ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਲੋਕ ਆਪਣੇ ਘਰਾਂ ਵਿੱਚ ਵਿਦੇਸ਼ੀ ਜਾਨਵਰ, ਜਿਹਨਾਂ ਵਿੱਚ ਸੱਪ, ਮੱਕੜੀਆਂ, ਬਿੱਲੀਆਂ, ਬਾਂਦਰ, ਡੱਡੂ, ਦੁਰਲੱਭ ਕਿਰਲੀਆਂ ਆਦਿ ਨੂੰ ਪਾਲਤੂ ਜਾਨਵਰਾਂ ਵਜੋਂ ਰੱਖਦੇ ਹਨ। ਪਰ ਕਈ ਵਾਰ ਇਹਨਾਂ ਜਾਨਵਰਾਂ ਦੇ ਮਾਲਕ ਇਹਨਾਂ ਦੀ ਦੇਖਭਾਲ ਸਹੀ ਤਰੀਕੇ ਨਾਲ ਨਹੀਂ ਕਰਦੇ ਅਤੇ ਇਹਨਾਂ ਦੀ ਜਿੰਦਗੀ ਖਤਰੇ ਵਿੱਚ ਪੈ ਜਾਂਦੀ ਹੈ। ਅਜਿਹੇ ਹੀ ਵਿਦੇਸ਼ੀ ਦੁਰਲੱਭ ਪਾਲਤੂ ਜਾਨਵਰਾਂ ਦੀ ਜਿੰਦਗੀ ਸਕਾਟਿਸ਼ ਪਸ਼ੂ ਭਲਾਈ ਵਿਭਾਗ ਦੁਆਰਾ ਬਚਾਈ ਗਈ ਹੈ। ਸਕਾਟਿਸ਼ ‘ਐਨੀਮਲ ਵੈਲਫੇਅਰ’ ਦੇ ਅਧਿਕਾਰੀਆਂ ਨੇ ਮਾਲਕਾਂ ਦੀ ਅਣਗਹਿਲੀ ਦੇ ਡਰ ਤੋਂ ਦੋ ਸਾਲਾਂ ਵਿੱਚ 700 ਤੋਂ ਵੱਧ ਵਿਦੇਸ਼ੀ ਪਾਲਤੂ ਜਾਨਵਰਾਂ ਨੂੰ ਬਚਾਇਆ, ਜਿਸ ਵਿੱਚ ਸੱਪ, ਗੈਕੋਸ (ਦੁਰਲੱਭ ਕਿਰਲੀਆਂ), ਬਾਂਦਰ ਅਤੇ ਹੋਰ ਜਾਨਵਰ ਸ਼ਾਮਲ ਹਨ। ਸਕਾਟਿਸ਼ ਮਾਲਕਾਂ ਦੁਆਰਾ ਜਾਨਵਰਾਂ ਦੀ ਦੇਖਭਾਲ ਨਾ ਕਰਨ ਤੋਂ ਬਾਅਦ 134 ਕੱਛੂਕੁੰਮੇ, 64 ਘੋਗੇ, 12 ਡੱਡੂ ਵੀ ਬਚਾਏ ਗਏ। ਇਸਦੇ ਇਲਾਵਾ ਇਸ ਸੰਸਥਾ ਦੁਆਰਾ ਬਚਾਏ ਗਏ 264 ਸੱਪਾਂ ਵਿੱਚੋਂ, 17 ਬੋਆ ਅਤੇ ਦਸ ਜਾਦੂਗਰ ਅਜਗਰ ਸਨ , ਜੋ ਕਿ ਦੁਨੀਆ ਦੀ ਸਭ ਤੋਂ ਲੰਬੀ ਸੱਪਾਂ ਦੀ 16 ਫੁੱਟ ਲੰਬੀ ਪ੍ਰਜਾਤੀ ਹੈ। ਇਸ ਸਕਾਟਿਸ਼ ਪਸ਼ੂ ਭਲਾਈ ਸੰਸਥਾ ਅਨੁਸਾਰ ਇਹਨਾਂ ਜਾਨਵਰਾਂ ਦੇ ਮਾਲਕ ਇਹਨਾਂ ਪ੍ਰਤੀ ਅਣਗਹਿਲੀ ਕਰਨ ਦੇ ਨਾਲ ਨਿਰਦਈ ਹੁੰਦੇ ਹਨ। ਜਦਕਿ ਕਈ ਮਾਲਕ ਆਪਣੇ ਪਾਲਤੂ ਜਾਨਵਰਾਂ ਦੀ ਦੇਖਭਾਲ ਕਰਨ ਦੇ ਯੋਗ ਨਹੀਂ ਹੁੰਦੇ। ਇਸ ਲਈ ਇਹਨਾਂ ਜਾਨਵਰਾਂ ਨੂੰ ਤਬਦੀਲ ਕਰਕੇ ਵਿਭਾਗ ਦੇ ਪਸ਼ੂ ਬਚਾਅ ਕੇਂਦਰਾਂ ਵਿੱਚ ਰੱਖਿਆ ਜਾਂਦਾ ਹੈ।
ਸਕਾਟਿਸ਼ ਪਸ਼ੂ ਭਲਾਈ ਵਿਭਾਗ ਨੇ 2 ਸਾਲਾਂ ਵਿੱਚ 700 ਤੋਂ ਵੱਧ ਵਿਦੇਸ਼ੀ ਪਾਲਤੂ ਜਾਨਵਰ ਬਚਾਏ
This entry was posted in ਅੰਤਰਰਾਸ਼ਟਰੀ.