“ਇੱਕ ਹੋਰ ਕਿਸੇ ਮਾਂ ਦਾ ਪੁੱਤ ਤੁਰ ਗਿਆ”
ਪੰਜਾਬ ਵਿੱਚ ਦਿਨ ਦਿਹਾੜੇ ਕਤਲ ਦੀਆਂ ਖ਼ਬਰਾਂ, ਗੈਂਗਵਾਰ ਤੇ ਫਿਰ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਸਿਲਸਿਲਾ ਪਤਾ ਹੀ ਨੀ ਲੱਗਾ ਕਦੋਂ ਸ਼ੁਰੂ ਹੋ ਗਿਆ ਪਰ ਅੱਜ ਜੋ ਹਾਲਾਤ ਬਣ ਗਏ, ਓੁਹ ਬਹੁਤ ਹੀ ਖ਼ਤਰਨਾਕ ਹਨ। ਜਦੋ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਖ਼ਬਰ ਪੜੀ ਅਤੇ ਸੀ.ਸੀ.ਟੀ.ਵੀ ਦੁਆਰਾ ਸਾਹਮਣੇ ਆਈ ਵੀਡੀਓੁ ਵੇਖੀ ਤਾਂ ਹੱਥ ਵਿੱਚ ਪਿਸਟਲ ਫੜੀ ਦੋ ਨੌਜਵਾਨ ਜੋ ਵਿੱਕੀ ਮਿੱਡੂਖੇੜਾ ਦੇ ਮਗਰ ਦੌੜ ਰਹੇ ਸਨ, ਓੁਹਨਾਂ ਦੀ ਮਾਨਸਿਕ ਸਥਿਤੀ ਸਮਝਣੀ ਔਖੀ ਹੋ ਹਈ। ਮੈਨੂੰ ਨਹੀਂ ਪਤਾ ਕਿ ਵਿੱਕੀ ਮਿੱਡੂਖੇੜਾ ਦੀ ਕੀ ਦੁਸ਼ਮਣੀ ਸੀ ਓੁਹਨਾਂ ਨਾਲ, ਮੈਨੂੰ ਇੰਝ ਲੱਗਾ ਕਿ ਸਾਡੇ ਦੋ ਪੰਜਾਬੀ ਭਰਾ ਮਿਲਕੇ ਤੀਜੇ ਪੰਜਾਬੀ ਭਰਾ ਨੂੰ ਮਾਰ ਰਹੇ ਸਨ। ਇਸ ਸਭ ਨੂੰ ਵੇਖ ਕੇ ਚਿੰਤਾ ਹੋਈ, ਪੰਜਾਬ ਦੀ ਚਿੰਤਾ, ਪੰਜਾਬੀਆਂ ਦੀ ਚਿੰਤਾ, ਨੌਜਵਾਨਾਂ ਦੀ ਚਿੰਤਾ, ਪਰਿਵਾਰਾਂ ਦੀ ਚਿੰਤਾ ਤੇ ਪੰਜਾਬ ਦੇ ਭਵਿੱਖ ਦੀ ਚਿੰਤਾ।
ਛੋਟੇ ਹੁੰਦਿਆਂ ਤੋਂ ਸੁਣਦੇ ਆ ਰਹੇ ਹਾਂ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਪੰਜਾਬ ਦੀ ਸਿਫ਼ਤ ਵਿੱਚ ਜੋ ਲੋਕ ਗੀਤ ਸੁਣੇ ਓੁਹਨਾਂ ਵਿੱਚ ਵੀ ਪਿਆਰ, ਸਭਿਆਚਾਰ ਤੇ ਭਾਈਚਾਰਕ ਸਾਂਝ ਹੀ ਸਿੱਖਣ ਨੂੰ ਮਿਲੀ। ਪਤਾ ਨਹੀਂ ਇਹ ਕਿਹੜੇ ਚੱਕਰਾਂ ਵਿੱਚ ਪੈ ਗਏ ਪੰਜਾਬੀ। ਕਿਵੇਂ ਦੀ ਮਾਨਸਿਕਤਾ ਬਣ ਗਈ ਕਿ ਕਿਸੇ ਦਾ ਵੀ ਕਤਲ ਕਰ ਦੇਵੋ ਤੇ ਫਿਰ ਫੇਸਬੁੱਕ ਤੇ ਓੁਸਦੀ ਜਿੰਮੇਵਾਰੀ ਲਵੋ। ਓੁਸਤੋਂ ਬਾਅਦ ਅਗਲਾ ਗਰੁੱਪ ਫਿਰ ਚੁਣੌਤੀ ਦੇਵੇ ਤੇ ਫਿਰ ਓੁਹੋ ਕੁੱਝ। ਕਹਿੰਦੇ ਨੇ ਇਹ ਸਭ ਰਾਜਨੀਤਿਕ ਧਿਰਾਂ ਵੱਲੋਂ ਆਪਣੇ ਫਾਇਦੇ ਲਈ ਸ਼ੁਰੂ ਕੀਤਾ ਗਿਆ। ਸੋ ਇਸਦੇ ਪਿੱਛੇ ਰਾਜਨੀਤੀ ਹੈ, ਬਿਲਕੁਲ ਮੰਨਣਯੋਗ ਹੈ ਪਰ ਇਹਨਾਂ ਨੌਜਵਾਨਾਂ ਦੀ ਮਾਨਸਿਕਤਾ ਕਿੰਨੀ ਗਿਰ ਗਈ ਹੈ ਕਿ ਇਹ ਕਤਲ ਕਰ ਕੇ ਮਾਣ ਮਹਿਸੂਸ ਕਰਦੇ ਨੇਂ ਅਤੇ ਸੱਚਾਈ ਜਾਣਦੇ ਹੋਏ ਵੀ ਕਿ ਇਸਦਾ ਹਸ਼ਰ ਕੀ ਹੋਵੇਗਾ, ਗੈਂਗ ਦਾ ਹਿੱਸਾ ਬਣ ਰਹੇ ਹਨ।
ਹੁਣ ਤੱਕ ਕਿੰਨੇ ਕਤਲ ਹੋਏ ਤੇ ਕੀ ਕੁੱਝ ਸਾਹਮਣੇ ਆਇਆ, ਕਿੰਨੇ ਘਰ ਬਰਬਾਦ ਹੋਏ, ਕਿੰਨੇ ਮਾਪੇ ਵਿਰਲਾਪ ਵਿੱਚ ਤੜਪਦੇ ਵੇਖੇ ਗਏ ਪਰ ਪਤਾ ਨਹੀਂ ਕਿਹੜੀ ਮਿੱਟੀ ਦੇ ਬਣ ਗਏ ਨੇ ਇਹ ਨੌਜਵਾਨ ਜਿਹੜੇ ਮਾਪਿਆਂ ਦਾ ਦਰਦ ਵੀ ਨਹੀਂ ਸਮਝਦੇ। ਗਲਤ ਕੰਮਾਂ ਦਾ ਨਤੀਜਾ ਮਾੜਾ ਹੀ ਹੁੰਦਾ ਹੈ ਤੇ ਭੁਗਤਨਾ ਵੀ ਪੈਂਦਾ, ਇੰਨੀਂ ਤਾਂ ਇਹਨਾਂ ਨੌਜਵਾਨਾਂ ਨੂੰ ਸਮਝ ਹੋਵੇਗੀ। ਫਿਰ ਵੀ ਇਹ ਦਿਨ ਦਿਹਾੜੇ ਕਤਲ ਕਰਨ ਦਾ ਹੌਂਸਲਾ ਕਰ ਰਹੇ ਨੇ। ਕੁੱਝ ਅਜੀਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਜਿੱਥੇ ਨੌਜਵਾਨਾਂ ਵੱਲੋਂ ਕਤਲ ਕਰ ਕੇ ਖੁਸ਼ੀਆ ਮਨਾਈਆਂ ਗਈਆਂ। ਇਹ ਹਰਕਤ ਕਰਨ ਵਾਲ਼ਿਆਂ ਦੀ ਮਾਨਸਿਕਤਾ ਬਾਰੇ ਸੋਚਣਾ ਬਣਦਾ। ਇਹ ਸੱਚੀਂ ਇੱਕ ਗੰਭੀਰ ਮਸਲਾ ਹੈ ਜਿਸ ਲਈ ਪੰਜਾਬੀਆਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ।
