ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਇਸ ਸਾਲ ਕੋਪ 26 ਜਲਵਾਯੂ ਸੰਮੇਲਨ ਹੋਣ ਜਾ ਰਿਹਾ ਹੈ। ਇਸ ਸੰਮੇਲਨ ਵਿੱਚ ਵਿਸ਼ਵ ਭਰ ਦੇ ਨੇਤਾ ਸ਼ਾਮਲ ਹੋਣਗੇ। ਕੋਪ 26 ਦੇ ਪ੍ਰਬੰਧਕਾਂ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ਵੀ ਇਸ ਜਲਵਾਯੂ ਸੰਮੇਲਨ ਵਿੱਚ ਸ਼ਮੂਲੀਅਤ ਕਰਨਗੇ। 95 ਸਾਲਾਂ ਮਹਾਰਾਣੀ ਵਿਸ਼ਵ ਦੇ ਨੇਤਾਵਾਂ ਦੇ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ ਜੋ ਅਸਲ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਹੋਣਾ ਸੀ ਪਰ ਕੋਵਿਡ ਮਹਾਂਮਾਰੀ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਸੰਮੇਲਨ ਨੂੰ ਹੁਣ ਸਕਾਟਿਸ਼ ਇਵੈਂਟਸ ਕੈਂਪਸ ਵਿਖੇ 1-12 ਨਵੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਕੋਪ 26 ਸੰਮੇਲਨ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸਮੇਤ 120 ਰਾਜ ਮੁਖੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਮਹਾਰਾਣੀ ਦੀ ਸ਼ਮੂਲੀਅਤ ਸਬੰਧੀ ਕੋਪ 26 ਦੇ ਪ੍ਰਧਾਨ ਆਲੋਕ ਸ਼ਰਮਾ ਨੇ ਟਵੀਟ ਰਾਹੀਂ ਦੱਸਿਆ ਕਿ ਮਹਾਰਾਣੀ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਬਾਰੇ ਉਹਨਾਂ ਨੂੰ ਖੁਸ਼ੀ ਹੈ। ਗਲਾਸਗੋ ਵਿੱਚ ਹੋ ਰਹੇ ਇਸ ਸਮਾਗਮ ਵਿੱਚ 196 ਦੇਸ਼ਾਂ ਦੇ ਨੇਤਾਵਾਂ ਅਤੇ ਲਗਭਗ 20,000 ਮਾਨਤਾ ਪ੍ਰਾਪਤ ਡੈਲੀਗੇਟਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਵਿਸ਼ਵ ਨੇਤਾ ਜਲਵਾਯੂ ਤਬਦੀਲੀ ਬਾਰੇ ਚਰਚਾ ਕਰਨਗੇ।
ਗਲਾਸਗੋ ‘ਚ ਹੋਣ ਵਾਲੇ ਜਲਵਾਯੂ ਸੰਮੇਲਨ ਵਿੱਚ ਮਹਾਰਾਣੀ ਐਲਿਜਾਬੈਥ ਕਰਨਗੇ ਸ਼ਮੂਲੀਅਤ
This entry was posted in ਅੰਤਰਰਾਸ਼ਟਰੀ.