ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਗੈਰ ਸਿਧਾਂਤਕ ਫ਼ੈਸਲਿਆਂ ਪ੍ਰਤੀ ਵਿਰਾਮ ਲਾਉਣ ਦਾ ਹਾਲੇ ਤਕ ਵੀ ਕੋਈ ਇਰਾਦਾ ਨਹੀਂ ਹੈ। ਪਰ ਇਸ ਵਾਰ ਤਾਂ ਅੰਤ੍ਰਿਮ ਕਮੇਟੀ ਦੇ ਬਹੁਤੇ ਮੈਂਬਰਾਂ ਨੇ ਵੀ ਸਿਧਾਂਤ ਹੀਣ ਫ਼ੈਸਲਿਆਂ ਪ੍ਰਤੀ ਬੀਬੀ ਜੀ ਦਾ ਸਾਥ ਦੇ ਕੇ ਪੰਥ ਨੂੰ ਹੈਰਾਨ ਕਰ ਦਿੱਤਾ ਹੈ। ਮਾਮਲਾ ਡਿਊਟੀ ਦੌਰਾਨ ਨਸਲੀ ਹਮਲੇ ਦਾ ਸ਼ਿਕਾਰ ਹੋਏ ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਤਸਵੀਰ ਕੇਂਦਰੀ ਅਜਾਇਬਘਰ ਵਿਚ ਲਗਾਉਣ ਦੇ ਫ਼ੈਸਲੇ ਦਾ ਹੈ।
ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੰਤ੍ਰਿਮ ਕਮੇਟੀ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਕਰਦਿਆਂ ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ’’ਪੂਰਨ ਗੁਰਸਿੱਖ’’ ਦੱਸਦਿਆਂ ਉਸ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਲਗਾਉਣ ਅਤੇ 10 ਲੱਖ ਰੁਪਏ ਨਾਲ ਉਸ ਦੀ ਯਾਦਗਾਰ ਬਣਾਉਣ ਦੇ ਫ਼ੈਸਲੇ ਤੋਂ ਜਾਣੂ ਕਰਾਇਆ । ( ਭਰੋਸੇ ਯੋਗ ਸੂਤਰਾਂ ਅਨੁਸਾਰ ਕਮੇਟੀ ਦੀ ਮੀਟਿੰਗ ਦੌਰਾਨ ਯਾਦਗਾਰ ਲਈ 10 ਲੱਖ ਰੁਪਏ ਦੀ ਰਾਸ਼ੀ ਦੇਣ ਦੀ ਕੋਈ ਗਲ ਨਹੀਂ ਹੋਈ)। ਰੋਮਾਂ ਦੀ ਬੇਅਦਬੀ ਕਰਨ ਵਾਲਾ ਵੀ ਬੀਬੀ ਜੀ ਲਈ ’’ਪੂਰਨ ਗੁਰਸਿੱਖ’’ ਹੈ ਤਾਂ ਹੁਣ ਸਿੱਖ ਦੀ ਪਰਿਭਾਸ਼ਾ ਬਦਲਣ ਲਈ ਬੀਬੀ ਜੀ ਨੂੰ ਕੀ ਕਿਹਾ ਜਾਵੇ? ਜਦ ਕਿ ਸਭ ਜਾਣਦੇ ਹਨ ਕਿ ਸ: ਧਾਲੀਵਾਲ ਦਾੜ੍ਹੀ ਕੇਸਾਂ ਦੀ ਬੇਅਦਬੀ ਕਰਨ ਵਾਲਾ ਇਕ ਪਤਿਤ ਸਿੱਖ ਸੀ। ਬੇਸ਼ੱਕ ਉਸ ਵੱਲੋਂ ਪੁਲਿਸ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਇਜਾਜ਼ਤ ਲੈਣ ਲਈ ਟੈਕਸਾਸ ਸੂਬੇ ਦੀ ਸਰਕਾਰ ਅਤੇ ਹੈਰਿਸ ਕਾਊਂਟੀ ਪੁਲਿਸ ਨਾਲ਼ ਲੜੀ ਗਈ ਲੰਮੀ ਕਾਨੂੰਨੀ ਲੜਾਈ ਦੀ ਸ਼ਲਾਘਾ ਕਰਨੀ ਬਣਦੀ ਹੈ। ਪਰ ਇਕ ਪਤਿਤ ਸਿੱਖ ਜੋ ਅਚਾਨਕ ਇਕ ਅਪਰਾਧੀ ਵੱਲੋਂ ਡਿਊਟੀ ਦੌਰਾਨ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਨਾਲ ਵਿਸ਼ਵ ਪੱਧਰ ’ਤੇ ਨਾਮਣਾ ਖੱਟਣ ਕਾਰਨ ਹੀ ਉਸ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦਾ ਫ਼ੈਸਲਾ ਲਿਆ ਜਾਣਾ ਕਿਸੇ ਵੀ ਗੁਰਸਿੱਖ ਦੀ ਗਲੇ ਤੋਂ ਨਹੀਂ ਉਤਰ ਰਿਹਾ। ਕਿਉਂਕਿ ਕੇਂਦਰੀ ਸਿੱਖ ਅਜਾਇਬਘਰ ਸਿੱਖ ਪੰਥ ਦਾ ਉਹ ਕੇਂਦਰੀ ਅਸਥਾਨ ਹੈ ਜਿੱਥੇ ਉਨ੍ਹਾਂ ਹੀ ਗੁਰਸਿੱਖਾਂ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਹਨ, ਜਿਨ੍ਹਾਂ ਨੇ ਪੰਥ ਤੇ ਪੰਥਕ ਸਰੋਕਾਰਾਂ ਲਈ ਆਪਣੀ ਜਾਨ ਨਿਛਾਵਰ ਕੀਤੀ ਜਾਂ ਫਿਰ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਵਿਸ਼ੇਸ਼ ਯੋਗਦਾਨ ਅਤੇ ਸਿੱਖ ਰਹਿਤ ਮਰਯਾਦਾ ਦੇ ਦਾਇਰੇ ਅੰਦਰ ਰੋਲ ਆਫ ਮਾਡਲ ਹੋਵੇ। ਪਰ ਅਫ਼ਸੋਸ ਕਿ ਅੱਜ ਇਸ ਵਿਸ਼ੇਸ਼ ਅਸਥਾਨ ਵਿਖੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲਿਆਂ ਦੇ ਬਰਾਬਰ ਉਨ੍ਹਾਂ ਲੋਕਾਂ ਦੀਆਂ ਤਸਵੀਰਾਂ ਲਗਾਉਣ ਦੇ ਫ਼ੈਸਲੇ ਕੀਤੇ ਜਾ ਰਹੇ ਹਨ ਜੋ ਕਿ ਸਿੱਖ ਰਹਿਤ ਮਰਯਾਦਾ ਅਨੁਸਾਰ ਕੁਰਹਿਤ ਕਰਨ ਦੇ ਦੋਸ਼ੀ ਹਨ। ਅਜਿਹੀ ਅਵਸਥਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜਿਸ ਦੀ ਨਜ਼ਰ ਹੋਰਨਾਂ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਜਾਂ ਮੈਂਬਰਾਂ ਦੀ ਕੇਸਾਂ ਦੀ ਬੇਅਦਬੀ ਵਲ ਤਾਂ ਜਾਂਦੀ ਹੈ ਪਰ ਆਪਣੇ ਪ੍ਰਧਾਨ ਵੱਲੋਂ ਲਏ ਜਾਂਦੇ ਗੈਰ ਸਿਧਾਂਤਕ ਫ਼ੈਸਲਿਆਂ ’ਤੇ ਕਿੰਤੂ ਕਰਨ ਦਾ ਹੀਆ ਨਹੀਂ ਕਰ ਪਾਉਂਦਾ। ਪਤਾ ਨਹੀਂ ਕੀ ਮਜਬੂਰੀ ਹੈ ?
ਇੱਥੇ ਇਕ ਗਲ ਹੋਰ ਅਫ਼ਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਪੰਜਾਬ ’ਚ ਸਿੱਖ ਨੌਜਵਾਨੀ ਦਾ ਹੋ ਰਿਹਾ ਘਾਣ ਰੋਕਣ ਵਾਲੇ ਮਨੁੱਖੀ ਹੱਕਾਂ ਦਾ ਰਾਖਾ ਅਤੇ ਅਕਾਲ ਤਖ਼ਤ ਵੱਲੋਂ 23 ਮਾਰਚ 2012, ’ਚ ਕੌਮੀ ਸ਼ਹੀਦ ਦਾ ਸਭ ਤੋਂ ਉੱਚਾ ਰੁਤਬਾ ਹਾਸਲ ਸਿੱਖ ਕੌਮ ਦਾ ਮਾਣ ਸ਼ਹੀਦ ਸਿਪਾਹੀ ਦਿਲਾਵਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਲਈ ਸਿੱਖ ਜਥੇਬੰਦੀਆਂ ਤੇ ਸੰਗਤਾਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਹੁਣ ਤਕ ਨਹੀਂ ਮੰਨੀ ਗਈ। ਜਦ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਕਾਰਜ ਨੂੰ ਸੰਪੰਨ ਕਰਨ ਪ੍ਰਤੀ ਸੰਗਤ ਨੂੰ ਵਿਸ਼ਵਾਸ ਦਿੱਤਾ ਹੋਇਆ ਹੈ। ਇਹੀ ਨਹੀਂ ਅੱਜ ਤਕ ਧਰਮੀ ਫ਼ੌਜੀਆਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਜਾ ਸਕਿਆ, ਉਨ੍ਹਾਂ ਨੂੰ ਅੱਜ ਤਕ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰੋਪਾਉ ਦੀ ਬਖਸ਼ਿਸ਼ ਨਸੀਬ ਨਹੀਂ ਹੋਈ। ਅੱਜ ਇਕ ਪਤਿਤ ਦੀ ਤਸਵੀਰ ਲਗਾਉਣ ਦੀ ਗਲ ਚਲੀ ਤਾਂ ਇਸ ਗੈਰ ਸਿਧਾਂਤਕ ਬੇਅਸੂਲ ਫ਼ੈਸਲਿਆਂ ਲਈ ਨਾ ਚਾਹੁੰਦਿਆਂ ਵੀ ਆਪਣਿਆਂ ਨੂੰ ਕੋਸਣਾ ਪੈ ਰਿਹਾ ਹੈ। ਪਤਾ ਨਹੀਂ ਆਪਣੇ ਇਖ਼ਲਾਕ ਤੋਂ ਆਪਾਂ ਕਿਉਂ ਡਿਗਦੇ ਜਾ ਰਹੇ ਹਾਂ? ਪਤਾ ਨਹੀਂ ਟਰੈਫ਼ਿਕ ਡਿਊਟੀ ਸਮੇਂ ਅਮਰੀਕਾ ਵਿੱਚ ਹੋਈ ਮੌਤ ਸ਼ਹਾਦਤ ਕਿਵੇਂ ਹੋ ਗਈ ? ਕੋਈ ਪੁੱਛਣ ਵਾਲਾ ਨਹੀਂ? ਇਸੇ ਤਰਾਂ ਬੀਤੇ ਦਿਨੀਂ ਉਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਦਰਬਾਰ ਸਾਹਿਬ ਕੰਪਲੈਕਸ ਵਿਚ ਸ੍ਰੋਮਣੀ ਕਮੇਟੀ ਦਫ਼ਤਰ ਦੇ ਅੰਦਰ ਕਰੋੜਾਂ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ, ਜਦ ਕਿ ਇਸੇ ਸਰਮਾਏ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਬਚਿਆਂ ਖਿਡਾਰੀਆਂ ਦੀ ਇਕ ਚੰਗੀ ਟੀਮ ਤਿਆਰ ਕੀਤੀ ਜਾ ਸਕਦੀ ਸੀ। ਇਹ ਵੀ ਕਿ ਭਾਰਤੀ ਹਾਕੀ ਟੀਮ ਕੋਈ ਸਿੱਖ ਟੀਮ ਨਹੀਂ ਹੈ , ਜ਼ਾਹਿਰ ਹੈ ਕੌਮੀ ਹਾਕੀ ਟੀਮ ਦੇ ਜ਼ਿਆਦਾਤਰ ਮੈਂਬਰ ਪਤਿਤ ਹਨ ਅਤੇ ਨਾ ਹੀ ਉਹ ਸਿੱਖ ਰੋਲ ਮਾਡਲ ਹਨ। ਨਾ ਹੀ ਸ਼੍ਰੋਮਣੀ ਕਮੇਟੀ ਰਾਜ ਸਰਕਾਰ ਜਾਂ ਰਾਜ ਸਤਾ ਹੈ। ਪਤਿਤ ਖਿਡਾਰੀਆਂ ਨੂੰ ਸਨਮਾਨ ਤੇ ਖ਼ੁਸ਼ਾਮਦ ਕਰਨ ’ਚ ਪੰਥ ਜਾਂ ਸ਼੍ਰੋਮਣੀ ਕਮੇਟੀ ਨੂੰ ਕੀ ਹਾਸਲ?ਕਿਸੇ ਜਥੇਦਾਰ ਨੇ ਸਵਾਲ ਨਹੀਂ ਉਠਾਇਆ । ਪਤਾ ਨਹੀਂ ਬੀਬੀ ਜੀ ਅਤੇ ਜਥੇਦਾਰ ਸਾਹਿਬਾਨ ਕਿਨ੍ਹਾਂ ਨੂੰ ਖ਼ੁਸ਼ ਕਰਨ ’ਤੇ ਲੱਗੇ ਹੋਏ ਹਨ । ਪਤਾ ਲਗਾ ਹੈ ਕਿ ਉਕਤ ਅੰਤ੍ਰਿਮ ਕਮੇਟੀ ਦੀ ਮੀਟਿੰਗ ਦੌਰਾਨ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਤਿੱਖਾ ਇਤਰਾਜ਼ ਜਤਾਉਂਦਿਆਂ ਸ: ਧਾਲੀਵਾਲ ਦੇ ਪਤਿਤ ਹੋਣ ਦੀ ਗਲ ਉਠਾਈ ਅਤੇ ਮਤੇ ’ਤੇ ਮੁੜ ਵਿਚਾਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਉਸ ਦੀ ਮੰਗ ਨੂੰ ਦਰ ਕਿਨਾਰ ਕਰਦਿਆਂ ਬੀਬੀ ਜਗੀਰ ਕੌਰ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਨੇ ਸ: ਧਾਲੀਵਾਲ ਦੇ ਪਤਿਤ ਨਾ ਹੋਣ ਬਾਰੇ ’ਕਨਫਰਮ’ ਕਰ ਲਿਆ ਹੋਇਆ ਹੈ। ਇੱਥੇ ਇਕ ਸੁਖਦ ਖ਼ਬਰ ਇਹੈ ਕਿ ਸ਼੍ਰੋਮਣੀ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸੰਦੀਪ ਸਿੰਘ ਧਾਲੀਵਾਲ ਨੂੰ ਪਤਿਤ ਸਿੱਖ ਕਹਿੰਦਿਆਂ ਉਸ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਲਗਾਉਣ ਦੇ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ’ਤੇ ਇਤਰਾਜ਼ ਜਤਾਉਂਦਿਆਂ ਉਕਤ ਪ੍ਰਤੀ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਵਾਲ਼ਿਆਂ ਦੇ ਬਰਾਬਰ ਪਤਿਤ ਦੀ ਫ਼ੋਟੋ ਅਜਾਇਬ ਘਰ ਵਿੱਚ ਕਿਵੇਂ ਲੱਗ ਸਕਦੀ ਹੈ ?