ਰੰਗ-ਬਰੰਗੀਆਂ ਰੰਗੋਲੀਆਂ ਨਾਲ ਸਜਿਆ ’ਵਰਸਿਟੀ ਦਾ ਵਿਹੜਾ; ਕੇਰਲ ਦੇ ਉੱਘੇ ਲੋਕ ਨਾਚਾਂ ਨੇ ਸਮਾਂ ਬੰਨਿ੍ਹਆਂ
ਫ਼ਸਲ ਦੀ ਕਟਾਈ ਅਤੇ ਕਿਸਾਨੀ ਨੂੰ ਸਮਰਪਿਤ ਕੇਰਲ ਦੇ ਪ੍ਰਸਿੱਧ ਤਿਉਹਾਰ ਓਨਮ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ, ਜਿਸ ’ਚ ਕੇਰਲ ਦੇ ਵੱਖ-ਵੱਖ ਸੱਭਿਆਚਾਰਾਂ ਦੀ ਜਿਊਂਦੀ ਜਾਗਦੀ ਝਲਕ ਵੇਖਣ ਨੂੰ ਮਿਲੀ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਸੱਭਿਆਚਾਰਕ ਪੇਸ਼ਕਾਰੀ ’ਵਰਸਿਟੀ ਦੇ ਵਿਹੜੇ ਨੂੰ ਅਨੋਖੇ ਸੱਭਿਆਚਾਰਕ ਰੰਗ ’ਚ ਰੰਗ ਦਿੱਤਾ। ਜ਼ਿਕਰਯੋਗ ਹੈ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕੇਰਲਾ ਤੋਂ 270 ਤੋਂ ਵੱਧ ਵਿਦਿਆਰਥੀ ਵੱਖ-ਵੱਖ ਕੋਰਸਾਂ ਅਧੀਨ ਪੜ੍ਹਾਈ ਕਰ ਰਹੇ ਹਨ। ਸੱਭਿਆਚਾਰਕ ਪ੍ਰੋਗਰਾਮਾਂ ਦੀ ਸ਼ੁਰੂਆਤ ਰੰਗ ਪੂਜਾ ਅਤੇ ਗਣੇਸ਼ ਵੰਦਨਾ ਨਾਲ ਹੋਈ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਚ.ਬੀ ਰਾਘਵੇਂਦਰਾ ਉਚੇਚੇ ਤੌਰ ’ਤੇ ਹਾਜ਼ਰ ਰਹੇ।
ਵਿਦਿਆਰਥੀਆਂ ਵੱਲੋਂ ਕੈਂਪਸ ਪਰਿਸਰ ਵਿਖੇ ਖੂਬਸੂਰਤ ਫੁੱਲਾਂ ਦੀਆਂ ਵੱਖ-ਵੱਖ ਰੰਗੋਲੀਆਂ ਸਜਾਈਆਂ ਗਈਆਂ, ਜਿਸ ਦੀ ਖੂਬਸੂਰਤੀ ਦੇਖਦਿਆਂ ਹੀ ਬਣ ਰਹੀ ਸੀ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਕੇਰਲਾ ਦੇ ਰਿਵਾਇਤੀ ਸਾਜ਼ਾਂ ਦੀਆਂ ਧੁਨਾਂ ’ਤੇ ਡਾਂਸ ਪੇਸ਼ ਕੀਤੇ ਗਏ, ਜਿਸ ਦੀ ਹਾਜ਼ਰੀਨਾਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਗਈ। ਇਸ ਤੋਂ ਇਲਾਵਾ ਕਥਕਲੀ, ਭਰਤਨਾਟਿਅਮ ਅਤੇ ਕੇਰਲਾ ਦੇ ਲੋਕ ਗੀਤਾਂ ਅਤੇ ਨਾਚਾਂ ਸਬੰਧੀ ਸੱਭਿਆਚਾਰਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਖੂਬ ਸਮਾਂ ਬੰਨਿ੍ਹਆਂ। ਇਸ ਮੌਕੇ ਵਿਦਿਆਰਥਣਾਂ ਵੱਲੋਂ ਰਵਾਇਤੀ ਪਹਿਰਾਵੇ ’ਚ ਸਜ ਕੇ ਕੇਰਲ ਦਾ ਪ੍ਰਸਿੱਧ ਲੋਕ ਨਾਚ ਤਿਰੂਵਤੀਰਾ ਕਾਲੀ ਪੇਸ਼ ਕੀਤਾ ਗਿਆ। ’ਵਰਸਿਟੀ ਦੀ ਵਿਦਿਆਰਥਣ ਗੌਰੀ ਵੱਲੋਂ ਸੋਲੋ ਡਾਂਸ ਪੇਸ਼ ਕੀਤਾ ਗਿਆ ਜਦਕਿ ’ਵਰਸਿਟੀ ਵਿਖੇ ਐਮ.ਏ ਕਲੀਨੀਕਲ ਸਾਈਕੋਲੋਜ਼ੀ ਦੀ ਵਿਦਿਆਰਥਣ ਗੋਪਿਕਾ ਕੇ.ਜੀ ਵੱਲੋਂ ਭਰਤਨਾਟਿਅਮ ਦੀ ਬਾਕਾਮਲ ਪੇਸ਼ਕਾਰੀ ਦਿੱਤੀ ਗਈ।
