ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਇੱਥੋਂ ਦੇ ਭਾਈਚਾਰਿਆਂ ਵਿੱਚ ਵਸਣ ਵਾਸਤੇ ਵਿੱਚ ਸਹਾਇਤਾ ਸਮੂਹਾਂ ਵੱਲੋਂ ਲੱਖਾਂ ਪੌਂਡ ਦੀ ਨਕਦੀ ਨਾਲ ਮੱਦਦ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਸਹਾਇਤਾ ਸਮੂਹਾਂ ਦੇ ਕੁੱਲ 56 ਪ੍ਰੋਜੈਕਟਾਂ ਨੂੰ ਨਕਦੀ ਦਿੱਤੀ ਗਈ ਹੈ। ਇਸ ਪੈਸੇ ਦੀ ਵਰਤੋਂ ਸ਼ਰਨਾਰਥੀਆਂ ਦੀ ਸਿਖਲਾਈ, ਰੁਜ਼ਗਾਰ, ਸਿਹਤ, ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਲਈ ਕੀਤੀ ਜਾਵੇਗੀ ਅਤੇ ਸ਼ਰਨਾਰਥੀਆਂ ਦਾ ਸਮਰਥਨ ਕਰਨ ਲਈ ਕੰਮ ਕਰ ਰਹੇ ਸਮੂਹ ਇਸ ਨਵੀਂ ਗ੍ਰਾਂਟ ਸਕੀਮ ਵਿੱਚ 2.8 ਮਿਲੀਅਨ ਪੌਂਡ ਦੀ ਵੰਡ ਕਰਨਗੇ। ਇਸ ਯੋਜਨਾ ਤਹਿਤ ਪ੍ਰਦਾਨ ਕੀਤੀਆਂ ਗ੍ਰਾਂਟਾਂ ਵਿੱਚ ਸਕਾਟਲੈਂਡ ਦੇ ਪੱਛਮ ਵਿੱਚ ਸ਼ਰਨਾਰਥੀਆਂ ਲਈ ਰੁਜ਼ਗਾਰ ਅਤੇ ਸਿਖਲਾਈ ਸਹਾਇਤਾ ਲਈ 104,615 ਪੌਂਡ ਸਕਾਟਿਸ਼ ਨਿਰਮਾਣ ਉਦਯੋਗ ਵਿੱਚ ਕੰਮ ਕਰਨ ਲਈ ਡੰਡੀ, ਫਾਈਫ ਅਤੇ ਕਲੈਕਮੈਨਨਸ਼ਾਇਰ ਵਿੱਚ ਅਰਬੀ ਭਾਸ਼ਾ ਬੋਲਣ ਵਾਲਿਆਂ ਦੀ ਸਹਾਇਤਾ ਲਈ 72,930 ਪੌਂਡ, ਐਡਿਨਬਰਾ ਵਿੱਚ ਸ਼ਰਨਾਰਥੀਆਂ ਅਤੇ ਬੱਚਿਆਂ ਦੇ ਇਕੱਲੇਪਣ ਨੂੰ ਘਟਾਉਣ ਲਈ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣ ਲਈ 114987 ਪੌਂਡ ਅਤੇ ਮਿਡਲੋਥੀਅਨ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਕਲਾਸਾਂ ਲਈ 23,075 ਪੌਂਡ ਸ਼ਾਮਲ ਹਨ।
ਇਹ ਪ੍ਰੋਜੈਕਟ ਈਯੂ ਪਨਾਹ, ਪ੍ਰਵਾਸ ਅਤੇ ਏਕੀਕਰਣ ਪ੍ਰੋਗਰਾਮ ਦੁਆਰਾ ਫੰਡ ਕੀਤਾ ਗਿਆ ਹੈ ਅਤੇ ਨਿਊ ਸਕਾਟਿਸ਼ ਰਫਿਊਜੀ ਇੰਟੀਗਰੇਸ਼ਨ ਡਲਿਵਰੀ ਪ੍ਰੋਜੈਕਟ ਦਾ ਹਿੱਸਾ ਹੈ। ਇਸਦੀ ਅਗਵਾਈ ਸਕਾਟਿਸ਼ ਸਰਕਾਰ ਦੁਆਰਾ ਸਕਾਟਿਸ਼ ਸਥਾਨਕ ਅਧਿਕਾਰੀਆਂ ਦੀ ਅੰਬਰੇਲਾ ਬਾਡੀ ਕੋਸਲਾ, ਸਕਾਟਿਸ਼ ਰਫਿਊਜੀ ਕੌਂਸਲ ਅਤੇ ਗਲਾਸਗੋ ਯੂਨੀਵਰਸਿਟੀ ਨਾਲ ਸਾਂਝੇਦਾਰੀ ਵਿੱਚ ਕੀਤੀ ਜਾਂਦੀ ਹੈ।
ਸਕਾਟਲੈਂਡ ਦੇ ਸਮਾਜਿਕ ਨਿਆਂ ਸਕੱਤਰ ਅਨੁਸਾਰ ਸਕਾਟਲੈਂਡ ਦਾ ਵਿਸ਼ਵ ਭਰ ਦੇ ਸ਼ਰਨਾਰਥੀਆਂ ਦਾ ਸਵਾਗਤ ਕਰਨ ਦਾ ਲੰਬਾ ਇਤਿਹਾਸ ਹੈ। ਇਸ ਸਹਾਇਤਾ ਨਾਲ ਸਕਾਟਲੈਂਡ ਵਿੱਚ ਆਉਣ ਵਾਲੇ ਸ਼ਰਨਾਰਥੀਆਂ ਨੂੰ ਦੁਬਾਰਾ ਆਪਣਾ ਜੀਵਨ ਬਿਹਤਰ ਬਨਾਉਣ ਵਿੱਚ ਮੱਦਦ ਮਿਲੇਗੀ।