ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਰ 4 ਸਾਲ ਬਾਅਦ ਹੋਣ ਵਾਲੀਆਂ ਆਮ ਚੋਣਾਂ ਕੋਵਿਡ-19 ਮਹਾਮਾਰੀ ਦੇ ਚਲਦੇ ਬਾਰ-ਬਾਰ ਮੁਲਤਵੀ ਹੋਣ ਤੌਂ ਬਾਅਦ ਆਖਿਰਕਾਰ ਬੀਤੇ 22 ਅਗਸਤ ਨੂੰ ਨੇਪਰੇ ਚੱੜ੍ਹ ਹੀ ਗਈਆ ‘ਤੇ ਚੋਣ ਨਤੀਜੇ ਵੀ 25 ਅਗਸਤ ਨੂੰ ਸੰਗਤ ਦੇ ਸਾਮਣੇ ਆ ਗਏ। ਦਿੱਲੀ ਸਰਕਾਰ ਵਲੋਂ ਕੀਤੇ ਪੁਖਤਾ ਇੰਤਜਾਮਾਂ ਕਾਰਨ ਇਹ ਚੋਣਾਂ ਸੁਚੱਜੇ ‘ਤੇ ਪਾਰਦਰਸ਼ੀ ਢੰਗ ਨਾਲ ਹੋਣ ‘ਚ ਕਾਮਯਾਬ ਰਹੀਆਂ ‘ਤੇ ਚੋਣਾਂ ਦੋਰਾਨ ਕਿਸੇ ਅਣਸੁਖਾਵੀ ਘਟਨਾ ਵਾਪਰਨ ਦੀ ਕੋਈ ਖਬਰ ਨਹੀ ਆਈ। ਮੋਜੂਦਾ ਚੋਣਾਂ ਦੇ ਨਤੀਜੇ ਕਾਫੀ ਹੈਰਾਨਕੁੰਨ ਰਹੇ ਹਨ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧੜ੍ਹੇ ਦੇ ਜੇਤੂ ਉਮੀਦਵਾਰਾਂ ਦੀ ਗਿਣਤੀ ਪਿਛਲੀਆਂ ਚੋਣਾਂ ‘ਚ 37 ਤੋਂ ਘਟ ਕੇ ਹੁਣ 27 ਰਹਿ ਗਈ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ‘ਤੇ ਉਸ ਦੀ ਸਹਿਯੋਗੀ ਪਾਰਟੀਆਂ ਦੇ ਜੇਤੂ ਉਮੀਦਵਾਰਾਂ ਦੀ ਗਿਣਤੀ 7 ਤੋਂ ਵੱਧ ਕੇ 19 ਹੋ ਗਈ ਹੈ। ਹਾਲਾਂਕਿ ਸਾਲ 2017 ਦੀਆਂ ਚੋਣਾਂ ‘ਚ 45 ਫੀਸਦੀ ਦੇ ਮੁਕਾਬਲੇ ਇਸ ਵਾਰ ਕੇਵਲ 37 ਫੀਸਦੀ ਸਿੱਖ ਵੋਟਰਾਂ ਨੇ ਹੀ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ ਜਿਸ ‘ਚ ਬਾਦਲ ਧੜ੍ਹੇ ਨੂੰ ਸਾਲ 2017 ‘ਚ ਮਿਲੀਆਂ 46 ਫੀਸਦੀ ਵੋਟਾਂ ਦੇ ਮੁਕਾਬਲੇ ਇਸ ਵਾਰ ਘਟ ਕੇ ਤਕਰੀਬਨ 40 ਫੀਸਦੀ ‘ਤੇ ਸਰਨਾ ਧੜ੍ਹੇ ‘ਤੇ ਉਸ ਦੇ ਸਹਿਯੋਗੀ ਪਾਰਟੀਆਂ ਨੂੰ ਤਕਰੀਬਨ 44 ਫੀਸਦੀ ਵੋਟਾਂ ਹਾਸਿਲ ਹੋਈਆਂ ਹਨ। ਮੋਜੂਦਾ ਚੋਣਾਂ ‘ਚ ਵੋਟਰਾਂ ਵਲੋਂ ਬੈਲਟ ਪੇਪਰਾਂ ‘ਤੇ ਠੀਕ ਢੰਗ ਨਾਲ ਮੋਹਰ ਨਾ ਲਗਾਉਣ ਕਾਰਨ ਵੱਡੀ ਗਿਣਤੀ ‘ਚ ਵੋਟਾਂ ਕੈਂਸਲ ਹੋਣ ਦੀਆਂ ਵੀ ਖਬਰਾਂ ਮਿਲੀਆਂ ਹਨ। ਇਹਨਾਂ ਚੋਣਾਂ ‘ਚ ਕੁੱਝ ਮੋਹਰੀ ਆਗੂਆਂ ਦੀ ਹਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ‘ਚ ਦਿੱਲੀ ਕਮੇਟੀ ਦੇ ਮੋਜੂਦਾ ਪ੍ਰਧਾਨ ‘ਤੇ ਅਕਾਲੀ ਦਲ ਦੇ ਰਾਸ਼ਟਰੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਮੁੱਖ ਤੋਰ ਤੇ ਸ਼ਾਮਿਲ ਹਨ, ਜਿਹਨਾਂ ਨੂੰ ਪੰਜਾਬੀ ਬਾਗ ਵਾਰਡ ‘ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਪਾਸੋਂ ਤਕਰੀਬਨ 500 ਵੋਟਾਂ ਦੇ ਵਖਵੇ ਨਾਲ ਸਿਕਸ਼ਤ ਮਿਲੀ ਹੈ। ਹਾਲਾਂਕਿ ਸ. ਸਿਰਸਾ ਨੂੰ ਦਿੱਲੀ ਗੁਰਦੁਆਰਾ ਕਮੇਟੀ ‘ਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਂਇਦੇ ਵਜੋਂ ਨਾਮਜਦ ਕਰਨ ਸਬੰਧੀ ਪਤਰ ਵੀ ਜਾਰੀ ਹੋ ਗਿਆ ਦਸਿਆ ਜਾਂਦਾ ਹੈ, ਜਦਕਿ ਇਹ ਦਿੱਲੀ ਗੁਰੂਦੁਆਰਾ ਕਮੇਟੀ ਦੇ ਇਤਿਹਾਸ ‘ਚ ਪਹਿਲੀ ਵਾਰ ਹੋਵੇਗਾ ਕਿ ਦਿੱਲੀ ਕਮੇਟੀ ਦੀ ਚੋਣਾਂ ‘ਚ ਹਾਰੇ ਹੋਏ ਕਿਸੇ ਉਮੀਦਵਾਰ ਨੂੰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਮਜਦ ਕੀਤਾ ਹੋਵੇ।
ਦਿੱਲੀ ਸਿੱਖ ਗੁਰੂਦੁਆਰਾ ਐਕਟ 1971 ਦੇ ਮੁਤਾਬਿਕ ਕਮੇਟੀ ਦੀਆਂ ਆਮ ਚੋਣਾਂ ਦੇ ਨਤੀਜੇ ਆਉਣ ਦੇ 15 ਦਿਨਾਂ ਦੇ ਅੰਦਰ ਅਰਥਾਤ 9 ਸਿਤੰਬਰ 2021 ਤਕ ਨਾਮਜਦਗੀ ਦੀ ਪ੍ਰਕਿਰਿਆ ਪੂਰੀ ਕਰਨੀ ਲਾਜਮੀ ਹੈ, ਜਿਸ ‘ਚ ਹੋਰਨਾਂ ਤੋਂ ਇਲਾਵਾ ਦਿੱਲੀ ਦੇ ਸਿੱਖਾਂ ਦੇ 2 ਨੁਮਾਇੰਦਿਆਂ ਦੀ ਚੋਣ ਲਈ ਨਾਮਜਦਗੀ ਦਾਖਿਲ ਕਰਨ, ਨਾਮਜਦਗੀ ਪਤਰਾਂ ਦੀ ਪੜ੍ਹਤਾਲ ‘ਤੇ ਨਾਮ ਵਾਪਿਸ ਲੈਣ ਦੀ ਪ੍ਰਕਿਰਿਆ ਵੀ ਸ਼ਾਮਿਲ ਹੈ। ਦਿੱਲੀ ਗੁਰੂਦੁਆਰਾ ਚੋਣ ਡਾਇਰੈਕਟਰ ਵਲੋਂ 46 ਚੁਣੇ ਹੋਏ ਮੈਂਬਰਾਂ ਦੀ ਮੀਟਿਂਗ ਸੱਦ ਕੇ 9 ਮੈਂਬਰ ਨਾਮਜਦ (ਕੋ-ਆਪਟ) ਕੀਤੇ ਜਾਣਗੇ, ਜਿਨ੍ਹਾਂ ‘ਚ ਸਭ ਤੋ ਪਹਿਲਾਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਦਾ ਇਕ ਨੁਮਾਇੰਦਾ ‘ਤੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਅੰਨਦਪੁਰ ਸਾਹਿਬ, ਤਖਤ ਸ੍ਰੀ ਹਰਮੰਦਿਰ ਸਾਹਿਬ ਪਟਨਾ ਬਿਹਾਰ ‘ਤੇ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ੍ਹ ਮਹਾਰਾਸ਼ਟਰਾ ਦੇ ਜੱਥੇਦਾਰ ਸਾਹਿਬਾਨ ਨੂੰ ਨਾਮਜਦ ਕੀਤਾ ਜਾਵੇਗਾ, ਹਾਲਾਂਕਿ ਇਹਨਾਂ ਜੱਥੇਦਾਰ ਸਾਹਿਬਾਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ ਹੈ। ਦੱਸਣਯੋਗ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੰਜਾਬ ਨੂੰ ਹਾਲ ਦੀ ਘੜ੍ਹੀ ‘ਚ ਦਿੱਲੀ ਗੁਰੂਦੁਆਰਾ ਐਕਟ ‘ਚ ਪੰਜਵੇਂ ਤਖਤ ਵਜੋਂ ਸ਼ਾਮਿਲ ਨਹੀ ਕੀਤਾ ਗਿਆ ਹੈ, ਜਦਕਿ ਇਹ ਤਖਤ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਲਾਗੂ ‘ਸਿਖ ਗੁਰੂਦੁਆਰਾ ਐਕਟ 1925’ ‘ਚ ਸਿੱਖਾਂ ਦੇ ਪੰਜਵੇ ਤਖਤ ਵਜੋੰ ਪਹਿਲਾਂ ਤੋਂ ਸ਼ਾਮਿਲ ਹੈ। ਉਸ ਤੋਂ ਉਪਰੰਤ ਦਿੱਲ਼ੀ ਦੀਆਂ ਰਜਿਸਟਰਡ ਸਿੰਘ ਸਭਾ ਗੁਰੂਦੁਆਰਿਆਂ ਦੇ 2 ਪ੍ਰਧਾਨ ਲਾਟਰੀ ਰਾਹੀਂ ਚੁਣੇ ਜਾਣਗੇ ‘ਤੇ ਅੰਤ ‘ਚ ਦਿੱਲ਼ੀ ਦੇ 2 ਸਿੱਖ ਨੁਮਾਇੰਦੇ ਮੀਟਿੰਗ ‘ਚ ਸ਼ਿਰਕਤ ਕਰ ਰਹੇ ਨਵੇਂ ਚੁਣੇ 46 ਮੈਂਬਰਾਂ ਵਲੋਂ ਵੋਟਾਂ ਰਾਹੀ ਚੁਣੇ ਜਾਣਗੇ। ਦਸੱਣਯੋਗ ਹੈ ਕਿ ਇਸ ਪ੍ਰਕਿਰਿਆ ‘ਚ ਵੋਟ ਪਾਉਣ ‘ਤੇ ਵੋਟਾਂ ਦੀ ਗਿਣਤੀ ਕੋਟਾ ਸਿਸਟਮ ਮੁਤਾਬਿਕ ਰਾਜ ਸਭਾ ਦੀਆਂ ਚੋਣਾਂ ਦੀ ਤਰਜ ਤੇ ਹੁੰਦੀ ਹੈ, ਜੋ ਆਮ ਚੋਣਾਂ ‘ਤੋਂ ਬਿਲਕੁਲ ਵਖਰੀ ਹੈ।
ਦਿੱਲੀ ਗੁਰੂਦੁਆਰਾ ਐਕਟ ‘ਤੇ ਨਿਯਮਾਂ ਦੇ ਮੁਤਾਬਿਕ ਨਾਮਜਦਗੀ ਪ੍ਰਕਿਆ ਪੂਰੀ ਹੋਣ ਤੋਂ 15 ਦਿਨਾਂ ਦੇ ਅੰਦਰ ਗੁਰੂਦੁਆਰਾ ਚੋਣ ਡਾਇਰੈਕਟਰ ਵਲੋ ਇਨ੍ਹਾਂ 55 ਮੈਂਬਰਾਂ ਦੀ ਪਹਿਲੀ ਮੀਟਿੰਗ ਬੁਲਾਈ ਜਾਵੇਗੀ, ਜਿਸ ਵਿਚ ਸਾਰੇ ਮੈਂਬਰਾਂ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ‘ਚ ਸੰਹੁ ਚੁਕਵਾਉਣ ਤੋਂ ਉਪਰੰਤ ਮੋਕੇ ਦਾ ਚੇਅਰਮੈਨ ਚੁਣਿਆ ਜਾਵੇਗਾ ਜੋ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਵਾਏਗਾ। ਇਸ ਤੋਂ ਉਪਰੰਤ ਨਵਾਂ ਚੁਣਿਆ ਪ੍ਰਧਾਨ ਹੀ ਕਮੇਟੀ ਦੇ ਬਾਕੀ ਅਹੁਦੇਦਾਰਾਂ ਅਰਥਾਤ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸੱਕਤਰ ‘ਤੇ ਸੰਯੁਕਤ ਸੱਕਤਰ ਤੋਂ ਇਲਾਵਾ ਕਾਰਜਕਾਰੀ ਬੋਰਡ ਦੇ 10 ਮੈਂਬਰਾਂ ਦੀ ਚੋਣ ਪ੍ਰਕਿਰਿਆ ਨੂੰ ਪੂਰਾ ਕਰੇਗਾ। ਜੇਕਰ ਕਿਸੇ ਅਹੁਦੇ ਲਈ ਇਕ ਤੋਂ ਵੱਧ ਉਮੀਦਵਾਰ ਖੜ੍ਹੇ ਹੁੰਦੇ ਹਨ ਤਾਂ ਇਸ ਸੂਰਤ ‘ਚ ਬੈਲਟ ਪੇਪਰਾਂ ਰਾਹੀ ਚੋਣ ਕਰਵਾਈ ਜਾਵੇਗੀ। ਹਾਲਾਂਕਿ ਚੋਣ ਜਿਤਣ ਲਈ 26 ਵੋਟਾਂ ਦੀ ਲੋੜ੍ਹ ਹੋਵੇਗੀ, ਪਰੰਤੂ ਇਹ ਗਿਣਤੀ ਕੁੱਝ ਮੈਂਬਰਾਂ ਦੀ ਗੈਰ-ਹਾਜਰੀ ਕਾਰਨ ਘਟ ਵੀ ਸਕਦੀ ਹੈ। ਵੋਟਾਂ ਦੀ ਗਿਣਤੀ ਦੋਰਾਨ ਜੇਕਰ ਇਕ ਤੋਂ ਵੱਧ ਉਮੀਦਵਾਰਾਂ ਨੂੰ ਬਰਾਬਰ ਦੀਆਂ ਸਭ ਤੋਂ ਵੱਧ ਵੋਟਾਂ ਹਾਸਿਲ ਹੁੰਦੀਆ ਹਨ ਤਾਂ ਲਾਟਰੀ ਰਾਹੀ ਜੇਤੂ ਅਹੁਦੇਦਾਰ ਦਾ ਐਲਾਨ ਕੀਤਾ ਜਾਵੇਗਾ। ਇਸ ਪ੍ਰਕਾਰ ਸਿਤੰਬਰ 2021 ਦੇ ਅੰਤ ਤਕ ਨਵਾਂ ਕਾਰਜਕਾਰੀ ਬੋਰਡ ਮੋਜੂਦਾ ਕਮੇਟੀ ਤੋਂ ਚਾਰਜ ਲੈਕੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ, ਜਦਕਿ ਇਸ ਨਵੇਂ ਕਾਰਜਕਾਰੀ ਬੋਰਡ ਦੀ ਮਿਆਦ 2 ਸਾਲਾਂ ਦੀ ਹੋਵੇਗੀ। ਦਸੱਣਯੋਗ ਹੈ ਕਿ ਕੋ-ਆਪਸ਼ਨ ਅਰਥਾਤ ਨਾਮਜਦਗੀ ਦੀ ਪ੍ਰਕਿਆਂ ਜਾਂ ਕਾਰਜਕਾਰੀ ਬੋਰਡ ਦੀ ਚੋਣਾਂ ਦੇ ਦੋਰਾਨ ਹੋਏ ਕਿਸੇ ਵਿਵਾਦ ਦੇ ਨਿਬਟਾਰੇ ਲਈ ਸਬੰਧਿਤ ਧਿਰ ਵਲੌਂ ਗੁਰੂਦੁਆਰਾ ਚੋਣ ਡਾਇਰੈਕਟਰ ਦੇ ਦਫਤਰ ‘ਚ 500 ਰੁਪਏ ਦੀ ਜਮਾਨਤ ਰਾਸ਼ੀ ਜਮਾਂ ਕਰਵਾਣ ਤੋਂ ਉਪਰੰਤ ਦਿੱਲੀ ਦੀ ਜਿਲਾ ਅਦਾਲਤ ‘ਚ ਚੋਣ ਪਟੀਸ਼ਨ 15 ਦਿਨਾਂ ਦੇ ਅੰਦਰ ਦਾਖਿਲ ਕੀਤੀ ਜਾ ਸਕਦੀ ਹੈ।