ਫ਼ਤਹਿਗੜ੍ਹ ਸਾਹਿਬ – “ਮਹਾਰਾਜਾ ਰਣਜੀਤ ਸਿੰਘ ਜਿਸਦੇ ਰਾਜ ਵਿਚ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਆਦਿ ਨਾਲ ਰਤੀਭਰ ਵੀ ਬੇਇਨਸਾਫ਼ੀ ਨਹੀਂ ਸੀ ਹੁੰਦੀ, ਬਲਕਿ ਸਭਨਾਂ ਨੂੰ ਬਰਾਬਰਤਾ ਦੀ ਅੱਖ ਨਾਲ ਤੇ ਸੋਚ ਨਾਲ ਦੇਖਿਆ ਜਾਂਦਾ ਸੀ । ਇਥੋਂ ਤੱਕ ਉਨ੍ਹਾਂ ਦੀ ਬਾਦਸ਼ਾਹੀ ਵਿਚ ਉੱਚ ਅਹੁਦਿਆ ਉਤੇ ਮੁਸਲਮਾਨ, ਹਿੰਦੂ, ਅੰਗਰੇਜ਼ ਅਤੇ ਸਭ ਧਰਮਾਂ ਦੇ ਨਾਗਰਿਕ ਬਿਰਾਜਮਾਨ ਹੁੰਦੇ ਸਨ । ਇਸੇ ਕਰਕੇ ਉਨ੍ਹਾਂ ਦੇ ਨਾਮ ਨਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਨੀਆਂ ਵਿਚ ਪ੍ਰਚੱਲਿਤ ਹੋਇਆ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਪਾਕਿਸਤਾਨ ਦੇ ਲਾਹੌਰ ਸਥਿਤ ਮਹਾਰਾਣੀ ਜਿੰਦਾਂ ਦੇ ਕਿਲ੍ਹੇ ਦੇ ਬਾਹਰ ਸਦੀਆਂ ਤੋਂ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਕਿਸੇ ਸ਼ਰਾਰਤੀ ਫਿਰਕੂ ਸੋਚ ਵਾਲੇ ਅਨਸਰ ਨੇ ਜਨੂਨ ਵਿਚ ਆ ਕੇ ਤੋੜ ਦਿੱਤਾ ਹੈ । ਜੋ ਬਹੁਤ ਹੀ ਦੁੱਖਦਾਇਕ ਨਿੰਦਣਯੋਗ ਅਤੇ ਅਸਹਿ ਕਾਰਵਾਈ ਹੈ । ਜਦੋਂ ਉਥੇ ਜਨਾਬ ਇਮਰਾਨ ਖਾਨ, ਜੋ ਪੰਜਾਬੀਆਂ ਅਤੇ ਸਿੱਖਾਂ ਨੂੰ ਅਥਾਂਹ ਪਿਆਰ ਕਰਦੇ ਹਨ, ਉਨ੍ਹਾਂ ਦੀ ਹਕੂਮਤ ਕਾਇਮ ਹੈ, ਫਿਰ ਵੀ ਅਜਿਹੀ ਦੁੱਖਦਾਇਕ ਘਟਨਾ ਵਾਪਰ ਜਾਣਾ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾ ਨੂੰ ਇਕ ਡੂੰਘੀ ਠੇਸ ਪਹੁੰਚਾਉਣ ਵਾਲੀ ਕਾਰਵਾਈ ਹੋਈ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲਾਹੌਰ ਵਿਖੇ ਮਹਾਰਾਣੀ ਜਿੰਦਾਂ ਦੇ ਕਿਲ੍ਹੇ ਦੇ ਬਾਹਰ ਮਹਾਰਾਜਾ ਰਣਜੀਤ ਸਿੰਘ ਦੇ ਸਥਾਪਿਤ ਹੋਏ ਬੁੱਤ ਨੂੰ ਤੋੜ ਦੇਣ ਦੀ ਦੁੱਖਦਾਇਕ ਕਾਰਵਾਈ ਉਤੇ ਗਹਿਰਾ ਅਫ਼ਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਲਹਿੰਦੇ ਪੰਜਾਬ ਜਿਥੇ ਚੱਪੇ-ਚੱਪੇ ਤੇ ਸਿੱਖ ਇਤਿਹਾਸ ਦੀਆਂ ਫਖ਼ਰ ਵਾਲੀਆ ਪੈੜਾਂ ਤੇ ਯਾਦਗਰਾਂ ਕਾਇਮ ਹਨ, ਅਤੇ ਸਮੁੱਚਾ ਪੰਜਾਬੀ ਵਿਰਸਾ, ਵਿਰਾਸਤ ਵੀ ਹੈ, ਉਥੇ ਅਜਿਹੀ ਘਟਨਾ ਕਦੀ ਨਹੀਂ ਸੀ ਵਾਪਰਨੀ ਚਾਹੀਦੀ, ਕਿਉਂਕਿ ਸਿੱਖ ਕੌਮ ਵੀ ਪਾਕਿਸਤਾਨ ਦੇ ਇਸਲਾਮ ਨਾਲ ਸੰਬੰਧਤ ਨਿਵਾਸੀਆ ਦੀ ਪੁਰਾਤਨ ਸਮੇ ਤੋਂ ਹੀ ਵੱਡੀ ਇੱਜਤ ਅਤੇ ਪਿਆਰ ਕਰਦੀ ਹੈ । ਫਿਰ ਸਿੱਖ ਕੌਮ ਦੇ ਇਮਰਾਨ ਖਾਨ ਹਕੂਮਤ ਨਾਲ ਸਦਭਾਵਨਾ ਭਰੇ ਸੰਬੰਧ ਹਨ । ਇਸ ਲਈ ਜਿਸ ਸਰਾਰਤੀ ਅਨਸਰ ਨੇ ਅਜਿਹਾ ਘਿਣੋਨਾ ਅਮਲ ਕੀਤਾ ਹੈ, ਉਸਨੂੰ ਜਿਥੇ ਬਣਦੀ ਸਜ਼ਾ ਦਿੱਤੀ ਜਾਵੇ, ਉਥੇ ਇਮਰਾਨ ਖਾਨ ਹਕੂਮਤ ਅਤੇ ਪੰਜਾਬ ਦੇ ਮੁੱਖ ਮੰਤਰੀ ਜਨਾਬ ਉਸਮਾਨ ਅਹਿਮਦ ਖਾਨ ਬੁਜਦਾਰ ਅਤੇ ਲਾਹੌਰ ਦੇ ਨਿਜਾਮ ਨੂੰ ਇਹ ਸੰਜ਼ੀਦਗੀ ਭਰੀ ਅਪੀਲ ਕਰਦੀ ਹੈ ਕਿ ਜਿਥੇ ਇਸ ਬੁੱਤ ਨੂੰ ਫਿਰ ਤੋ ਸਤਿਕਾਰ ਸਹਿਤ ਸਥਾਪਿਤ ਕੀਤਾ ਜਾਵੇ, ਉਥੇ ਇਸਦੀ ਹਿਫਾਜਤ ਲਈ ਉਚੇਚਾ ਪ੍ਰਬੰਧ ਕੀਤਾ ਜਾਵੇ । ਜੋ ਕੁਝ ਕੱਟੜਵਾਦੀ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਸੰਬੰਧੀ ਮੰਦਭਾਵਨਾ ਅਧੀਨ ਇਥੇ ਨਫ਼ਰਤ ਫੈਲਾਈ ਹੈ, ਉਸਨੂੰ ਆਪਣੇ ਪ੍ਰਚਾਰ ਸਾਧਨਾਂ ਰਾਹੀ ਦੂਰ ਕਰਕੇ ਪਾਕਿਸਤਾਨ ਲਾਹੌਰ ਸਥਿਤ ਨਿਵਾਸੀਆ ਨੂੰ ਸਿੱਖ ਕੌਮ ਅਤੇ ਮੁਸਲਿਮ ਕੌਮ ਦੇ ਪੁਰਾਤਨ ਅੱਛੇ ਸੰਬੰਧਾਂ ਦਾ ਹਵਾਲਾ ਦਿੰਦੇ ਹੋਏ ਇਸ ਸਾਜਸੀ ਢੰਗ ਨਾਲ ਉਤਪੰਨ ਕੀਤੀ ਗਈ ਨਫ਼ਰਤ ਨੂੰ ਦੂਰ ਕੀਤਾ ਜਾਵੇ ।