ਸਰੀ, (ਹਰਦਮ ਮਾਨ) – ਪੰਜਾਬੀ ਦੇ ਸਾਹਿਤਕ ਹਲਕਿਆਂ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਦੇ ਨਾਮਵਰ ਸਾਹਿਤਕਾਰ ਜੋਗਿੰਦਰ ਸਿੰਘ ਸ਼ਮਸ਼ੇਰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪਿਛਲੇ ਕਈ ਸਾਲਾਂ ਤੋਂ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਸ਼ਹਿਰ ਕੋਕੁਇਟਲਮ ਵਿਖੇ ਆਪਣੀ ਲੜਕੀ ਕੋਲ ਰਹਿ ਰਹੇ ਸਨ। 93 ਸਾਲਾ ਜੋਗਿੰਦਰ ਸਿੰਘ ਸ਼ਮਸ਼ੇਰ ਪੰਜਾਬੀ ਸਾਹਿਤ ਦੀ ਬੇਨਿਆਜ਼ ਹਸਤੀ ਸਨ। ਉਹ ਸਫਰਨਾਮਾ ਲੇਖਕ, ਇਤਿਹਾਸਕਾਰ ਅਤੇ ਵਾਰਤਕ ਲੇਖਕ ਸਨ। ਉਨ੍ਹਾਂ ਦਾ ਸਫਰਨਾਮਾ ਲੰਡਨ ਤੋਂ ਦਿੱਲੀ ਤੱਕ ਕਾਰ ਰਾਹੀਂ ਸਫਰ ਪੰਜਾਬੀ ਸਾਹਿਤ ਦੀ ਵੱਡਮੁੱਲੀ ਰਚਨਾ ਹੈ। ਇਹ ਸਫਰਨਾਮਾ ਤਿੰਨ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਇਆ ਹੈ।
ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ (ਜੀਵਨੀ), ਲੰਡਨ ਤੋਂ ਦਿੱਲੀ ਕਾਰ ਰਾਹੀਂ (ਸਫ਼ਰਨਾਮਾ), ਓਵਰਟਾਇਮ ਪੀਪਲ,
ਕੁਝ ਕਵਿਤਾਵਾਂ, ਲੰਡਨ ਦੇ ਸ਼ਹੀਦ, ਬਰਤਾਨੀਆ ਵਿੱਚ ਪੰਜਾਬੀ ਜੀਵਨ ‘ਤੇ ਸਾਹਿਤ, 1919 ਦਾ ਪੰਜਾਬ (ਇਤਿਹਾਸ),
ਫ਼ੈਜ਼ ਅਹਿਮਦ ਫ਼ੈਜ਼ ਦੇ ਖਤ ਬੇਗਮ ਸਰਫ਼ਰਾਜ਼ ਇਕਬਾਲ ਦੇ ਨਾਂ (ਅਨੁਵਾਦ), ਮੈਨੀਟੋਬਾ ਦਾ ਇਤਿਹਾਸ (ਵਾਰਤਕ), ਚੀਨ ਵਿੱਚ 22 ਦਿਨ (ਡਾਇਰੀ), ਪਾਰਵਤੀ ਦੇ ਕੰਢੇ ਕੰਢੇ (ਸਫ਼ਰਨਾਮਾ), ਸਵੈ ਜੀਵਨੀ ਰਾਲਫ਼ ਰਸਲ (ਅਨੁਵਾਦ),
ਕਿੱਥੇ ਗਿਆ ਮੇਰਾ ਸ਼ਹਿਰ ਲਾਹੌਰ (ਸੋਮ ਆਨੰਦ ਦੀਆਂ ਯਾਦਾਂ: ਅਨੁਵਾਦ) ਉਨ੍ਹਾਂ ਦੀ ਪ੍ਰਸਿੱਧ ਰਚਨਾਵਾਂ ਸਨ।
ਮਹਾਨ ਸਾਹਿਤਕਾਰ ਜੋਗਿੰਦਰ ਸਿੰਘ ਸ਼ਮਸ਼ੇਰ ਦੀ ਮੌਤ ਉਪਰ ਦੁੱਖ ਪ੍ਰਗਟ ਰਕਦਿਆਂ ਨਾਮਵਰ ਸਿੱਖ ਵਿਦਵਾਨ ਤੇ ਚਿੰਤਕ, ਜੈਤੇਗ ਸਿੰਘ ਅਨੰਤ, ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੋਢੀ ਗਿਆਨ ਸਿੰਘ ਸੰਧੂ, ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ, ਸਿੱਖ ਸੰਗਤ ਵੈਨਕੂਵਰ ਦੇ ਬੁਲਾਰੇ ਲਖਵੀਰ ਸਿੰਘ ਖੰਗੂੜਾ, ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਕਮੇਟੀ ਮੈਂਬਰ ਪਰਮਜੀਤ ਸਿੰਘ ਰੰਧਾਵਾ, ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਜਸਵਿੰਦਰ ਗ਼ਜ਼ਲਗੋ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਹਰਦਮ ਸਿੰਘ ਮਾਨ ਅਤੇ ਹੋਰ ਕਈ ਕੈਨੇਡੀਅਨ ਲੇਖਕਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਰੁਖ਼ਸਤ ਹੋਣ ਨਾਲ ਪੰਜਾਬੀ ਸਾਹਿਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।