ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਸਰਕਾਰ ਦੁਆਰਾ ਅਫਗਾਨਿਸਤਾਨ ਵਿੱਚ ਫਸੇ ਬ੍ਰਿਟਿਸ਼ ਨਾਗਰਿਕਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਦੀ ਪ੍ਰਕਿਰਿਆ ਜਾਰੀ ਹੈ। ਕਾਬੁਲ ਦੇ ਹਵਾਈ ਅੱਡੇ ‘ਤੇ ਦੇਸ਼ ਨੂੰ ਛੱਡਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸੇ ਦੌਰਾਨ ਬੁੱਧਵਾਰ ਨੂੰ ਯੂਕੇ ਪ੍ਰਸ਼ਾਸਨ ਦੁਆਰਾ ਅਫਗਾਨਿਸਤਾਨ ਵਿਚਲੇ ਬ੍ਰਿਟਿਸ਼ ਨਾਗਰਿਕਾਂ ਨੂੰ ਅੱਤਵਾਦੀ ਹਮਲੇ ਦੇ ਖਤਰੇ ਦੀ ਚਿਤਾਵਨੀ ਦਿੰਦਿਆਂ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ। ਵਿਦੇਸ਼ੀ, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (ਐਫ ਸੀ ਡੀ ਓ) ਨੇ ਬੁੱਧਵਾਰ ਰਾਤ ਨੂੰ ਅਫਗਾਨਿਸਤਾਨ ਲਈ ਯਾਤਰਾ ਸਲਾਹ ਨੂੰ ਅਪਡੇਟ ਕੀਤਾ ਅਤੇ ਚੇਤਾਵਨੀ ਦਿੱਤੀ ਕਿ ਅਫਗਾਨਿਸਤਾਨ ਵਿੱਚ ਸਥਿਤੀ ਅਸਥਿਰ ਬਣੀ ਹੋਈ ਹੈ ਅਤੇ ਬ੍ਰਿਟਿਸ਼ ਨਾਗਰਿਕਾਂ ਨੂੰ ਹਵਾਈ ਅੱਡੇ ਦੇ ਨੇੜੇ ਕਿਸੇ ਸੁਰੱਖਿਅਤ ਜਗ੍ਹਾ ‘ਤੇ ਚਲੇ ਜਾਣਾ ਚਾਹੀਦਾ ਹੈ। ਤਾਲਿਬਾਨ ਦੇ ਕਬਜੇ ਤੋਂ ਬਾਅਦ ਅਫਗਾਨਿਸਤਾਨ ਤੋਂ ਭੱਜਣ ਲਈ ਪਿਛਲੇ ਕਰੀਬ 12 ਦਿਨਾਂ ਤੋਂ ਹਵਾਈ ਅੱਡੇ ‘ਤੇ ਭੀੜ ਲੱਗੀ ਹੋਈ ਹੈ। ਇਸ ਭੀੜ ਵਿੱਚ ਇਸ ਕਰਕੇ ਵੀ ਵਾਧਾ ਹੋ ਰਿਹਾ ਹੈ ਕਿਉਂਕਿ ਫੌਜਾਂ ਨੇ 31 ਅਗਸਤ ਦੀ ਸਮਾਂ ਸੀਮਾ ਤੋਂ ਪਹਿਲਾਂ ਜਿੰਨਾ ਸੰਭਵ ਹੋ ਸਕੇ ਯੋਗ ਲੋਕਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬ੍ਰਿਟੇਨ ਦੇ ਇੱਕ ਫੌਜੀ ਅਧਿਕਾਰੀ ਦੇ ਅਨੁਸਾਰ ਤਾਲਿਬਾਨ ਦੁਆਰਾ ਹਵਾਈ ਅੱਡੇ ‘ਤੇ ਹਮਲਾ ਦਾ ਖਤਰਾ ਹੈ ਅਤੇ ਇਹ ਸਮੂਹ ਆਮ ਤੌਰ ‘ਤੇ ਹਮਲੇ ਲਈ ਆਤਮਘਾਤੀ ਹਮਲਾਵਰ, ਵਾਹਨ ਬੰਬਾਂ ਅਤੇ ਗੋਲੀਬਾਰੀ ਦੀ ਵਰਤੋਂ ਕਰਦਾ ਹੈ।