ਨਵੀਂ ਦਿੱਲੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਲ ਹੀ ਰਾਜਨੀਤਕ ਚੋਣਾਂ ਵਿੱਚ ਇੱਕੋ ਪ੍ਰਧਾਨ ਦੀ ਅਗਵਾਈ ਹੇਠ ਰਜਿਸਟਰਡ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਪਾਰਟੀ ਦੀ ਮਾਨਤਾ ਨੂੰ ਰੱਦ ਕਰਨ ਲਈ ਅੱਜ ਜਾਗੋ ਪਾਰਟੀ ਵੱਲੋਂ ਭਾਰਤੀ ਚੋਣ ਕਮਿਸ਼ਨ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਨਿਰਵਾਚਨ ਸਦਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਸੰਭਾਲਣ ਅਤੇ ਪੰਥਕ ਰਵਾਇਤਾਂ ਦੀ ਰਾਖੀ ਲਈ ਕੀਤੀ ਗਈ ਸੀ। ਪਰ ਇਸ ਸਮੇਂ ਅਕਾਲੀ ਦਲ ਦੀ ਰਾਜਨੀਤਕ ਵਿੰਗ ਧਾਰਮਿਕ ਪ੍ਰਬੰਧਾਂ ਤੇ ਹਾਵੀ ਹੋ ਗਈ ਹੈ, ਜਿਸ ਕਾਰਨ ਸਿੱਖ ਮਸਲਿਆਂ ਅਤੇ ਸਿੱਖ ਭਲਾਈ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਲਈ ਮੈਂ ਧਾਰਮਿਕ ਚੋਣਾਂ ਲੜਨ ਲਈ ਆਪਣੀ ਪਟੀਸ਼ਨ ਵਿੱਚ ਅਕਾਲੀ ਦਲ ਦਾ ਸਮਰਥਨ ਕੀਤਾ ਹੈ ਅਤੇ ਰਾਜਨੀਤਿਕ ਪਾਰਟੀ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ ਹੈ।
ਜੀਕੇ ਨੇ ਦਾਅਵਾ ਕੀਤਾ ਕਿ ਸਿੱਖਾਂ ਨੂੰ ਇਹ ਸੋਚ ਕੇ ਮੂਰਖ ਬਣਾਇਆ ਜਾ ਰਿਹਾ ਹੈ ਕਿ ਅਕਾਲੀ ਦਲ ਸਿਰਫ਼ ਸਿੱਖੀ ਦੀ ਬਿਹਤਰੀ ਲਈ ਕੰਮ ਕਰ ਰਿਹਾ ਹੈ। ਜਦੋਂ ਕਿ ਸਚਾਈ ਇਸ ਦੇ ਉਲਟ ਹੈ, ਸਿੱਖਾਂ ਦੇ ਇਸਾਈ ਬਣਨ ਦੀ ਦਰ ਲਗਾਤਾਰ ਵਧ ਰਹੀ ਹੈ, ਇਸ ਚਿੰਤਾਜਨਕ ਤੌਰ ਤੇ ਵੱਧ ਰਹੀ ਦਰ ਨੂੰ ਸਿੱਖ ਧਾਰਮਿਕ ਸੰਸਥਾਵਾਂ ਦੇ ਮਿਆਰ ਅਤੇ ਵੱਕਾਰ ਨੂੰ ਢਾਹ ਲਾਉਣ ਦਾ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਸਿਧਾਂਤ ਸਿੱਖ ਭਾਈਚਾਰੇ ਨੂੰ ਅਧਿਆਤਮਕ ਅਤੇ ਵਿੱਦਿਅਕ ਖੁਰਾਕ ਪ੍ਰਦਾਨ ਕਰਨ ਅਤੇ ਸਿੱਖ ਭਾਈਚਾਰੇ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਗੁਰਦੁਆਰਿਆਂ ਦੇ ਲੋੜੀਂਦੇ ਫ਼ੰਡਾਂ ਦੀ ਵਰਤੋਂ ਕਰਨ ‘ਤੇ ਜ਼ੋਰ ਦਿੰਦਾ ਹੈ, ਜੋ ਕਿ ਹੁਣ ਸਪਸ਼ਟ ਤੌਰ’ ਤੇ ਗ਼ਾਇਬ ਹੈ। ਕਿਉਂਕਿ ਗੁਰਦੁਆਰਿਆਂ ਵਿੱਚ ਪ੍ਰਾਪਤ ਹੋਇਆ ਪੈਸਾ ਸਿੱਖ ਭਾਈਚਾਰੇ ਦੀ ਭਲਾਈ ਲਈ ਨਹੀਂ ਵਰਤਿਆ ਜਾ ਰਿਹਾ, ਇਸ ਲਈ ਇਸ ਦੀ ਵਰਤੋਂ ਰਾਜਨੀਤਕ ਚੋਣਾਂ ਵਿੱਚ ਪਾਰਟੀ ਦੀ ਚੜ੍ਹਦੀਕਲਾ ਲਈ ਕੀਤੀ ਜਾ ਰਹੀ ਹੈ। ਸੰਵਿਧਾਨ ਵਿੱਚ ਦੱਸੇ ਗਏ ਨਿਯਮਾਂ ਦੇ ਵਿਰੁੱਧ ਇੱਕ ਰਾਜਨੀਤਿਕ ਪਾਰਟੀ ਵਜੋਂ ਇੱਕ ਧਾਰਮਿਕ ਪਾਰਟੀ ਦਾ ਚੋਣ ਲੜਨਾ ਭਾਰਤ ਦੇ ਸੰਵਿਧਾਨ ਅਤੇ ਲੋਕਤੰਤਰ ਲਈ ਘੋਰ ਅਪਵਿੱਤਰ ਹੈ। ਕਿਉਂਕਿ ਇੱਕ ਰਜਿਸਟਰਡ ਰਾਜਨੀਤਿਕ ਪਾਰਟੀ ਦੇ ਪ੍ਰਧਾਨ ਤੋਂ ਧਰਮ ਨਿਰਪੱਖ ਵਫ਼ਾਦਾਰੀ ਦੀ ਪਾਲਨਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਜੇ ਅਜਿਹਾ ਨਹੀਂ ਹੁੰਦਾ, ਤਾਂ ਇਹ ਭਾਰਤੀ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ, ਪਰ ਅਕਾਲੀ ਦਲ ਰਾਜਨੀਤਕ ਮੁਫਾਦਾਂ ਲਈ ਧਾਰਮਿਕ ਸੰਸਥਾਵਾਂ ਦੇ ਢਾਂਚੇ, ਸਾਧਨਾਂ ਅਤੇ ਸਟਾਫ਼ ਦੀ ਵਰਤੋਂ ਕਰਕੇ ਸਿਸਟਮ ਨੂੰ ਜ਼ਬਰਦਸਤੀ ਪ੍ਰਦੂਸ਼ਿਤ ਕਰ ਰਿਹਾ ਹੈ।