ਜੇਕਰ ਰਾਜਨੀਤਿਕ ਲੋਕਾਂ ਦੀ ਗੱਲ ਕਰੀਏ ਤਾਂ ਕੋਈ ਇੱਕ ਚਿਹਰਾ ਵੀ ਲੱਭਣਾ ਔਖਾ ਹੋ ਜਾਂਦਾ ਜੋ ਭਰੋਸੇਯੋਗ ਹੋਵੇ ਤੇ ਜੋ ਕੁਰਸੀ ਤੋਂ ਓੁਪੱਰ ਓੁੱਠ ਕੇ ਪੰਜਾਬ ਲਈ ਕੁੱਝ ਕਰਨ ਦਾ ਚਾਹਵਾਨ ਹੋਵੇ। ਨੌਜਵਾਨਾਂ ਨੂੰ ਇੱਕਠਾ ਕਰਕੇ ਸਮਝਾਓੁਣ ਲਈ ਪੰਜਾਬੀਓੁ ਸਾਨੂੰ ਪਾਰਟੀਆਂ ਤੋਂ ਓੁੱਪਰ ਓੁੱਠ ਕੇ ਸੋਚਣਾ ਪੈਣਾ। ਇਹਨਾਂ ਪਾਰਟੀਆਂ ਨੇ ਆਪੋ-ਆਪਣੇ ਫਾਇਦਿਆਂ ਲਈ ਪੰਜਾਬ ਨੂੰ ਓੁਜਾੜ ਦਿੱਤਾ।
ਪਿਆਰੇ ਪੰਜਾਬੀ ਬੱਚਿਓੁ, ਭਰਾਵੋ, ਆਪਣਾ ਭਵਿੱਖ ਨਾ ਓੁਜਾੜੋ, ਪੰਜਾਬ ਨੂੰ ਹੋਰ ਨਾਂ ਓੁਜਾੜੋ।
ਪੰਜਾਬ ਦੀ ਸਥਿਤੀ ਪਹਿਲੇ ਹੀ ਬਹੁਤ ਗੰਭੀਰ ਹੈ ਅਤੇ ਸਾਨੂੰ ਆਪਣੀ ਨੌਜਵਾਨ ਪੀੜੀ ਤੋਂ ਕੁੱਝ ਆਸਾਂ ਹਨ, ਪਰ ਜੇਕਰ ਤੁਸੀਂ ਹੀ ਗੈਂਗਵਾਰ ਵੱਲ ਤੁਰ ਪਏ ਤਾਂ ਪੰਜਾਬ ਦਾ ਕੀ ਬਣੂ। ਜਿਹੜੇ ਗੈਂਗਸਟਰਾਂ ਦਾ ਹੁਣ ਤੱਕ ਕਤਲ ਹੋ ਗਿਆ, ਓੁਸ ਤੋਂ ਹੀ ਕੋਈ ਸੇਧ ਲੈ ਲਵੋ। ਤੁਸੀਂ ਓੁਸ ਕੌਮ ਦੇ ਵਾਰਸ ਹੋ ਜਿੰਨਾਂ ਦੇ ਗੁਰੂ ਨੇ ਤੁਹਾਨੂੰ ਸ਼ਬਦ ਨਾਲ ਜੋੜਿਆ, ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦਾ ਓੁਪਦੇਸ਼ ਦਿੱਤਾ। ਜਿਸ ਗੁਰੂ ਨੇ ਆਪਣੇ ਛੋਟੇ ਸਾਹਿਬਜ਼ਾਦੇ ਤੱਕ ਤੁਹਾਡੀ ਕੌਮ ਤੋਂ ਕੁਰਬਾਨ ਕਰਕੇ ਤੁਹਾਨੂੰ ਪੁੱਤ ਕਿਹਾ, ਓੁਸ ਗੁਰੂ ਨੂੰ ਕੀ ਮੂੰਹ ਵਿਖਾਓਗੇ। ਜ਼ਰਾ ਸੋਚਿਓ ਆਪਣੇ ਇਤਿਹਾਸ ਵਿੇਚ ਬੈਠੇ ਜਰਨੈਲਾਂ ਬਾਰੇ, ਸ਼ਹੀਦਾਂ ਬਾਰੇ। ਤੁਸੀਂ ਓੁਸ ਪੰਜਾਬ ਦੇ ਪੁੱਤ ਹੋ ਜਿੱਥੇ ਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ, ਅਤੇ ਹਰੀ ਸਿੰਘ ਨਲੂਹੇ ਵਰਗੇ ਸਰਦਾਰ ਸਨ।
