ਸਰੀ, (ਹਰਦਮ ਮਾਨ) – ਐਨ.ਡੀ.ਪੀ. ਦੀ ਸਰਕਾਰ ਬਣਨ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੁਨਾਫ਼ਾ ਕਮਾ ਰਹੀਆਂ ਕਾਰਪੋਰੇਸ਼ਨਾਂ, ਅਮੀਰ ਸੀਈਓ ਅਤੇ ਸ਼ੇਅਰਧਾਰਕ ਕੈਨੇਡੀਅਨ ਟੈਕਸ ਵਿਚ ਆਪਣਾ ਸਹੀ ਅਤੇ ਬਣਦਾ ਹਿੱਸਾ ਅਦਾ ਕਰਨ। ਇਹ ਵਿਚਾਰ ਪ੍ਰਗਟ ਕਰਦਿਆਂ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਕੈਨੇਡੀਅਨ ਲੋਕਾਂ ਨੂੰ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਅਤੇ ਸਿਰਾਂ ਦੀ ਛੱਤ ਬਚਾਉਣ ਲਈ ਤਰੱਦਦ ਕਰਨਾ ਪੈ ਰਿਹਾ ਹੈ ਅਤੇ ਮਹਾਂਮਾਰੀ ਨੇ ਲੋਕਾਂ ਦੇ ਹਾਲਾਤ ਹੋਰ ਵੀ ਬਦਤਰ ਬਣਾ ਦਿੱਤੇ ਹਨ। ਪਰਿਵਾਰਾਂ ਨੂੰ ਲੋੜ ਅਨੁਸਾਰ ਦਵਾਈਆਂ ਦੇਣ ਅਤੇ ਡੈਂਟਲ ਸਹਾਇਤਾ ਪ੍ਰਦਾਨ ਕਰਨ ਦੀ ਬਜਾਏ ਜਸਟਿਨ ਟਰੂਡੋ ਨੇ ਆਪਣੇ ਵੱਡੇ ਮਿੱਤਰਾਂ ਅਤੇ ਅਮੀਰ ਕਾਰਪੋਰੇਸ਼ਨਾਂ ਨੂੰ ਸਬਸਿਡੀ ਦੇ ਕੇ ਖੁਸ਼ ਕੀਤਾ ਹੈ।
ਐਨਡੀਪੀ ਆਗੂ ਨੇ ਕਿਹਾ ਕਿ ਜਦੋਂ ਕੈਨੇਡੀਅਨ ਐਮਰਜੈਂਸੀ ਵੇਜ ਸਬਸਿਡੀ ਬਿੱਲ ਪੇਸ਼ ਕੀਤਾ ਗਿਆ ਸੀ ਤਾਂ ਐਨ.ਡੀ.ਪੀ. ਨੇ ਜਸਟਿਨ ਟਰੂਡੋ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਸ ਸਬਸਿਡੀ ਦੀ ਵਰਤੋਂ ਲਈ ਸ਼ਰਤਾਂ ਨਿਰਧਾਰਤ ਨਾ ਕੀਤੀਆਂ ਗਈਆਂ ਤਾਂ ਇਹ ਰਕਮ ਕੰਪਨੀਆਂ ਦੇ ਸੀਈਓਜ਼ ਕੋਲ ਰਹਿ ਜਾਵੇਗੀ ਨਾ ਕਿ ਵਰਕਰਾਂ ਕੋਲ ਜਾਵੇਗੀ। ਪਰ ਟਰੂਡੋ ਸਰਕਾਰ ਨੇ ਇਸ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਦੀਆਂ ਵੱਡੀਆਂ ਕਾਰਪੋਰੇਸ਼ਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਲੱਖਾਂ ਡਾਲਰ ਦਿੱਤੇ ਜਦੋਂ ਕਿ ਦਗ਼ਜੇ ਪਾਸੇ ਛੋਟੇ ਕਾਰੋਬਾਰੀਆਂ ਨੂੰ ਆਪਣੇ ਧੰਦੇ ਬੰਦ ਕਰਨ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਕੰਪਨੀਆਂ ਦੇ ਸੀਈਓਜ਼ ਨੂੰ ਦਿੱਤੇ ਲੱਖਾਂ ਡਾਲਰਾਂ ਨੂੰ ਮੁੜ ਪ੍ਰਾਪਤ ਕਰਨਾ ਐਨਡੀਪੀ ਦੀ ਯੋਜਨਾ ਦਾ ਸਿਰਫ ਇੱਕ ਹਿੱਸਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਵੱਡੇ ਅਮੀਰ ਲੋਕ ਆਪਣੇ ਵਾਜਬ ਹਿੱਸੇ ਦਾ ਭੁਗਤਾਨ ਕਰਨ।
ਜਗਮੀਤ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਵੱਡੀਆਂ ਕਾਰਪੋਰੇਸ਼ਨਾਂ ਨੂੰ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ ਤਾਂ ਜਸਟਿਨ ਟਰੂਡੋ ਤੁਰੰਤ ਹਾਜਰ ਹੁੰਦੇ ਹਨ ਪਰ ਜਦੋਂ ਆਮ ਲੋਕਾਂ ਦੀ ਮਦਦ ਦੀ ਲੋੜ ਹੁੰਦੀ ਹੈ ਤਾਂ ਉਨ੍ਹਾਂ ਨੂੰ ਨਿਰਾਸ਼ਾ ਹਾਸਲ ਹੁੰਦੀ ਹੈ। ਕੈਨੇਡੀਅਨ ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ “ਅਸੀਂ ਤੁਹਾਡੇ ਅਤੇ ਤੁਹਾਡੇ ਪਰਿਵਾਰਾਂ ਲਈ ਲੜ ਰਹੇ ਹਾਂ। ”