ਸਰੀ — ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੋਤਾ ਸਿੰਘ ਝੀਤਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਭਾਰਤ ਤੋਂ ਨਾਵਲਕਾਰ ਮਿੱਤਰ ਸੈਨ ਮੀਤ ਨੇ ਮੁੱਖ ਬੁਲਾਰੇ ਦੇ ਤੌਰ ਤੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਸਿੱਖ ਵਿਦਵਾਨ ਸਿਰਦਾਰ ਕਪੂਰ ਸਿੰਘ ਆਈ.ਸੀ.ਐਸ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਮੁੱਖ ਮਹਿਮਾਨ ਮੋਤਾ ਸਿੰਘ ਝੀਤਾ ਨੇ ਸਿਰਦਾਰ ਕਪੂਰ ਸਿੰਘ ਦੇ ਜੀਵਨ, ਉਨ੍ਹਾਂ ਦੀ ਪੰਜਾਬੀ ਸਾਹਿਤ ਅਤੇ ਪੰਜਾਬੀਅਤ ਨੂੰ ਵਡਮੁੱਲੀ ਦੇਣ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਿਰਦਾਰ ਕਪੂਰ ਹਿੰਦੀ, ਉਰਦੂ, ਸੰਸਕ੍ਰਿਤ, ਅਰਬੀ, ਅੰਗਰੇਜ਼ੀ ਅਤੇ ਹੋਰ ਕਈ ਦੇਸੀ-ਵਿਦੇਸ਼ੀ ਭਾਸ਼ਾਵਾਂ ਦੇ ਮਾਹਿਰ ਸਨ ਪਰ ਫੇਰ ਵੀ ਉਨ੍ਹਾਂ ਆਪਣੀਆਂ ਵਧੇਰੇ ਪੁਸਤਕਾਂ ਪੰਜਾਬੀ ਵਿੱਚ ਲਿਖ ਕੇ ਪੰਜਾਬੀ ਸਾਹਿਤ ਅਤੇ ਚਿੰਤਨ ਨੂੰ ਅਮੀਰ ਕੀਤਾ ਹੈ।
ਉਪਰੰਤ ਸਭਾ ਦੇ ਡਾਇਰੈਕਟਰ ਦਰਸ਼ਨ ਸੰਘਾ ਨੇ ਮੁੱਖ ਬੁਲਾਰੇ ਮਿੱਤਰ ਸੈਨ ਮੀਤ ਨਾਲ ਜਾਣ ਪਛਾਣ ਕਰਵਾਈ। ਮਿੱਤਰ ਸੈਨ ਮੀਤ ਨੇ ਵਿਸ਼ੇਸ਼ ਤੌਰ ਤੇ ਪੰਜਾਬੀ ਸਾਹਿਤਕਾਰਾਂ ਨੂੰ ਮਿਲਣ ਵਾਲੇ “ਸਾਹਿਤ ਅਕਾਦਮੀ ਪੁਰਸਕਾਰ” ਅਤੇ ਹੋਰ ਪੁਰਸਕਾਰਾਂ ਵਿਚ ਚੱਲ ਰਹੇ ਕਥਿਤ ਗੋਰਖ ਧੰਦੇ ਬਾਰੇ ਆਪਣੇ ਵਿਚਾਰ ਬੜੀ ਬੇਬਾਕੀ ਨਾਲ ਪ੍ਰਗਟ ਕੀਤੇ ਅਤੇ ਇਸ ਵਿਵਸਥਾ ਦੇ ਸੁਧਾਰ ਹਿਤ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਜਦੋਜਹਿਦ ਬਾਰੇ ਵੀ ਕੈਨਡੀਅਨ ਲੇਖਕਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਲੇਖਕਾਂ ਵੱਲੋਂ ਉਠਾਏ ਕਈ ਸ਼ੰਕੇ ਵੀ ਨਵਿਰਤ ਕੀਤੇ।
ਕਾਵਿਕ ਦੌਰ ਵਿਚ ਰੂਪਿੰਦਰ ਖਹਿਰਾ ਰੂਪੀ, ਦਰਸ਼ਨ ਸੰਘਾ, ਇੰਦਰਪਾਲ ਸਿੰਘ ਸੰਧੂ, ਹਰਚੰਦ ਸਿੰਘ ਬਾਗੜੀ, ਹਰਚੰਦ ਸਿੰਘ ਗਿੱਲ, ਸ਼ਾਹਗੀਰ ਗਿੱਲ, ਅਮਰੀਕ ਪਲਾਹੀ, ਸੁਰਜੀਤ ਸਿੰਘ ਮਾਧੋਪੁਰੀ, ਸੁਰਜੀਤ ਕਲਸੀ, ਮੰਗਤ ਕੁਲਜਿੰਦ, ਪਲਵਿੰਦਰ ਸਿੰਘ ਰੰਧਾਵਾ ਅਤੇ ਹਰਜਿੰਦਰ ਚੀਮਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੀਟਿੰਗ ਵਿਚ ਸੁੱਖੀ ਸਿੱਧੂ, ਸੁਖਦੀਪ ਸਿੰਘ ਗਿੱਲ, ਰਣਧੀਰ ਢਿੱਲੋਂ, ਗੁਰਚਰਨ ਟੱਲੇਵਾਲੀਆ ਵੀ ਸ਼ਾਮਿਲ ਸਨ।
ਇਕ ਸ਼ੋਕ ਮਤੇ ਰਾਹੀਂ ਬੰਬੇ ਬੈਂਕੁਇਟ ਹਾਲ ਦੇ ਮਾਲਿਕ ਪਾਲ ਬਰਾੜ ਅਤੇ ਗੈਰੀ ਬਰਾੜ ਦੇ ਮਾਤਾ ਅਮਰਜੀਤ ਕੌਰ ਦੀ ਅਚਾਨਕ ਮੌਤ ਉਪਰ ਦੁੱਖ ਪ੍ਰਗਟ ਕੀਤਾ ਗਿਆ। ਅੰਤ ਵਿਚ ਪ੍ਰਧਾਨ ਪ੍ਰਿਤਪਾਲ ਗਿੱਲ ਅਤੇ ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਰਾਹੀਂ ਮਹਿਮਾਨਾਂ ਅਤੇ ਲੇਖਕਾਂ ਦਾ ਧੰਨਵਾਦ ਕੀਤਾ। ਮੀਟਿੰਗ ਦੀ ਸਮੁੱਚੀ ਕਾਰਵਾਈ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਚਲਾਈ।