ਚੰਡੀਗੜ੍ਹ – ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਕਲਾਕਾਨ, ਕਾਰਾਬਾਗ਼ ਅਤੇ ਪਗਮਾਨ ਜ਼ਿਲਿ੍ਹਆਂ ’ਤੇ ਕਬਜ਼ਾ ਕਰਨ ਤੋਂ ਬਾਅਦ ਸਥਾਨਕ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ। ਬੇਕਾਬੂ ਹੁੰਦੇ ਹਾਲਾਤਾਂ ਦੇ ਮੱਦੇਨਜ਼ਰ ਜਿੱਥੇ ਦੁਨੀਆਂ ਭਰ ’ਚ ਵਸਦੇ ਅਫਗਾਨ ਲੋਕਾਂ ’ਚ ਸਹਿਮ ਦਾ ਮਾਹੌਲ ਹੈ ਉਥੇ ਹੀ ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਅਫ਼ਗਾਨਿਸਤਾਨ ਤੋਂ ਪੜ੍ਹਾਈ ਕਰ ਰਹੇ ਵੱਡੀ ਗਿਣਤੀ ਵਿਦਿਆਰਥੀਆਂ ਵੱਲੋਂ ਅਫ਼ਗਾਨਿਸਤਾਨ ’ਚ ਪੈਦਾ ਹੋਏ ਹਾਲਾਤਾਂ ਸਬੰਧੀ ਚਿੰਤਾ ਜ਼ਾਹਿਰ ਕੀਤੀ ਗਈ ਹੈ। ਅਫ਼ਗਾਨਿਸਤਾਨ ’ਚ ਪੈਦਾ ਹੋਏ ਬੇਹੱਦ ਨਾਜ਼ੁਕ ਹਾਲਾਤਾਂ ਦਾ ਹਵਾਲਾ ਦਿੰਦਿਆਂ ਸ਼ਾਂਤੀ ਬਹਾਲੀ ਲਈ ਉਨ੍ਹਾਂ ਭਾਰਤ ਸਰਕਾਰ ਸਮੇਤ ਸਮੁੱਚੀ ਅੰਤਰਰਾਸ਼ਟਰੀ ਕਮਿਊਨਟੀ ਅੱਗੇ ਮਦਦ ਦੀ ਗੁਹਾਰ ਲਗਾਈ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਖੇ 250 ਤੋਂ ਵੱਧ ਅਫ਼ਗਾਨ ਵਿਦਿਆਰਥੀ ਵੱਖ-ਵੱਖ ਕੋਰਸਾਂ ਅਧੀਨ ਸਿੱਖਿਆ ਹਾਸਲ ਕਰ ਰਹੇ ਹਨ।ਅਫ਼ਗਾਨ ਵਿਦਿਆਰਥੀ ਵਰਗ ਆਪਣੇ ਪਰਿਵਾਰਾਂ ਅਤੇ ਦੇਸ਼ ਵਾਸੀਆਂ ਦੀ ਸਥਿਤੀ ਬਾਰੇ ਡੂੰਘੀ ਚਿੰਤਾ ਵਿੱਚ ਹਨ ਅਤੇ ਉਨ੍ਹਾਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਵਿਸ਼ਵਵਿਆਪੀ ਕਾਨੂੰਨ ਅਤੇ ਨਿਯਮਾਂ-ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਅਫ਼ਗਾਨਿਸਤਾਨ ਦੇ ਹੈਰਤ ਸ਼ਹਿਰ ਤੋਂ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀ ਰਾਮੀਨ ਨੇ ਕਿਹਾ ਕਿ ਤਾਲਿਬਾਨ ਦਿਨ ਪ੍ਰਤੀ ਦਿਨ ਅਫ਼ਗਾਨਿਸਤਾਨ ’ਚ ਪੈਰ ਪਸਾਰ ਰਿਹਾ ਹੈ। ਖਰਾਬ ਹਾਲਾਤਾਂ ਕਾਰਨ ਇੰਟਰਨੈਟ ਸੇਵਾਵਾਂ ਬੰਦ ਹੋਣ ਕਾਰਨ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦੀ ਸੁਰੱਖਿਆ ਨੂੰ ਲੈ ਕੇ ਵਿਦਿਆਰਥੀਆਂ ’ਚ ਸਹਿਮ ਦਾ ਮਾਹੌਲ ਹੈ, ਕਿਉਂਕਿ ਕਈ ਇਲਾਕਿਆਂ ’ਚ ਸੰਚਾਰ ਸੇਵਾਵਾਂ ਬੰਦ ਹੋਣ ਕਾਰਨ ਉਹ ਆਪਣੇ ਪਰਿਵਾਰਾਂ ਨਾਲ ਸੰਪਰਕ ਬਣਾਉਣ ’ਚ ਅਸਫ਼ਲ ਰਹੇ ਹਨ।