ਸਰੀ,(ਹਰਦਮ ਮਾਨ) – ਵਹਿਮਾਂ ਭਰਮਾਂ ਵਿੱਚ ਉਲਝੇ ਲੋਕਾਂ ਨੂੰ ਗ਼ੈਰਵਿਗਿਆਨਕ, ਗੈਰਕਾਨੂੰਨੀ ਧੰਧੇ ਰਾਹੀਂ ਲੁੱਟ ਰਹੇ ਜੋਤਸ਼ੀਆਂ, ਤਾਂਤਰਿਕਾਂ, ਨਗ ਧਾਰਨ ਕਰਵਾਉਣ ਵਾਲਿਆਂ ਅਤੇ ਆਪਣੇ ਆਪ ਨੂੰ ਗੈਬੀ ਸ਼ਕਤੀਆਂ ਦੇ ਦਾਅਵੇਦਾਰ ਦੱਸਣ ਵਾਲੇ ਪਖੰਡੀਆਂ ਬਾਰੇ ਕੈਨੇਡਾ ਵਿਚ ਪਿਛਲੇ 25 ਸਾਲਾਂ ਤੋਂ ਜਾਗਰੂਕ ਕਰਦੀ ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕੈਨੇਡਾ ਨੇ ਬੀਤੇ ਦਿਨੀਂ ਸਰੀ ਵਿਖੇ ਇਕ ਜੋਤਸ਼ੀ ਵੱਲੋਂ ਇਕ ਔਰਤ ਨਾਲ ਕਥਿਤ ਤੌਰ ਤੇ ਠੱਗੀ ਮਾਰਨ ਦਾ ਪਰਦਾਫਾਸ਼ ਕੀਤਾ ਹੈ। ਜੋਤਸ਼ੀ ਨੇ ਸੁਸਾਇਟੀ ਦੇ ਮੈਂਬਰਾਂ ਸਾਹਮਣੇ ਮੁਆਫੀ ਮੰਗੀ ਅਤੇ ਅੱਗੇ ਤੋਂ ਅਜਿਹਾ ਕੰਮ ਨਾ ਕਰਨ ਦਾ ਲਿਖਤੀ ਵਾਅਦਾ ਕਰਕੇ ਖਹਿੜਾ ਛੁਡਾਇਆ।
ਤਰਕਸ਼ੀਲ ਰੈਸ਼ਨਲਿਸਟ ਸੁਸਾਇਟੀ ਕੈਨੇਡਾ ਦੇ ਕੋਆਰਡੀਨੇਟਰ ਬਾਈ ਅਵਤਾਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰੀ ਵਿਚ ਜੋਤਿਸ਼ ਦਾ ਧੰਦਾ ਕਰ ਰਹੇ ਇੱਕ ਜੋਤਸ਼ੀ ਨੇ ਇੱਕ ਔਰਤ ਪਾਸੋਂ ਪੂਜਾ ਕਰਨ ਦੇ ਨਾਂ ਹੇਠ ਕਥਿਤ ਤੌਰ ਤੇ 2,000 ਡਾਲਰ ਕੈਸ਼ ਅਤੇ 120 ਗ੍ਰਾਮ ਸੋਨੇ ਦੀ ਮੰਗ ਕੀਤੀ। ਜੋਤਸ਼ੀ ਨੇ ਉਸ ਔਰਤ ਦੇ ਘਰ ਜਾ ਕੇ ਕਿਹਾ ਕਿ ਉਸ ਦੇ ਘਰ ਵਿਚ ਬਹੁਤ ਖਤਰਨਾਕ 4 ਭੂਤ ਹਨ ਅਤੇ ਉਨ੍ਹਾਂ ਨੂੰ ਭਜਾਉਣ ਲਈ ਇਹ ਸੋਨਾ ਪਾਣੀ ਵਿਚ ਤਾਰਨਾ ਪਵੇਗਾ। ਉਸ ਔਰਤ ਨੇ 120 ਗ੍ਰਾਮ ਸੋਨਾ ਦੇਣ ਦੀ ਅਸਮਰੱਥਾ ਜਾਹਰ ਕੀਤੀ ਤਾਂ ਉਸ ਨੇ ਕਿਹਾ ਜਿੰਨਾ ਤੁਹਾਡੇ ਕੋਲ ਹੈ ਉਹ ਲੈ ਕੇ ਆਓ। ਔਰਤ ਕੋਲ ਤਕਰੀਬਨ 60 ਗ੍ਰਾਮ ਸੋਨਾ ਸੀ ਜੋ ਉਸ ਜੋਤਸ਼ੀ ਨੇ ਪਾਣੀ ਵਿਚ ਤਾਰਨ ਦੇ ਬਹਾਨੇ ਔਰਤ ਪਾਸੋਂ ਕਥਿਤ ਤੌਰ ਤੇ ਹਥਿਆ ਲਿਆ। ਉਪਰੰਤ ਕੋਈ ਵੀ ਕੰਮ ਨਾ ਹੋਣ ਔਰਤ ਨੇ ਉਸ ਨੂੰ ਪੁੱਛਿਆ ਤਾਂ ਜੋਤਸ਼ੀ ਕਹਿਣ ਲੱਗਾ ਕਿ ਤੇਰਾ ਕੰਮ ਨਹੀਂ ਹੋਣਾ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ। ਤੇਰਾ ਉਹ ਸੋਨਾ ਪ੍ਰਵਾਨ ਨਹੀਂ ਹੋਇਆ ਅਤੇ ਤਿੰਨ ਬਹੁਤ ਖਤਰਨਾਕ ਭੂਤ ਤੇਰੇ ਘਰ ਵਿਚ ਮੌਜੂਦ ਹਨ। ਉਹ ਔਰਤ ਹੋਰ ਡਰ ਗਈ ਅਤੇ ਆਪਣੇ ਘਰ ਵਿਚ ਸੌਣ ਤੋਂ ਵੀ ਘਬਰਾਉਣ ਲੱਗੀ ਪਰ ਉਸ ਨੇ ਇਸ ਜੋਤਸ਼ੀ ਨੂੰ ਫੋਨ ਕਰਨੇ ਜਾਰੀ ਰੱਖੇ ਆਖਿਰ ਜੋਤਸ਼ੀ ਨੇ ਉਸ ਔਰਤ ਦਾ ਫੋਨ ਚੱਕਣਾ ਹੀ ਬੰਦ ਕਰ ਦਿੱਤਾ।
ਉਸ ਔਰਤ ਨੂੰ ਕਿਸੇ ਲੜਕੀ ਨੇ ਸੁਸਾਇਟੀ ਬਾਰੇ ਦੱਸਿਆ ਤਾਂ ਪੀੜਤ ਔਰਤ ਨੇ ਸੁਸਾਇਟੀ ਨਾਲ ਸੰਪਰਕ ਕੀਤਾ। ਸੁਸਾਇਟੀ ਮੈਂਬਰਾਂ ਨੇ ਐਕਸ਼ਨ ਲੈਂਦਿਆਂ ਉਸ ਜੋਤਸ਼ੀ ਨੂੰ ਜਾ ਘੇਰਿਆ ਅਤੇ ਸੁਆਲ ਜੁਆਬ ਉਪਰੰਤ ਜੋਤਸ਼ੀ ਨੇ 2,000 ਕੈਸ਼ ਅਤੇ ਆਪਣੀ ਘਰਵਾਲੀ ਦਾ 30.9 ਗ੍ਰਾਮ ਸ਼ੁੱਧ ਸੋਨੇ ਦਾ ਮੰਗਲ ਸੂਤਰ ਉਸ ਔਰਤ ਨੂੰ ਵਾਪਿਸ ਕੀਤਾ, ਮੁਆਫੀ ਮੰਗੀ ਅਤੇ ਅੱਗੇ ਤੋਂ ਅਜਿਹਾ ਕੰਮ ਨਾ ਕਰਨ ਦਾ ਲਿਖਤੀ ਵਾਅਦਾ ਵੀ ਕੀਤਾ। ਤਰਕਸ਼ੀਲ ਸੁਸਾਇਟੀ ਵੱਲੋਂ ਇਸ ਕਾਰਵਾਈ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਪਾਈ ਗਈ ਹੈ।
ਬਾਈ ਅਵਤਾਰ ਨੇ ਕਿਹਾ ਕਿ ਲੋਕਾਂ ਨੂੰ ਖ਼ਬਰਦਾਰ ਕੀਤਾ ਹੈ ਕਿ ਥਾਂ ਥਾਂ ਲੱਗੇ ਜਾਂ ਮੀਡੀਆ ਵਿਚ ਛਪ ਰਹੇ ਇਸ਼ਤਿਹਾਰ ਦੁੱਖਾਂ ਵਿੱਚ ਘਿਰੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਹਨ ਕਿਓਂਕਿ ਉਨ੍ਹਾਂ ਵੱਲੋਂ ਕੀਤੇ ਜਾਂਦੇ ਦਾਅਵੇ ਬਹੁਤ ਖਿੱਚ ਭਰਪੂਰ ਅਤੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜੇ ਹੁੰਦੇ ਹਨ। ਅਕਸਰ ਲੋਕ ਸਮਝਦੇ ਹਨ ਕਿ ਸ਼ਾਇਦ ਸਾਡੀ ਸਮੱਸਿਆ ਇਥੇ ਹੱਲ ਹੋ ਜਾਵੇਗੀ ਤੇ ਉਹ ਅਜਿਹੇ ਝਾਂਸੇ ਵਿਚ ਫਸ ਜਾਂਦੇ ਹਨ ਜਦੋਂ ਕਿ ਇਹ ਦਾਅਵੇ ਬਿਲਕੁਲ ਖੋਖਲੇ ਹੁੰਦੇ ਹਨ। ਤਰਕਸ਼ੀਲ ਆਗੂ ਨੇ ਲੋਕਾਂ ਨੂੰ ਕਥਿਤ ਠੱਗਾਂ ਦੇ ਜਾਲ ਵਿਚ ਨਾ ਫਸਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਆਪਣੀਆਂ ਸਮੱਸਿਆਵਾਂ ਦਾ ਹੱਲ ਪਰਿਵਾਰ ਵਿੱਚ ਮਿਲ ਬੈਠ ਕੇ ਕਰੋ ਜਾਂ ਭਾਈਚਾਰੇ ਦੇ ਸੂਝਵਾਨ ਰਿਸ਼ਤੇਦਾਰ/ਦੋਸਤ ਵੀ ਸਹੀ ਸਲਾਹ ਦੇ ਸਕਦੇ ਹਨ। ਜੇਕਰ ਕੋਈ ਵੀ ਚਾਰਾ ਨਾ ਹੋਵੇ ਤਾਂ ਸੁਸਾਇਟੀ ਨਾਲ ਵੀ 604-728-7011 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੁਸਾਇਟੀ ਵੱਲੋਂ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ।