ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨਵੀ ਰਾਜਧਾਨੀ ਲੰਡਨ ਅਫਗਾਨਿਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਪਨਾਹ ਦੇਣ ਲਈ ਹਰ ਤਰ੍ਹਾਂ ਦੀ ਸਹਾਇਤਾ ਦੀ ਪੇਸ਼ਕਸ਼ ਕਰ ਰਹੀ ਹੈ। ਯੂਕੇ ਸਰਕਾਰ ਦੁਆਰਾ ਕਈ ਅਫਗਾਨੀ ਪਰਿਵਾਰਾਂ ਨੂੰ ਲੰਡਨ ਵਿੱਚ ਰੱਖਿਆ ਜਾ ਸਕਦਾ ਹੈ ਕਿਉਂਕਿ ਕਈ ਕੌਂਸਲ ਅਧਿਕਾਰੀਆਂ ਨੇ ਲੰਡਨ ਵਿੱਚ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਮਦਦ ਕਰਨ ਦਾ ਵਾਅਦਾ ਕੀਤਾ ਹੈ। ਤਾਲਿਬਾਨ ਦੁਆਰਾ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕਬਜ਼ਾ ਕਰਨ ਤੋਂ ਬਾਅਦ ਅਫਗਾਨੀ ਲੋਕ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡ ਰਹੇ ਹਨ ਅਤੇ ਯੂਕੇ ਸਰਕਾਰ ਨੇ ਤਾਲਿਬਾਨ ਦੇ ਡਰੋਂ ਭੱਜ ਰਹੇ 20,000 ਅਫਗਾਨੀ ਸ਼ਰਨਾਰਥੀਆਂ ਨੂੰ ਪਨਾਹ ਦੇਣ ਦੀ ਗੱਲ ਕਹੀ ਹੈ, ਜਿਨ੍ਹਾਂ ਵਿੱਚੋਂ 5,000 ਸ਼ਰਨਾਰਥੀਆਂ ਨੂੰ ਇਸ ਸਾਲ ਵਿੱਚ ਯੂਕੇ ਲਿਆਉਣ ਦੀ ਯੋਜਨਾ ਹੈ। ਇਸ ਲਈ ਪੂਰੇ ਲੰਡਨ ਦੇ ਮੇਅਰਾਂ ਅਤੇ ਕੌਂਸਲ ਨੇਤਾਵਾਂ ਨੇ ਇਹਨਾਂ ਲੋਕਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ ਹੈ। ਪੂਰਬੀ ਲੰਡਨ ਵਿੱਚ, ਨਿਊਹੈਮ ਦੀ ਮੇਅਰ ਰੋਕਸ਼ਾਨਾ ਫਿਆਜ਼ ਅਨੁਸਾਰ ਉਹ ਬ੍ਰਿਟੇਨ ਪਹੁੰਚ ਰਹੇ ਅਫਗਾਨ ਸ਼ਰਨਾਰਥੀਆਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਤਿਆਰ ਹੈ। ਮੇਅਰ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੀ ਸਹੀ ਵਿੱਤੀ ਸਹਾਇਤਾ ਨਾਲ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਸਰਕਾਰ ਦੇ ਨਾਲ ਕੰਮ ਕਰਨ ਲਈ ਤਿਆਰ ਹਨ। ਪੱਛਮੀ ਲੰਡਨ ਵਿੱਚ ਵੀ ਅਫਗਾਨ ਪਰਿਵਾਰਾਂ ਨੂੰ ਹੈਮਰਸਮਿਥ ਅਤੇ ਫੁਲਹੈਮ ਵਿੱਚ ਮੁੜ ਵਸੇਬੇ ਲਈ ਸਹਾਇਤਾ ਦਿੱਤੀ ਜਾਵੇਗੀ। ਹੈਮਰਸਮਿਥ ਅਤੇ ਫੁਲਹੈਮ ਕੌਂਸਲ ਦੇ ਨੇਤਾ ਸਟੀਫਨ ਕੋਵਾਨ ਲੰਡਨ ਦੇ ਉਹਨਾਂ ਨੇਤਾਵਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਸਰਕਾਰ ਨੂੰ ਅਫਗਾਨੀ ਸਹਾਇਤਾ ਪ੍ਰਦਾਨ ਕਰਨ ਦੇ ਯਤਨਾਂ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਹੀ ਉੱਤਰੀ ਪੱਛਮੀ ਲੰਡਨ ਵਿੱਚ, ਬ੍ਰੈਂਟ ਕੌਂਸਲ ਨੇ ਵੀ ਸਰਕਾਰੀ ਪੁਨਰਵਾਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। ਇਹਨਾਂ ਕੌਂਸਲਾਂ ਦੇ ਇਲਾਵਾ ਲੰਡਨ ਦੇ ਹੋਰ ਖੇਤਰ ਵੀ ਅਫਗਾਨੀ ਲੋਕਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕਰ ਰਹੇ ਹਨ।