ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਵਿੱਚ ਵਿਅਰਥ ਪਲਾਸਟਿਕ ਦੀ ਵਰਤੋਂ ਕਰਕੇ ਇਸਨੂੰ ਹਾਈਡ੍ਰੋਜਨ ਵਿੱਚ ਤਬਦੀਲ ਕਰਨ ਦੇ ਉਦੇਸ਼ ਨਾਲ ਬਣਾਏ ਜਾਣ ਵਾਲੇ ਪਲਾਂਟ ਦੇ ਨਿਰਮਾਣ ਦੀ ਯੋਜਨਾ ਅਗਲੀ ਕਾਰਵਾਈ ਲਈ ਕੌਂਸਲ ਨੂੰ ਸੌਂਪੀ ਗਈ ਹੈ। ਇਸ ਸਬੰਧੀ ਪੀਲ ਐਨ ਆਰ ਈ ਨੇ ਵੈਸਟ ਡਨਬਰਟਨਸ਼ਾਇਰ ਕੌਂਸਲ ਨੂੰ ਇਸਦੀ ਇੱਕ ਯੋਜਨਾਬੰਦੀ ਦੀ ਅਰਜ਼ੀ ਸੌਂਪੀ ਹੈ ਜਿਸ ਅਨੁਸਾਰ ਇਹ ਸਕਾਟਲੈਂਡ ਦੀ ਪਹਿਲੀ ਪਲਾਸਟਿਕ ਤੋਂ ਹਾਈਡ੍ਰੋਜਨ ਬਨਾਉਣ ਦੀ ਸਹੂਲਤ ਹੋਵੇਗੀ। ਕਲਾਈਡ ਨਦੀ ਦੇ ਉੱਤਰੀ ਕੰਢੇ ‘ਤੇ ਰੋਥੇਸੇ ਡੌਕ ‘ਤੇ 20 ਮਿਲੀਅਨ ਪੌਂਡ ਦੀ ਲਾਗਤ ਵਾਲਾ ਇਹ ਪਲਾਂਟ ਨਾ-ਵਰਤੋਂਯੋਗ ਪਲਾਸਟਿਕ ਦੀ ਵਰਤੋਂ ਹਾਈਡ੍ਰੋਜਨ ਵਿੱਚ ਤਬਦੀਲ ਕਰਨ ਲਈ ਕਰੇਗਾ। ਜਿਸ ਉਪਰੰਤ ਇਸ ਹਾਈਡ੍ਰੋਜਨ ਦੀ ਵਰਤੋਂ ਬੱਸਾਂ, ਕਾਰਾਂ ਅਤੇ ਐਚ ਜੀ ਵੀ ਲਈ ਬਾਲਣ ਵਜੋਂ ਕੀਤੀ ਜਾਵੇਗੀ। ਇਸ ਲਈ ਇਸਦੀ ਸਾਈਟ ‘ਤੇ ਲਿੰਕਡ ਹਾਈਡ੍ਰੋਜਨ ਰਿਫਿਊਲਿੰਗ ਸਟੇਸ਼ਨ ਲਗਾਉਣ ਦੀ ਵੀ ਯੋਜਨਾ ਹੈ। 13,500 ਟਨ ਦੀ ਸਮਰੱਥਾ ਵਾਲਾ ਇਹ ਪਲਾਂਟ ਪਾਵਰ ਹਾਊਸ ਐਨਰਜੀ ਗਰੁੱਪ ਪੀ ਐਲ ਸੀ ਦੁਆਰਾ ਵਿਕਸਤ ਕੀਤੀ ਤਕਨਾਲੋਜੀ ਦੀ ਵਰਤੋਂ ਕਰੇਗਾ। ਕੰਪਨੀ ਦੁਆਰਾ ਇਸ ਪਲਾਂਟ ਲਈ ਯੋਜਨਾਬੰਦੀ ਦੀ ਅਰਜ਼ੀ ਹੁਣ ਸਥਾਨਕ ਹਿੱਸੇਦਾਰਾਂ ਨਾਲ ਗੱਲਬਾਤ ਤੋਂ ਬਾਅਦ ਵੈਸਟ ਡਨਬਰਟਨਸ਼ਾਇਰ ਕੌਂਸਲ ਨੂੰ ਸੌਂਪ ਦਿੱਤੀ ਗਈ ਹੈ ਜਿਸ ਲਈ ਪਤਝੜ ਤੱਕ ਇੱਕ ਫੈਸਲੇ ਦੀ ਉਮੀਦ ਕੀਤੀ ਜਾਂਦੀ ਹੈ। ਜੇ ਕੌਂਸਲ ਦੁਆਰਾ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਇਸਦੀ ਉਸਾਰੀ ਨੂੰ ਪੂਰਾ ਹੋਣ ਵਿੱਚ ਲਗਭਗ 15 ਮਹੀਨੇ ਲੱਗਣਗੇ। ਪੀਲ ਐਨ ਆਰ ਈ ਦੇ ਵਿਕਾਸ ਨਿਰਦੇਸ਼ਕ ਰਿਚਰਡ ਬਾਰਕਰ ਅਨੁਸਾਰ ਇਸ ਪਲਾਂਟ ਦੀ ਮੱਦਦ ਨਾਲ ਸਮਾਜ ਵਿੱਚੋਂ ਸਾਰੇ ਪਲਾਸਟਿਕ ਨੂੰ ਹਟਾ ਕੇ ਅਤੇ ਉਸ ਦੀ ਮੁੜ ਵਰਤੋਂ ਕਰਕੇ ਇਸਦੀ ਵਰਤੋਂ ਚੰਗੇ ਕੰਮਾਂ ਲਈ ਕਰ ਸਕਦੇ ਹਾਂ ਅਤੇ ਹਾਈਡ੍ਰੋਜਨ ਵੀ ਪੈਦਾਵਾਰ ਨਾਲ ਡੀਜ਼ਲ ਬਾਲਣ ਨਾਲ ਜੁੜੇ ਕਾਰਬਨ ਨਿਕਾਸ ਨੂੰ ਘਟਾਉਣ ਅਤੇ ਸਥਾਨਕ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਵੀ ਸਹਾਇਤਾ ਮਿਲ ਸਕਦੀ ਹੈ।
ਸਕਾਟਲੈਂਡ ਦੇ ਪਹਿਲੇ ਹਾਈਡ੍ਰੋਜਨ ਪਾਵਰ ਪਲਾਂਟ ਦੀ ਨਿਰਮਾਣ ਯੋਜਨਾ ਕੌਂਸਲ ਨੂੰ ਸੌਂਪੀ
This entry was posted in ਅੰਤਰਰਾਸ਼ਟਰੀ.