਨ ਤੁਸੀਂ ਮੈਨੂੰ ਇਸ ਜੰਜ਼ਾਲ ’ਚੋਂ ਕੱਢ ਕੇ ਕਿਤੇ ਦੂਰ ਲੈ ਜਾਉਂਗੇ।
ਲੈ ਦੱਸ ਭਲਾ ਹੱਦ ਕਰਦੀ ਆਂ ਤੂੰ ਮੈਂ ਐਦਾਂ ਕਦੋਂ ਕਿਹਾ ਮੈਨੂੰ ਤਾਂ ਕੁਝ ਯਾਦ ਨਹੀਂ…..
‘‘ਪਰ ਮੈਨੂੰ ਤਾਂ ਯਾਦ ਆ ਨਾ।
‘‘ਫਿਰ ਮੈਂ ਕੀ ਕਰਾਂ ਯਾਦ ਆ ਤਾਂ ਯਾਦ ਰਵੇ।
‘‘ਤੁਸੀਂ ਸਾਰੇ ਮਰਦ ਐਸੇ ਹੀ ਹੋ ਪਹਿਲਾਂ ਪਤਾ ਨੀ ਕੀ-ਕੀ ਕਹਿੰਦੇ ਰਹੋਗੇ ਫਿਰ ਜ਼ੁਬਾਨ ਤੋਂ ਫਿਰ ਜਾਉਗੇ।
‘ਉਹ ਹੈਲੋ ਕੋਠੇ ਵਾਲੀ ਆਂ ਨਾ ਕੋਠੇ ਵਾਲੀ ਬਣ ਕੇ ਰਹਿ ਸਿਰ ਤੇ ਨਾ ਚੜ੍ਹ…..
‘‘ਤੇ ਤੁਸੀਂ ਜਿੱਥੇ ਮਰਜ਼ੀ ਚੜ੍ਹਦੇ ਰਹੋ ਤੁਹਾਡੀ ਕੋਈ ਹੱਦ ਨਹੀਂ ਹੁਣ ਸੱਚੀਆਂ ਸੁਣਾਤੀਆਂ ਤਾਂ ਪਲਾਂ ’ਚ ਮੈਂ ‘ਜਾਨ’ ਤੋਂ ਕੋਠੇ ਵਾਲੀ ਬਣ ਗਈ?