ਇਸ ਮੌਕੇ ਕੇਰਲਾ ਦੀ ਵਿਦਿਆਰਥਣ ਅੰਜੂ ਰਾਜ ਨੇ ਕੇਰਲਾ ਦੇ ਸੱਭਿਆਚਾਰਕ ਅਤੇ ਵਿਸ਼ੇਸ਼ ਪਕਵਾਨਾਂ ਬਾਰੇ ਹਾਜ਼ਰੀਨਾਂ ਨਾਲ ਜਾਣਕਾਰੀ ਸਾਂਝੀ ਕੀਤੀ। ਓਨਮ ਸਬੰਧੀ ਜਾਣਕਾਰੀ ਦਿੰਦਿਆ ਉਸਨੇ ਦੱਸਿਆ ਕਿ ਇਹ ਤਿਉਹਾਰ ਕੇਰਲ ਦਾ ਸੱਭ ਤੋਂ ਵੱਡਾ ਕੌਮੀ ਤਿਉਹਾਰ ਹੈ, ਜੋ ਫਸਲ ਦੀ ਕਟਾਈ ਨਾਲ ਸਬੰਧਿਤ ਹੈ ਅਤੇ ਸਾਡੇ ਮਿਹਨਤੀ ਕਿਸਾਨਾਂ ਨੂੰ ਸਮਰਪਿਤ ਕਰਦਿਆਂ ਮਨਾਇਆ ਜਾਂਦਾ ਹੈ। ਓਨਮ ਮੌਕੇ ਕੇਰਲਾ ਵਿੱਚ ਘਰਾਂ ਦੇ ਵਿਹੜੇ ਵਿੱਚ ਫੁੱਲਾਂ ਦੀਆਂ ਪੱਤੀਆਂ ਨਾਲ ਖੂਬਸੂਰਤ ਰੰਗੋਲੀਆਂ ਬਣਾਈਆਂ ਜਾਂਦੀ ਹੈ, ਜਿਨ੍ਹਾਂ ਨੂੰ ਪੂਕਲਮ ਕਿਹਾ ਜਾਂਦਾ ਹੈ। ਇਸ ਰੰਗੋਲੀ ਦੇ ਆਲੇ ਦੁਆਲੇ ਔਰਤਾਂ ਕੇਰਲਾ ਦਾ ਰਿਵਾਇਤੀ ਨਾਚ ਤਿਰੂਵਤੀਰਾ ਕਲੀ ਕਰਦੀਆਂ ਹਨ।
ਇਸ ਮੌਕੇ ਵਿਦਿਆਰਥੀਆਂ ਨੂੰ ਓਨਮ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਚ.ਬੀ ਰਾਘਵੇਂਦਰਾ ਨੇ ਕਿਹਾ ਕਿ ’ਵਰਸਿਟੀ ਵੱਲੋਂ ਹਰ ਸਾਲ ਓਨਮ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਵਭਿੰਨਤਾ ਚੰਡੀਗੜ੍ਹ ਯੂਨੀਵਰਸਿਟੀ ਦੀ ਵੱਡੀ ਪ੍ਰਾਪਤੀ ਸਮਝੀ ਗਈ ਹੈ ਕਿਉਂਕਿ ’ਵਰਸਿਟੀ ਵਿਖੇ ਦੁਨੀਆ ਦੇ 40 ਤੋਂ ਵੱਧ ਮੁਲਕਾਂ ਤੋਂ ਬਹੁਗਿਣਤੀ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਸਾਂਝੇ ਮੰਚ ’ਤੇ ਅਜਿਹੇ ਤਿਉਹਾਰ ਮਨਾਉਣ ਨਾਲ ਜਿਥੇ ਵਿਦਿਆਰਥੀਆਂ ਨੂੰ ਦੂਸਰੇ ਮੁਲਕਾਂ ਅਤੇ ਸੂਬਿਆਂ ਦੇ ਸੱਭਿਆਚਾਰਾਂ ਦੇ ਰੂੁਬਰੂ ਹੋਣ ਦਾ ਮੌਕਾ ਮਿਲਦਾ ਹੈ ਉਥੇ ਵਿਦਿਆਰਥੀਆਂ ਨੂੰ ਸਦਭਾਵਨਾ ਅਤੇ ਸਾਂਝੀਵਾਲਤਾ ਕਾਇਮ ਰੱਖਣ ਦਾ ਸੁਨੇਹਾ ਦਿੱਤਾ ਜਾਂਦਾ ਹੈ।