ਵਾਸ਼ਿੰਗਟਨ – ਅਫ਼ਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਅਮਰੀਕਾ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਤਾਲਿਬਾਨ ਨੂੰ ਕੈਸ਼ ਮਨੀ ਤੋਂ ਦੂਰ ਰੱਖਿਆ ਜਾਵੇ। ਇਸੇ ਕਰਕੇ ਅਮਰੀਕਾ ਨੇ ਅਫ਼ਗਾਨਿਸਤਾਨ ਦੇ ਸੈਂਟਰਲ ਬੈਂਕ ਦੀ 9.5 ਅਰਬ ਡਾਲਰ ਦੀ ਸੰਪਤੀ ਫਰੀਜ਼ ਕਰ ਦਿੱਤੀ ਹੈ। ਤਾਲਿਬਾਨ ਦੇ ਹੱਥ ਦੇਸ਼ ਦਾ ਪੈਸਾ ਨਾ ਚਲਿਆ ਜਾਵੇ, ਇਸ ਲਈ ਅਫ਼ਗਾਨਿਸਤਾਨ ਨੂੰ ਨਕਦੀ ਮੁਹਈਆ ਕਰਵਾਉਣ ਤੇ ਅਜੇ ਰੋਕ ਲਗਾ ਦਿੱਤੀ ਗਈ ਹੈ। ਅਮਰੀਕੀ ਵਿੱਤ ਵਿਭਾਗ ਨੇ ਫੈਡਰਲ ਰਿਜ਼ਰਵ ਅਤੇ ਅਮਰੀਕੀ ਬੈਂਕਾਂ ਦੁਆਰਾ ਤਾਲਿਬਾਨ ਕੋਲ ਨਕਦ ਭੰਡਾਰ ਜਾਣ ਤੋਂ ਰੋਕਣ ਦੇ ਲਈ ਇਹ ਕਦਮ ਉਠਾਏ ਗਏ ਹਨ।
ਅਮਰੀਕਾ ਵੱਲੋਂ ਤਾਲਿਬਾਨ ਤੇ ਰੋਕਾਂ ਲਗਾਉਣ ਦਾ ਮਤਲੱਬ ਹੈ ਕਿ ਉਹ ਹੁਣ ਕਿਸੇ ਵੀ ਫੰਡ ਦੀ ਵਰਤੋਂ ਨਹੀਂ ਕਰ ਸਕਦਾ। ਵਿੱਤ ਵਿਭਾਗ ਨੇ ਇਸ ਸਬੰਧੀ ਕੋਈ ਵੀ ਟਿਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵਾਈਟ ਹਾਊਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਅਮਰੀਕਾ ਦੁਆਰਾ ਦਿੱਤੇ ਗਏ ਜਿਹੜੇ ਹੱਥਿਆਰਾਂ ਤੇ ਕਬਜ਼ਾ ਕਰ ਲਿਆ ਹੈ, ਉਨ੍ਹਾਂ ਨੂੰ ਵਾਪਿਸ ਕਰਨ ਦੀ ਫਿਲਹਾਲ ਕੋਈ ਉਮੀਦ ਨਹੀਂ ਹੈ। ਅਮਰੀਕੀ ਸੈਨਾ ਦੀ ਵਾਪਸੀ ਦੇ ਮੁੱਦੇ ਤੇ ਰਾਸ਼ਟਰਪਤੀ ਬਾਈਡਨ ਦੇ ਨਿਰਣੇ ਦਾ ਬਚਾਅ ਕਰਦੇ ਹੋਏ ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਨੇ ਕਿਹਾ ਕਿ ਬਾਈਡਨ ਨਹੀਂ ਚਾਹੁੰਦੇ ਕਿ ਅਮਰੀਕੀ ਸੈਨਿਕ ਕਿਸੇ ਦੂਸਰੇ ਦੇਸ਼ ਵਿੱਚ ਯੁੱਧ ਕਰਨ ਅਤੇ ਆਪਣੀਆਂ ਜਾਨਾਂ ਗਵਾਉਣ।
ਰਾਸ਼ਟਰਪਤੀ ਬਾਈਡਨ ਨੇ ਵੀ ਹਾਲ ਹੀ ਵਿੱਚ ਬਿਆਨ ਦਿੱਤਾ ਸੀ ਕਿ ਜੇ ਅਫ਼ਗਾਨਿਸਤਾਨ ਦੇ ਨੇਤਾ ਤਾਲਿਬਾਨ ਨਾਲ ਮੁਕਾਬਲਾ ਕਰਨ ਦੀ ਜਗ੍ਹਾ ਦੇਸ਼ ਛੱਡ ਕੇ ਭੱਜ ਰਹੇ ਹਨ ਅਤੇ ਉਨ੍ਹਾਂ ਦੇ ਸੈਨਾ ਵੀ ਜੰਗ ਕਰਨ ਦੀ ਬਜਾਏ ਤਾਲਿਬਾਨ ਅੱਗੇ ਹੱਥਿਆਰ ਸੁੱਟ ਰਹੀ ਹੈ ਤਾਂ ਫਿਰ ਸਾਡੇ ਜਵਾਨ ਉਨ੍ਹਾਂ ਦੀ ਖਾਤਿਰ ਯੁੱਧ ਕਿਉਂ ਕਰਨ? ਅਸੀਂ ਆਪਣੇ ਸੈਨਿਕਾਂ ਨੂੰ ਉਥੇ ਮਰਨ ਲਈ ਕਿਉਂ ਛੱਡੀਏ?