ਨੌਜਵਾਨ ਵੀਰੋ, ਪੰਜਾਬ ਦੇ ਇਤਿਹਾਸ ਵੱਲ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਵੱਲ ਇੱਕ ਝਾਤ ਜ਼ਰੂਰ ਮਾਰੋ। ਪੰਜਾਬ ਦੇ ਨੌਜਵਾਨ ਨਸ਼ੇ ਵਿੱਚ ਆਪਣਾ ਆਪ ਖਤਮ ਕਰ ਰਹੇ ਨੇ, ਪੜੇ ਲਿਖੇ ਨੌਜਵਾਨ ਸੜਕਾਂ ਓੁੱਪਰ ਧਰਨੇ ਲਾਓੁਦੇ ਤੇ ਫਿਰ ਪੁਲਿਸ ਦੇ ਡੰਡੇ ਖਾਂਦੇ, ਸਿੱਖਿਆ ਦਾ ਕੋਈ ਢਾਂਚਾ ਨਹੀਂ, ਮੈਡੀਕਲ ਸਹੂਲਤਾਂ ਨਹੀਂ ਤੇ ਤੁਸੀਂ ਆਪਣੀ ਹੀ ਗੈੰਗਵਾਰ ਚਲਾ ਕੇ ਹਾਂਸਲ ਕੀ ਕਰਨਾ ਚਾਹੁੰਦੇ ਹੋ। ਤੁਹਾਡਾ ਰੌਲਾ ਕੀ ਹੈ ਆਪਸ ਵਿੱਚ? ਕੀ ਵੰਡਣਾ ਤੁਸੀਂ? ਜਿੰਨਾਂ ਦੇ ਕਤਲ ਹੋ ਗਏ ਓੁਹਨਾਂ ਦੀਆਂ ਮੌਤਾਂ ਤੋਂ ਸਿੱਖੋ ਤੇ ਇਨਸਾਨ ਬਣੋ। ਇਹ ਜ਼ਿੰਦਗੀ ਵਾਹਿਗੁਰੂ ਦੀ ਬਖ਼ਸ਼ੀ ਅਣਮੁੱਲੀ ਦਾਤ ਹੈ, ਇਸਦੀ ਕਦਰ ਕਰੋ। ਲੰਬੇ ਸਮੇਂ ਤੋਂ ਆਪਣੇ ਬਜ਼ੁਰਗ ਤੁਹਾਡੇ ਹੱਕਾਂ ਲਈ ਬਾਰਡਰ ਤੇ ਬੈਠੇ ਸੰਘਰਸ਼ ਕਰ ਰਹੇ, ਕਿੰਨੀਆਂ ਜਾਨਾਂ ਚਲੀਆਂ ਗਈਆਂ ਪਰ ਸਰਕਾਰਾਂ ਨੂੰ ਕੋਈ ਫਰਕ ਨਹੀਂ ਪਿਆ। ਪੰਜਾਬ ਵਿੱਚ ਰਾਜਨੀਤੀ ਜ਼ੋਰਾਂ ਤੇ ਹੈ, ਟਿਕਟਾਂ ਵੱਡੀਆਂ ਜਾ ਰਹੀਆਂ ਤੇ ਵੋਟਰਾਂ ਦੀ ਬੋਲੀ ਲੱਗ ਰਹੀ ਆ। ਕਿਸੇ ਦੀ ਮੌਤ, ਕਿਸੇ ਦੇ ਕਤਲ ਦਾ ਇਹਨਾਂ ਲੀਡਰਾਂ ਨੂੰ ਕੋਈ ਫਰਕ ਨਹੀਂ ਪੈਣਾ, ਸੋ ਆਪਣੀ ਕੀਮਤੀ ਜ਼ਿੰਦਗੀ ਦੇ ਮਕਸਦ ਨੂੰ ਸਮਝੋ ਤੇ ਚੰਗੇ ਕੰਮ ਕਰੋ। ਵਾਹਿਗੁਰੂ ਤੁਹਾਨੂੰ ਸੁਮੱਤ ਬਖ਼ਸ਼ੇ।