ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਸਮੁੰਦਰੀ ਰਾਸਤੇ ਦਾਖਲ ਹੋਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਸਰਕਾਰ ਦੁਆਰਾ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਵਾਧੇ ਦੀ ਲੜੀ ਤਹਿਤ ਵੀਰਵਾਰ ਨੂੰ 600 ਦੇ ਕਰੀਬ ਲੋਕਾਂ ਨੇ ਯੂਕੇ ਵਿੱਚ ਦਾਖਲ ਹੋਣ ਲਈ ਇੰਗਲਿਸ਼ ਚੈਨਲ ਨੂੰ ਕਿਸ਼ਤੀਆਂ ਰਾਹੀਂ ਪਾਰ ਕੀਤਾ। ਅਧਿਕਾਰੀਆਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਘੱਟੋ ਘੱਟ 592 ਪ੍ਰਵਾਸੀ ਵੀਰਵਾਰ ਨੂੰ ਖਤਰਨਾਕ ਢੰਗ ਨਾਲ ਬਰਤਾਨੀਆ ਦੀ ਧਰਤੀ ‘ਤੇ ਪੈਰ ਰੱਖਣ ਵਿੱਚ ਸਫਲ ਹੋਏ, ਜਦੋਂ ਕਿ ਫ੍ਰੈਂਚ ਅਧਿਕਾਰੀਆਂ ਦੁਆਰਾ ਘੱਟੋ ਘੱਟ 155 ਲੋਕਾਂ ਨੂੰ ਰੋਕ ਕੇ ਵਾਪਸ ਭੇਜਿਆ ਗਿਆ। ਵੀਰਵਾਰ ਦੀ ਇਸ ਗਿਣਤੀ ਨੇ 4 ਅਗਸਤ ਨੂੰ ਦਾਖਲ ਹੋਏ 482 ਲੋਕਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਇਸ ਸਬੰਧੀ ਅੰਕੜਿਆਂ ਅਨੁਸਾਰ 2020 ਵਿੱਚ ਚੈਨਲ ਪਾਰ ਕਰਕੇ ਯੂਕੇ ‘ਚ ਦਾਖਲ ਹੋਏ 8,417 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੁਕਾਬਲੇ 11,000 ਤੋਂ ਵੱਧ ਲੋਕਾਂ ਨੇ ਇਸ ਸਾਲ ਛੋਟੀਆਂ ਕਿਸ਼ਤੀਆਂ ਵਿੱਚ ਸਵਾਰ ਹੋ ਕੇ ਡੋਵਰ ਸਟ੍ਰੇਟ ਨੂੰ ਸਫਲਤਾ ਪੂਰਵਕ ਪਾਰ ਕੀਤਾ ਹੈ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਹੀ ਏਰੀਟ੍ਰੀਅਨ ਦੇ ਇੱਕ 27 ਸਾਲਾ ਵਿਅਕਤੀ ਨੇ ਉਸ ਵੇਲੇ ਆਪਣੀ ਜਾਨ ਗੁਆ ਦਿੱਤੀ ਜਦੋਂ ਉਸਨੇ ਚਾਰ ਹੋਰਾਂ ਸਮੇਤ ਡੋਵਰ ਸਟ੍ਰੇਟ ਵਿੱਚ ਡੁੱਬ ਰਹੀ ਕਿਸ਼ਤੀ ਵਿੱਚੋਂ ਸਮੁੰਦਰ ਵਿੱਚ ਛਲਾਂਗ ਮਾਰੀ। ਯੂਕੇ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਅਤੇ ਉਸ ਦੇ ਵਿਭਾਗ ਦੁਆਰਾ ਚੈਨਲ ਕ੍ਰਾਸਿੰਗ ਨੂੰ ਘਟਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਪਰ ਗੈਰਕਾਨੂੰਨੀ ਢੰਗ ਨਾਲ ਆਉਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਰ ਕਈ ਚੈਰਿਟੀਜ਼ ਦੁਆਰਾ ਗ੍ਰਹਿ ਸਕੱਤਰ ਦੀ ਆਲੋਚਨਾ ਕਰਦਿਆਂ ਯੂਕੇ ਵਿੱਚ ਸ਼ਰਨ ਦਾ ਦਾਅਵਾ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨੀ ਰਾਸਤਿਆਂ ਦੀ ਮੰਗ ਕੀਤੀ ਜਾ ਰਹੀ ਹੈ।