ਵਾਸ਼ਿੰਗਟਨ – ਅਫ਼ਗਾਨਿਸਤਾਨ ਦੇ ਕਾਬੁਲ ਏਅਰਪੋਰਟ ਤੇ ਹੋਏ ਆਤਮਘਾਤੀ ਧਮਾਕਿਆਂ ਦੇ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਬਹੁਤ ਹੀ ਗੁਸੇ ਵਿੱਚ ਹਨ। ਉਨ੍ਹਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਜਿੰਨ੍ਹਾਂ ਟੈਰਰਿਸਟਾਂ ਨੇ ਇਹ ਹਮਲੇ ਕੀਤੇ ਹਨ,ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਇਨ੍ਹਾਂ ਧਮਾਕਿਆਂ ਵਿੱਚ ਘੱਟ ਤੋਂ ਘੱਟ 170 ਲੋਕਾਂ ਦੇ ਮਾਰੇ ਜਾ ਚੁੱਕੇ ਹਨ ਅਤੇ 1276 ਲੋਕ ਜਖਮੀ ਹੋਏ ਹਨ, ਮਰਨ ਵਾਲਿਆਂ ਦੀ ਸੰਖਿਆ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ। ਇਸ ਹਮਲੇ ਦੌਰਾਨ 13 ਅਮਰੀਕੀ ਸੈਨਿਕਾਂ ਦੇ ਵੀ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਨੂੰ ਪਿੱਛਲੇ ਇੱਕ ਦਹਾਕੇ ਵਿੱਚ ਅਮਰੀਕੀ ਸੈਨਾ ਦੇ ਲਈ ਸੱਭ ਤੋਂ ਵੱਧ ਮਾੜਾ ਦਿਨ ਦੱਸਿਆ ਹੈ। ਉਨ੍ਹਾਂ ਨੇ ਇਸ ਵਾਰਦਾਤ ਲਈ ਆਈਐਸਆਈਐਸ ਨੂੰ ਦੋਸ਼ੀ ਠਹਿਰਾਇਆ ਹੈ। ਬਾਈਡਨ ਨੇ ਬਹੁਤ ਹੀ ਭਾਵੁਕ ਹੁੰਦੇ ਹੋਏ ਕਿਹਾ ਕਿ ਅਸੀਂ ਇਨ੍ਹਾਂ ਦੋਸ਼ੀਆਂ ਨੂੰ ਮਾਫ਼ ਨਹੀਂ ਕਰਾਂਗੇ ਅਤੇ ਇਨ੍ਹਾਂ ਨੂੰ ਲੱਭ ਕੇ ਇਨ੍ਹਾਂ ਦੇ ਕੀਤੇ ਦੀ ਕੀਮਤ ਵਸੂਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਕਾਬੁਲ ਏਅਰਪੋਰਟ ਤੇ ਅਮਰੀਕੀ ਸੈਨਾ ਵੱਲੋਂ ਕੀਤਾ ਜਾ ਰਿਹਾ ਅਪਰੇਸ਼ਨ ਜਾਰੀ ਰਹੇਗਾ। ਏਅਰਪੋਰਟ ਤੋਂ ਲੋਕਾਂ ਨੂੰ ਕੱਢਣ ਦਾ ਕੰਮ ਹੋਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਪਿੱਛਲੇ 25 ਘੰਟਿਆਂ ਵਿੱਚ 7500 ਨਾਗਰਿਕਾਂ ਨੂੰ ਬਚਾਇਆ ਗਿਆ ਹੈ।
ਕਨੇਡਾ, ਜਰਮਨੀ ਅਤੇ ਨੀਦਰਲੈਂਡ ਨੇ ਹਮਲਿਆਂ ਤੋਂ ਪਹਿਲਾਂ ਹੀ ਉਡਾਣਾਂ ਰੋਕ ਦਿੱਤੀਆਂ ਸਨ। ਤੁਰਕੀ ਨੇ ਵੀ ਪਿੱਛਲੇ 6 ਸਾਲਾਂ ਤੋਂ ਉਥੇ ਤੈਨਾਤ ਆਪਣੇ ਸੈਨਿਕਾਂ ਨੂੰ ਵਾਪਿਸ ਬੁਲਾਉਣ ਦਾ ਐਲਾਨ ਕਰ ਦਿੱਤਾ ਸੀ।