ਚੌਕ ਮਹਿਤਾ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਰਨਾਲ ਵਿਖੇ ਕਿਸਾਨਾਂ ‘ਤੇ ਜ਼ਾਲਮਾਨਾ ਤਰੀਕੇ ਨਾਲ ਕੀਤੇ ਗਏ ਹਿੰਸਕ ਹਮਲੇ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਖ਼ਤ ਆਲੋਚਨਾ ਕੀਤੀ ਹੈ . ਉਨ੍ਹਾਂ ਕਿਹਾ ਕਿ ਭਾਜਪਾ ਇਹ ਨਾ ਭੁੱਲੇ ਕਿ ਜਿਨ੍ਹਾਂ ਕਿਸਾਨਾਂ ਦੇ ਸਮਰਥਨ ਨਾਲ ਰਾਜ ਮਿਲਿਆ, ਅੱਜ ਉਨ੍ਹਾਂ ਦੇ ਸਿਰ ‘ਤੇ ਅੰਨ੍ਹੇਵਾਹ ਡਾਂਗਾਂ ਮਾਰਦਿਆਂ ਖੂਹ ਵਹਾਉਗੇ ਤਾਂ ਇਹ ਰਾਜ ਵੀ ਜਿਆਦਾ ਚਿਰ ਨਹੀਂ ਚੱਲੇਗਾ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਇਹ ਇਕ ਵਿਡੰਬਣਾ ਅਤੇ ਹੈਰਾਨ ਕਰਨ ਵਾਲਾ ਵਰਤਾਰਾ ਰਿਹਾ, ਕਿ ਇਕੇ ਦਿਨ ਇਕ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਨਵ ਉਸਾਰੀ ਅਤੇ ਮੁਕੰਮਲ ਕੀਤੇ ਗਏ ਜੱਲਿਆਂਵਾਲਾ ਬਾਗ਼ ਅੰਮ੍ਰਿਤਸਰ ਦਾ ਵਰਚੂਅਲ ਉਦਘਾਟਨ ਕੀਤਾ ਜਾ ਰਿਹਾ ਸੀ ਤੇ ਦੂਜੇ ਪਾਸੇ ਕਰਨਾਲ ‘ਚ ਇਸੇ ਦੀ ਪਾਰਟੀ ਦੀ ਸਰਕਾਰ ਵੱਲੋਂ ਨਵਾਂ ਜੱਲਿਆਂਵਾਲਾ ਬਾਗ ਕਾਂਡ ਦੁਹਰਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਜੱਲਿਆਂਵਾਲਾ ਬਾਗ ਦੀ ਧਰਤੀ ‘ਤੇ ਅੰਗਰੇਜ਼ ਹਕੂਮਤ ਵੱਲੋਂ ਵਹਾਏ ਗਏ ਇਕ-ਇਕ ਕਤਰਾ ਖ਼ੂਨ ਦਾ ਹਿਸਾਬ ਕੀਤਾ ਜਾ ਰਿਹਾ ਸੀ ਤਾਂ ਦੂਜੇ ਪਾਸੇ ਇਸੇ ਦੀ ਹੀ ਭਾਜਪਾ ਸਰਕਾਰ ਵੱਲੋਂ ਕਰਨਾਲ ‘ਚ ਕਿਸਾਨਾਂ ਦਾ ਉਸੇ ਤਰਜ਼ ‘ਤੇ ਬੇਤਹਾਸ਼ਾ ਖ਼ੂਨ ਵਹਾਇਆ ਜਾ ਰਿਹਾ ਸੀ। ਉਨ੍ਹਾਂ ਹਰਿਆਣਾ ਸਰਕਾਰ ਦੇ ਇਕ ਉੱਚ ਅਧਿਕਾਰੀ ਵੱਲੋਂ ਪੁਲਿਸ ਕਰਮੀਆਂ ਨੂੰ ਕਿਸਾਨਾਂ ਦਾ ‘‘ਸਿਰ ਭੰਨ ਦੇਣ‘‘ ਪ੍ਰਤੀ ਆਦੇਸ਼ ਦੇਣ ਦੀ ਵੀ ਸਖ਼ਤ ਨਿਖੇਧੀ ਕੀਤੀ ਅਤੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜਮਹੂਰੀ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ। ਕੇਂਦਰ ਸਰਕਾਰ ਤੇ ਭਾਜਪਾ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਤਾਕਤ ਦੀ ਅੰਨ੍ਹੇਵਾਹ ਵਰਤੋਂ ਕਰਨ ਦੀ ਥਾਂ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਜਾਂ ਫਿਰ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਕੇ ਇਸ ਮਸਲੇ ਦੇ ਸਥਾਈ ਹੱਲ ਲਈ ਰਸਤਾ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿੱਖ ਪੰਥ ਦਾ ਹਰੇਕ ਬਾਸ਼ਿੰਦਾ ਕਿਸਾਨੀ ਦੇ ਨਾਲ ਖੜ੍ਹਾ ਹੈ।
ਕਰਨਾਲ ਵਿਖੇ ਹਰਿਆਣਾ ਸਰਕਾਰ ਦਾ ਕਿਸਾਨਾਂ ‘ਤੇ ਹਮਲਾ ਜ਼ਾਲਮਾਨਾ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
This entry was posted in ਪੰਜਾਬ.