ਸਰੀ,(ਹਰਦਮ ਮਾਨ) – ਕੈਨੇਡਾ ਵਿਚ ਮਹਿੰਗਾਈ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਨੂੰ ਮਈ 2011 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਮੰਨਿਆ ਜਾ ਰਿਹਾ ਹੈ। ਅੰਕੜਿਆਂ ਅਨੁਸਾਰ ਜੂਨ ਮਹੀਨੇ ਵਿਚ ਮਹਿੰਗਾਈ ਦੀ ਦਰ 3.1% ਸੀ ਜੋ ਜੁਲਾਈ ਵਿਚ ਵਧ ਕੇ 3.7% ‘ਤੇ ਪਹੁੰਚ ਗਈ ਹੈ।
ਬੀਤੇ ਸਾਲ ਜੁਲਾਈ ਦੇ ਮੁਕਾਬਲੇ ਗੈਸ (ਪੈਟਰੋਲ) ਦੀਆਂ ਕੀਮਤਾਂ ‘ਚ 30% ਵਾਧਾ ਹੋਇਆ ਹੈ। ਘਰ-ਮਾਲਕ ਬਦਲਣ ਦੀ ਲਾਗਤ ਸਾਲ-ਦਰ-ਸਾਲ 13.8 ਪ੍ਰਤੀਸ਼ਤ ਵਧੀ ਹੈ ਜੋ ਕਿ ਅਕਤੂਬਰ 1987 ਤੋਂ ਬਾਅਦ ਸਭ ਤੋਂ ਵੱਡਾ ਵਾਧਾ ਹੈ। ਇਸੇ ਤਰ੍ਹਾਂ ਹੋਰ ਵਸਤੂਆਂ ਦੀਆਂ ਕੀਮਤਾਂ ਜੁਲਾਈ ਵਿੱਚ ਪੰਜ ਪ੍ਰਤੀਸ਼ਤ ਦੀ ਸਾਲਾਨਾ ਦਰ ਨਾਲ ਵਧੀਆਂ ਹਨ ਜੋ ਜੂਨ ਵਿੱਚ ਦਰਜ 4.5 ਪ੍ਰਤੀਸ਼ਤ ਸਨ, ਕਾਰਾਂ ਦੀਆਂ ਕੀਮਤਾਂ ਵੀ 5.5 ਪ੍ਰਤੀਸ਼ਤ ਵਧੀਆਂ ਹਨ।
ਜੁਲਾਈ 2020 ਦੀ ਤੁਲਨਾ ਵਿੱਚ ਜੁਲਾਈ 2021 ਵਿੱਚ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਵੀ 1.7 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਰੈਸਟੋਰੈਂਟਾਂ ਵਿੱਚੋਂ ਖਰੀਦੇ ਜਾਣ ਵਾਲੇ ਖਾਣੇ ਦੀਆਂ ਕੀਮਤਾਂ ਵਿਚ 3.1 ਪ੍ਰਤੀਸ਼ਤ ਦਾ ਇਜ਼ਾਫਾ ਹੋਇਆ ਹੈ ਜੋ ਕਿ ਜਨਵਰੀ 2019 ਤੋਂ ਬਾਅਦ ਸਭ ਤੋਂ ਵੱਡਾ ਵਾਧਾ ਹੈ।