ਸਰੀ, (ਹਰਦਮ ਮਾਨ) – ਸਰੀ ਵਿਚ ਦਸੰਬਰ 2020 ਤੋਂ ਭਾਰਤੀ ਕਿਸਾਨਾਂ ਦੇ ਸਮੱਰਥਨ ਵਿਚ 72 ਐਵੀਨਿਊ ਤੇ ਸਕਾਟ ਰੋਡ ਤੇ 128 ਸਟਰੀਟ ਉਪਰ ਅਤੇ ਬੀਅਰ ਕਰੀਕ ਪਾਰਕ ਦੇ ਨਜ਼ਦੀਕ 88 ਐਵੀਨਿਊ ਅਤੇ ਕਿੰਗ ਜਾਰਜ ਬੁਲੇਵਰਡ ਦੇ ਇੰਟਰ ਸੈਕਸ਼ਨ ਉਪਰ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਹਰ ਰੋਜ਼ ਸ਼ਾਮ ਨੂੰ ਕਿਸਾਨ ਹਮਾਇਤੀ ਆਪਣੇ ਹੱਥਾਂ ਵਿਚ ਬੈਨਰ ਫੜ ਕੇ ਸੜਕਾਂ ਤੇ ਜਾ ਰਹੇ ਵਾਹਨ ਚਾਲਕਾਂ ਤੀਕ ਭਾਰਤੀ ਕਿਸਾਨਾਂ ਦੀ ਆਵਾਜ਼ ਪੁਚਾ ਰਹੇ ਹਨ। ਬਹੁਤ ਸਾਰੇ ਵਾਹਨ ਚਾਲਕ (ਵਿਸ਼ੇਸ਼ ਕਰਕੇ ਭਾਰਤੀ ਮੂਲ ਨਾਲ ਸਬੰਧਤ) ਜਦੋਂ ਇਨ੍ਹਾਂ ਚੌਂਕਾਂ ਵਿਚ ਗੁਜ਼ਰਦੇ ਹਨ ਤਾਂ ਉਹ ਵੀ ਹਾਰਨ ਮਾਰ ਕੇ ਆਪਣੀ ਹਮਾਇਤ ਦਾ ਪ੍ਰਗਟਾਵਾ ਕਰਦੇ ਹਨ।
ਬੀਅਰ ਕਰੀਕ ਲਾਗਲੇ ਚੌਂਕ ਵਿਚ ਰੋਜ਼ਾਨਾ ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਕਿਸਾਨ ਹਮਾਇਤ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਕਿਸਾਨਾਂ ਦੇ ਹੱਕ ਵਿਚ ਗੀਤ ਵਜਦੇ ਹਨ ਅਤੇ ਕੋਲਡ ਡਰਿੰਕਸ, ਚਾਹ, ਸਮੋਸੇ, ਪੀਜ਼ਿਆਂ ਦਾ ਲੰਗਰ ਵੀ ਚੱਲਦਾ ਹੈ। ਇਸ ਪ੍ਰਦਰਸ਼ਨ ਵਿਚ ਕੁਲਵੰਤ ਸਿੰਘ, ਬੰਟੀ, ਮਨਦੀਪ ਸਿੰਘ, ਪ੍ਰੀਤ ਸਿੰਘ, ਤੇਜਿੰਦਰ ਸਿੰਘ, ਅਮਰਜੀਤ ਸਿੰਘ, ਗੁਰਿੰਦਰ ਸਿੰਘ, ਮਨਜੀਤ ਸਿੰਘ ਐਬਟਸਫਖ਼ਰਡ, ਅਵਤਾਰ ਸਿੰਘ ਸ਼ੇਰਗਿੱਲ, ਦਿਲਾਵਰ ਸਿੰਘ ਕੰਗ, ਬਲਵਿੰਦਰ ਸਿੰਘ ਬਰਾੜ, ਕੁਲਦੀਪ ਸਿੰਘ ਸੇਖੋਂ ਅਤੇ ਹੋਰ ਕਈ ਆਗੂ ਸਟੂਡੈਂਟਸ, ਔਰਤਾਂ, ਬੱਚਿਆਂ ਸਮੇਤ ਆਪਣੀ ਹਾਜਰੀ ਲੁਆਉਂਦੇ ਹਨ।