ਚੌਕ ਮਹਿਤਾ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਦੇ ਪੁੱਤਰ ਭਾਈ ਗੁਰਮੁਖ ਸਿੰਘ ਬਰਾੜ ਨੂੰ ਤੁਰੰਤ ਰਿਹਾਅ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਹੈ।
ਉਨ੍ਹਾਂ ਪੰਜਾਬ ਵਿਚ ਸਿੱਖ ਨੌਜਵਾਨਾਂ ਦੀ ਪੁਲੀਸ ਦੁਆਰਾ ਕੀਤੀ ਜਾ ਰਹੀ ਗ੍ਰਿਫ਼ਤਾਰੀ ਦਾ ਸਖ਼ਤ ਨੋਟਿਸ ਲਿਆ ਤੇ ਕਿਹਾ ਕਿ ਭਾਈ ਗੁਰਮੁਖ ਸਿੰਘ ਬਰਾੜ ਵਰਗੇ ਸਿੱਖ ਨੌਜਵਾਨਾਂ ਦੀ ਪੁਲੀਸ ਵੱਲੋਂ ਫੜੋ ਫੜੀ ਨਾਲ ਅੱਜ ਅਸੀਂ ਚਿੰਤਾ ਅਤੇ ਅਸ਼ਾਂਤੀ ਦੇ ਮਾਹੌਲ ’ਚੋਂ ਲੰਘ ਰਹੇ ਹਾਂ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਪਰਿਵਾਰ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਭਾਈ ਰੋਡੇ ਉਪਰੰਤ ਉਨ੍ਹਾਂ ਦੇ ਪੁੱਤਰ ਭਾਈ ਗੁਰਮੁਖ ਸਿੰਘ ਬਰਾੜ ਨੂੰ ਨਿਸ਼ਾਨਾ ਬਣਾਇਆ ਜਾਣਾ ਸਹੀ ਨਹੀਂ ਹੈ। ਭਾਈ ਬਰਾੜ ਪੰਜਾਬ ਅਤੇ ਸਿੱਖ ਪੰਥ ਦੀ ਅਵਾਜ਼ ’ਅੱਜ ਦੀ ਅਵਾਜ਼’ ਅਖ਼ਬਾਰ ਚਲਾਉਣ ਵਾਲੇ ਇਕ ਜ਼ਿੰਮੇਵਾਰ ਤੇ ਸੁਲਝਿਆ ਹੋਇਆ ਨੌਜਵਾਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ਼ੱਕ ਦੇ ਅਧਾਰ ’ਤੇ ਸਿੱਖ ਨੌਜਵਾਨਾਂ ਦੀ ਫੜੋ ਫੜੀ ਕਰਦਿਆਂ ਸਿੱਖਾਂ ਅਤੇ ਪੰਜਾਬੀਆਂ ਨੂੰ ਦਬਾਉਣ ਅਤੇ ਡਰਾਉਣ ਦੀ ਨੀਤੀ ਤਿਆਗ ਦੇਣੀ ਚਾਹੀਦੀ ਹੈ।