ਉਨ੍ਹਾਂ ਭਾਰਤ ਸਰਕਾਰ ਸਮੇਤ ਦੁਨੀਆਂ ਭਰ ਦੀਆਂ ਸ਼ਾਂਤੀ ਪਸੰਦ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਨਸਾਨੀਅਤ ਦੇ ਤੌਰ ’ਤੇ ਅਜਿਹੇ ਮੁਸ਼ਕਲ ਸਮਿਆਂ ’ਚ ਅਫ਼ਗਾਨਿਸਤਾਨ ’ਚ ਸ਼ਾਂਤੀ ਦੀ ਬਹਾਲੀ ਅਤੇ ਵਿਦਿਆਰਥੀਆਂ ਦੀ ਸਹਾਇਤਾ ਲਈ ਸਮੂਹ ਸੰਸਥਾਵਾਂ ਅੱਗੇ ਆਉਣ ਤਾਂ ਜੋ ਉਨ੍ਹਾਂ ਦੀ ਉਚੇਰੀ ਸਿੱਖਿਆ ’ਤੇ ਕਿਸੇ ਕਿਸਮ ਦਾ ਕੋਈ ਪ੍ਰਭਾਵ ਨਾ ਪਵੇ।
ਇਸ ਮੌਕੇ ਕਾਬੁਲ ਤੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਐਮ.ਬੀ.ਏ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਸੁਖਰੁੱਲ੍ਹਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਸਿੱਖਿਆ ਸੰਸਥਾਵਾਂ ਬੰਦ ਹੋਣ ਕਾਰਨ ਬਹੁਤ ਸਾਰੇ ਵਿਦਿਆਰਥੀ ਅਫ਼ਗਾਨਿਸਤਾਨ ਫਸੇ ਹੋਏ ਹਨ।ਹਵਾਈ ਸੇਵਾਵਾਂ ਬੰਦ ਹੋਣ ਕਾਰਨ ਵਿਦਿਆਰਥੀਆਂ ਨੂੰ ਵੱਡੀਆਂ ਚਣੌਤੀਆਂ ਦਰਪੇਸ਼ ਆ ਰਹੀਆਂ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਇਨ੍ਹਾਂ ਵਿਦਿਆਰਥੀਆਂ ਨੂੰ ਉੱਥੋਂ ਕੱਢਣ ਲਈ ਲੋੜੀਂਦੇ ਕਦਮ ਚੁੱਕੇ ਜਾਣ।ਕਾਬੁਲ ਤੋਂ ’ਵਰਸਿਟੀ ਵਿਖੇ ਬੀ.ਬੀ.ਏ ਦੇ ਵਿਦਿਆਰਥੀ ਮੁਸ਼ਤਫ਼ਾ ਨੇ ਕਿਹਾ ਕਿ ਭਾਰਤ ਵਿੱਚ ਬਹੁਤ ਸਾਰੇ ਅਜਿਹੇ ਅਫ਼ਗਾਨ ਵਿਦਿਆਰਥੀ ਹਨ, ਜਿਨ੍ਹਾਂ ਦੇ ਵੀਜ਼ੇ ਜਾਂ ਪਾਸਪੋਰਟ ਦੀ ਮਿਆਦ ਖ਼ਤਮ ਹੋ ਵਾਲੀ ਹੈ, ਜਿਸ ਦੇ ਮੱਦੇਨਜ਼ਰ ਉਸਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅੰਬੈਸੀਆਂ ਬੰਦ ਹੋਣ ਕਾਰਨ ਉਨ੍ਹਾਂ ਨੂੰ ਭਾਰਤ ’ਚ ਰਹਿਣ ਦੀ ਮਨਜ਼ੂਰੀ ਦਿੰਦਿਆਂ ਵੀਜ਼ਾ ਮਿਆਦ ਵਧਾਈ ਜਾਵੇ।ਉਸਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਬਦਲੇ ਰਾਜਸੀ ਹਾਲਾਤਾਂ ਨੇ ਅਫ਼ਗਾਨੀ ਵਿਦਿਆਰਥੀਆਂ ਦੇ ਭਵਿੱਖ ਅੱਗੇ ਨਵੀਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ।