ਕਬੱਡੀ ਦੇ ਬਹੁਤ ਚਰਚਿਤ ਅਤੇ ਅੰਤਰ ਰਾਸ਼ਟਰੀ ਕਬੱਡੀ ਸਟਾਰ ਮਾਣਕ ਜੋਧਾਂ ਜਿਸਦੀ 18 ਦਸੰਬਰ 2020 ਨੂੰ ਇਕ ਹਾਦਸੇ ਵਿਚ ਮੌਤ ਹੋ ਗਈ ਸੀ। ਉਹ 44 ਵਰ੍ਹਿਆਂ ਦੇ ਸਨ। ਸਮੂਹ ਇਲਾਕਾ ਨਿਵਾਸੀਆਂ ਵਲੋਂ ਕਬੱਡੀ ਸਟਾਰ ਮਾਣਕ ਜੋਧਾਂ ਦੀ ਯਾਦ ਨੂੰ ਸਦੀਵੀ ਰੱਖਣ ਲਈ ਜਰਖੜ ਖੇਡ ਸਟੇਡੀਅਮ ਵਿਖੇ ਉਨ੍ਹਾਂ ਦਾ ਆਦਮਕੱਦ ਬੁੱਤ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਦਾ ਉਦਘਾਟਨ ਭਲਕੇ 29 ਅਗਸਤ ਦਿਨ ਐਤਵਾਰ ਨੂੰ ਖੇਡ ਦਿਵਸ ਮੌਕੇ ਤੇ ਸ਼ਾਮ 5 ਵਜੇ ਹੋਵੇਗਾ।
ਕੁਲਦੀਪ ਸਿੰਘ ਦੇ ਨਾਮ ਨਾਲ ਇਕ ਸਧਾਰਨ ਪਰਿਵਾਰ ਵਿਚ ਪੈਦਾ ਹੋਇਆ ਕਬੱਡੀ ਖੇਡ ਦਾ ਮਾਣਕ ਜੋਧਾਂ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ ਕਬੱਡੀ ਦਾ ਹੋਣਹਾਰ ਖਿਡਾਰੀ ਬਣਿਆ। ਜਿਸਨੇ ਪਿੰਡ ਪੱਧਰ ਦੀ ਕੱਬਡੀ ਤੋਂ ਆਪਣਾ ਖੇਡ ਕੈਰੀਅਰ ਸ਼ੁਰੂ ਕਰਕੇ ਕਬੱਡੀ ਦੇ ਖੇਤਰ ਵਿੱਚ ਕੈਨੇਡਾ, ਅਮਰੀਕਾ, ਇੰਗਲੈਂਡ ਆਸਟ੍ਰੇਲੀਆ ਅਤੇ ਕਈ ਯੂਰਪੀਨ ਮੁਲਕਾਂ ਵਿੱਚ ਆਪਣੇ ਖੇਡ ਹੁਨਰ ਦੀ ਧਾਂਕ ਜਮਾਈ। ਜਦੋਂ ਗਰਾਊਂਡ ਵਿੱਚੋਂ ਅਵਾਜ਼ ਆਉਂਦੀ “ਲੇ ਬਾਈ ਪੈਨ ਲੱਗੀ ਹੈ ਮਾਣਕ ਜੋਧਾਂ ਦੀ ਰੇਡ “ਤਾਂ ਦਰਸ਼ਕ ਗਰਾਊਂਡ ਦੇ ਬਾਹਰ ਖੜ੍ਹੇ ਪੱਬਾਂ ਭਰ ਹੋ ਜਾਂਦੇ ਸੀ। ਕਿਓੁਂਕਿ ਉਹ ਬੜੀ ਫੁਰਤੀ ਨਾਲ ਰੈੱਡ ਪਾਉਂਦਾ ਸੀ, ਭਾਵੇਂ ਉਹ ਜਾਫੀਆਂ ਦੇ ਕਲਾਵੇ ਵਿਚ ਤਾਂ ਨਹੀਂ ਆਉਂਦਾ ਸੀ ਪਰ ਮੌਤ ਨੇ ਉਸਨੂੰ ਓਨੀ ਹੀ ਤੇਜ਼ੀ ਨਾਲ ਆਪਣੇ ਕਲਾਵੇ ਵਿਚ ਲਈ ਲਿਆ। ਮੌਤ ਵੀ ਇਕ ਛੋਟਾ ਜਿਹਾ ਬਹਾਨਾ ਬਣ ਕੇ ਆਈ ਕਿ ਮਾਣਕ ਜੋਧਾਂ ਇਕ ਨਿੱਕੇ ਜਿਹੇ ਹਾਦਸੇ ਵਿੱਚ ਹੀ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ ।
ਮਾਣਕ ਜੋਧਾਂ ਬਹੁਤ ਹੀ ਮਿਲਾਪੜੇ ,ਸਾਊ ਸੁਭਾਅ ਦੇ, ਮਿੱਠ ਬੋਲੜਾ ਅਤੇ ਕਬੱਡੀ ਨੂੰ ਸਮਰਪਿਤ ਸ਼ਖ਼ਸੀਅਤ ਦਾ ਮਾਲਕ ਸੀ।ਕਬੱਡੀ ਦਾ ਖਿਡਾਰੀ ਹੋਣ ਦੇ ਨਾਲ ਨਾਲ ਕਬੱਡੀ ਦਾ ਪ੍ਰਬੰਧਕ ਤੇ ਉੱਘਾ ਸਮਾਜ ਸੇਵੀ ਸੀ। ਉਸਦੀ ਬੇਵਕਤੀ ਮੌਤ ਨੇ ਉਸਦੇ ਪਰਿਵਾਰ ਉਸਦੇ ਅੰਗੀ ਸਾਥੀਆਂ ਅਤੇ ਇਲਾਕੇ ਨੂੰ ਝਿੰਜੋੜ ਕੇ ਰੱਖ ਦਿੱਤਾ ਸੀ। ਮਾਣਕ ਜੋਧਾਂ ਦੇ ਅਦਬ ਅਤੇ ਸਤਿਕਾਰ ਨੂੰ ਕਬੱਡੀ ਖੇਡ ਵਿੱਚ ਬਰਕਰਾਰ ਰੱਖਣ ਲਈ ਕਬੱਡੀ ਪ੍ਰੇਮੀਆਂ ਵੱਲੋਂ ਜਰਖੜ ਸਟੇਡੀਅਮ ਵਿਖੇ ਉਨ੍ਹਾਂ ਦੇ ਆਦਮਕੱਦ ਬੁੱਤ ਲਗਾਓੁਣ ਦੇ ਸਮਾਗਮ ਮੌਕੇ 29 ਅਗਸਤ ਨੂੰ ਕਬੱਡੀ ਅਤੇ ਖੇਡ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ ਉਥੇ ਮਾਣਕ ਜੋਧਾਂ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਜਾਵੇਗਾ।