ਪਟਿਆਲਾ – ‘ਪੰਜਾਬੀ ਸਾਹਿਤ ਜਗਤ ਦੇ ਵਿਸ਼ਵ ਪ੍ਰਸਿੱਧ, ਪ੍ਰਤੀਬੱਧ, ਬਹੁ-ਵਿਧਾਵੀ ਅਤੇ ਕੁਲਵਕਤੀ ਲੇਖਕ ਸੰਤੋਖ ਸਿੰਘ ਧੀਰ ਦੀ ਸਾਹਿਤਕ ਦੇਣ ਨੂੰ ਸਦੀਵੀ ਆਕੀਦਤ ਭੇਂਟ ਕਰਦਿਆਂ ਪੰਜਾਬੀਅਤ ਦੀ ਪ੍ਰਫੁਲਤਾ ਨੂੰ ਪ੍ਰਣਾਈ ਪੰਜਾਬੀ ਯੂਨੀਵਰਸਿਟੀ ਵਲੋਂ ‘ਸੰਤੋਖ ਸਿੰਘ ਧੀਰ ਚੇਅਰ’ ਸਥਾਪਿਤ ਕਰਨਾ ਸ੍ਰੀ ਧੀਰ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਭੇਂਟ ਕਰਨਾ ਹੋਵੇਗਾ’ ਇਹ ਸ਼ਬਦ ਪ੍ਰਸਿੱਧ ਸਾਹਿਤਕਾਰ ਸ੍ਰੀ ਗਰਬਚਨ ਸਿੰਘ ਭੁੱਲਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਸੰਤੋਖ ਸਿੰਘ ਧੀਰ ਜਨਮ ਸ਼ਤਾਬਦੀ ਦੇ ਸਮਾਗਮਾਂ ਦੀ ਲੜੀ ਤਹਿਤ ਕਰਵਾਏ ਗਏ ਦੋ-ਰੋਜ਼ਾ ਅੰਤਰ-ਰਾਸ਼ਟਰੀ ਵੈਬੀਨਾਰ ਦੌਰਾਨ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੁੰਦਿਆਂ ਕਹੇ। ਸ੍ਰੀ ਭੁੱਲਰ ਨੇ ਕਿਹਾ ਕਿ ‘ਸੰਤੋਖ ਸਿੰਘ ਧੀਰ ਚੈਅਰ’ ਦੀ ਸਥਾਪਤੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਹਿਤ ਚਿੰਤਨ ਅਤੇ ਪ੍ਰੇਰਣਾ ਦਾ ਸ੍ਰੋਤ ਸਾਬਿਤ ਹੋਵੇਗੀ।
ਇਹ ਦੋ-ਰੋਜ਼ਾ ਅੰਤਰ-ਰਾਸ਼ਟਰੀ ਵੈਬੀਨਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਪ੍ਰੋਫੈ਼ਸਰ ਅਰਵਿੰਦ ਦੀ ਸਰਪ੍ਰਸਤੀ ਅਤੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁੱਖੀ ਡਾ. ਭੀਮ ਇੰਦਰ ਸਿੰਘ ਦੀ ਦੇਖ-ਰੇਖ ਹੇਠਾਂ ਸਾਰਥਿਕਤਾ ਭਰਪੂਰ ਸੰਪਨ ਹੋਇਆ। ਪੰਜਾਬੀ ਯੁਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਅਰਵਿੰਦ ਨੇ ਵੈਬੀਨਾਰ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦੇ ਕਿਹਾ ਕਿ ਸ੍ਰੀ ਧੀਰ ਦਾ ਸਾਹਿਤ ਲੋਕਾਈ ਨੂੰ ਜੋੜਨ ਦਾ ਹੋਕਾ ਦਿੰਦਾ ਹੈ ਜੋ ਅੱਜ ਦੇ ਟੁੱਟ-ਭੱਜ ਦੇ ਦੌਰ ਵਿਚ ਹੋਰ ਵੀ ਪ੍ਰਸੰਗਕ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਧੀਰ ਨੂੰ ਸਾਹਿਤਕ ਗੂੜ੍ਹਤੀ ਆਪਣੇ ਪਿਤਾ ਪ੍ਰਗਤੀਸ਼ੀਲ ਲੋਕ-ਕਵੀ ਗਿਆਨੀ ਈਸ਼ਰ ਸਿੰਘ ‘ਦਰਦ’ ਤੋਂ ਮਿਲੀ। ਧੀਰ ਦੇ ਸਾਹਿਤਕ ਯੋਗਦਾਨ ਬਾਰੇ ਗਲ ਕਰਦਿਆਂ ਉੱਘੇ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ 40ਵੇਂ ਦੇ ਦਹਾਕਿਆਂ ਵਿਚ ਸ੍ਰੀ ਧੀਰ ਦੇ ਸਾਹਿਤ ਜਗਤ ਵਿਚ ਆਉਣ ਨਾਲ ਪੰਜਾਬੀ ਸਾਹਿਤ ਦੇ ਦ੍ਰਿਸ਼ ਅਤੇ ਦ੍ਰਿਸ਼ਟੀ ਦੋਵੇਂ ਬਦਲੇ। ਉਹਨਾਂ ਕਿਹਾ ਕਿ ਧੀਰ ਨੇ ਆਪਣਾ ਸਾਹਿਤ ਕਿਰਤੀਆਂ, ਕਿਸਾਨਾਂ ਅਤੇ ਮਜ਼ਦੂਰ ਜਮਾਤ ਦੇ ਨੁਕਤਾ ਨਿਗਾਹ ਤੋਂ ਪੇਸ਼ ਕੀਤਾ। ਉਦਘਾਟਨੀ ਸੈਸ਼ਨ ਵਿਚ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੁੰਦਿਆਂ ਸ੍ਰੀ ਧੀਰ ਦੇ ਛੋਟੇ ਭਰਾ ਉੱਘੇ ਸਾਹਿਤਕਾਰ ਸ੍ਰੀ ਰਿਪੁਦਮਨ ਸਿੰਘ ਰੂਪ ਨੇ ਪਰਿਵਾਰ ਵਲੋਂ ਯੂਨੀਵਰਸਿਟੀ ਦਾ ਸ੍ਰੀ ਧੀਰ ਨੂੰ ਯਾਦ ਕਰਨ ਉੱਤੇ ਧੰਨਵਾਦ ਕਰਦਿਆਂ ਸ੍ਰੀ ਧੀਰ ਨੂੰ ਸਮਰਪਿਤ ਆਪਣੀ ਨਜ਼ਮ ‘ਫਿ਼ਕਰ ਨਾ ਕਰੀਂ ਵੀਰ’ ਸਾਂਝੀ ਕੀਤੀ। ਸ੍ਰੀ ਸਤਨਾਮ ਸਿੰਘ ਸੰਧੂ, ਡੀਨ (ਭਾਸ਼ਾਵਾਂ), ਪੰਜਾਬੀ ਯੂਨੀਵਰਸਿਟੀ ਅਤੇ ਪ੍ਰੋ. ਰਜਿੰਦਰ ਕੁਮਾਰ ਲਹਿਰੀ ਨੇ ਸ੍ਰੀ ਧੀਰ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਪ੍ਰਤੀਬੱਧਤਾ ਅਤੇ ਸਾਫ਼ਗੋਈ ਦੀ ਸਲਾਘਾ ਕੀਤੀ। ਇਸ ਵੈਬੀਨਾਰ ਨੂੰ ਸ੍ਰੀ ਧੀਰ ਦੇ ਵਿਸ਼ਾਲ ਸਾਹਿਤ ਰਚਨਾ ਸੰਸਾਰ ਨੂੰ ਪ੍ਰੜੋਚਲਨ ਲਈ ਤਿੰਨ ਅਕਾਦਮਿਕ ਸੈਸ਼ਨਾਂ ਵਿਚ ਵੰਡਿਆ ਗਿਆ ਜਿਸ ਵਿਚ ਡਾ. ਪਰਮਜੀਤ ਕੌਰ ਸਿੱਧੂ, ਡਾ. ਜਸਵੀਰ ਕੌਰ, ਡਾ. ਗੁਰਸੇਵਕ ਲੰਬੀ, ਡਾ. ਕੁਲਦੀਪ ਸਿੰਘ, ਡਾ. ਮੋਹਨ ਤਿਆਗੀ, ਡਾ. ਵੀਰਪਾਲ ਕੌਰ ਸਿੱਧੂ, ਡਾ. ਰਾਜਵਿੰਦਰ ਸਿੰਘ, ਡਾ. ਨਰੇਸ਼, ਡਾ. ਪਰਮੀਤ ਕੌਰ, ਡਾ. ਗੁਰਜੰਟ ਸਿੰਘ, ਡਾ. ਪਰਮਿੰਦਰਜੀਤ ਕੌਰ, ਡਾ. ਗੁਰਪ੍ਰੀਤ ਕੌਰ ਨੇ ਆਪਣੇ ਵਿਸਤ੍ਰਿਤ ਖੋਜ਼ ਪੱਤਰ ਸਾਂਝੇ ਕੀਤੇ। ਇਹਨਾਂ ਸੈਸ਼ਨਾਂ ਦੀ ਪ੍ਰਧਾਨਗੀ ਡਾ. ਰਵੇਲ ਸਿੰਘ, ਡਾ. ਗੁਰਨਾਇਬ ਸਿੰਘ ਅਤੇ ਡਾ. ਜਸਵਿੰਦਰ ਸਿੰਘ ਨੇ ਕਰਦਿਆਂ ਕਿਹਾ ਕਿ ਸ੍ਰੀ ਧੀਰ ਨੇ ਨਾਟਕ ਤੋਂ ਛੁੱਟ ਬਾਕੀ ਵਿਧਾਵਾਂ ਵਿਚ 50 ਤੋਂ ਵੀ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ। ਇਹਨਾਂ ਸੈਸ਼ਨਾਂ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਡਾ. ਬਲਜਿੰਦਰ ਕੌਰ, ਡਾ. ਸੁਰਜੀਤ ਸਿੰਘ ਭੱਟੀ ਅਤੇ ਡਾ. ਸਵਰਾਜ ਸਿੰਘ ਨੇ ਕਿਹਾ ਕਿ ਸ੍ਰੀ ਧੀਰ ਜਿੰਨੇ ਵੱਡੇ ਸਾਹਿਤਕਾਰ ਸਨ, ਉਹ ਉਨੇ ਹੀ ਚੰਗੇ ਅਤੇ ਨਰਮ ਦਿਲ ਇਨਸਾਨ ਸਨ। ਸ੍ਰੀ ਸੰਤੋਖ ਸਿੰਘ ਧੀਰ ਨਾਲ ਜੁੜੀਆਂ ਯਾਦਾਂ ਬਾਰੇ ਕਰਵਾਏ ਗਏ ਇਕ ਰੌਚਿਕ ਸੈਸ਼ਨ ਦੌਰਾਨ ਸ੍ਰੀ ਨਿੰਦਰ ਘੁਗਿਆਣਵੀ ਤੋਂ ਇਲਾਵਾਂ ਸ੍ਰੀ ਧੀਰ ਦੀ ਵੱਡੀ ਬੇਟੀ ਨਵਰੂਪ, ਭਤੀਜਿਆਂ ਸੰਜੀਵਨ ਸਿੰਘ, ਰੰਜੀਵਨ ਸਿੰਘ ਅਤੇ ਸ੍ਰੀ ਰੂਪ ਦੀ ਪੋਤਰੀ ਰਿਤੂ ਰਾਗ ਨੇ ਸ੍ਰੀ ਧੀਰ ਨਾਲ ਨਿੱਜੀ ਯਾਦਾਂ ਸਾਂਝੀਆਂ ਕੀਤੀਆਂ। ਸ੍ਰੀ ਗੁਲਜ਼ਾਰ ਸੰਧੂ ਨੇ ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆ ਕਿਹਾ ਕਿ ਸ੍ਰੀ ਧੀਰ ਕਦੇ ਵੀ ਸਰਕਾਰੀ ਇਨਾਮਾਂ-ਸਨਮਾਨਾਂ ਦੀ ਹੋੜ ਵਿਚ ਸ਼ਾਮਿਲ ਨਹੀਂ ਹੋਏ ਅਤੇ ਉਹ ਆਪਣੇ ਪਾਠਕਾਂ ਦੀ ਮਾਨਤਾ ਨੂੰ ਹੀ ਸੱਭ ਤੋਂ ਵੱਡਾ ਸਨਮਾਨ ਸਮਝਦੇ ਸਨ। ਵਿਦਾਇਗੀ ਸੈਸ਼ਨ ਦੌਰਾਨ ਆਪਣੇ ਵਿਦਾਇਗੀ ਭਾਸ਼ਨ ਵਿਚ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਸ੍ਰੀ ਧੀਰ ਅਗਾਂਹ-ਵੱਧੂ ਅਤੇ ਪ੍ਰਗਤੀਸ਼ੀਲ ਸਾਹਿਤਕਾਰ ਸਨ ਜੋ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਵੀ ਆਪਣੇ ਅਸੂਲਾਂ ਤੋਂ ਨਹੀਂ ਡੋਲੇ। ਡਾ. ਧਨਵੰਤ ਕੌਰ ਨੇ ਇਸ ਮੌਕੇ ਕਿਹਾ ਕਿ ਸ੍ਰੀ ਧੀਰ ਨੇ ਇਕ ਨਿਮਨ ਪਰਿਵਾਰ ਵਿਚ ਜਨਮ ਲਿਆ ਪਰ ਲੋਕ-ਪੱਖੀ ਸਾਹਿਤ ਦੀ ਰਚਨਾ ਕਰਕੇ ਸਮਾਜ ਵਿਚ ਇਕ ਉੱਚ ਕੋਟੀ ਦੇ ਸਾਹਿਤਕਾਰ ਵਜੋਂ ਮੁਕਾਮ ਹਾਸਲ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉੱਘੇ ਆਲੌਚਕ ਡਾ. ਰਘਵੀਰ ਸਿਰਜਨਾ ਨੇ ਕਿਹਾ ਕਿ ਜਿਥੇ ਸ੍ਰੀ ਧੀਰ ਇਕ ਪੁਰ ਖ਼ਲੂਸ ਇਨਸਾਨ ਸਨ, ਉਥੇ ਉਹ ਆਪਣੀ ਰਚਨਾ ਦੀ ਸ਼ੁਧਤਾ ਪ੍ਰਤੀ ਬਹੁਤ ਹੀ ਸੁਚੇਤ ਸਨ।ਵੈਬੀਨਾਰ ਵਿਚ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਅਨੇਕਾਂ ਸਾਹਿਤ ਪ੍ਰੇਮੀ ਜੁੜੇ, ਉਥੇ ਸਾਹਿਤ ਦੇ ਵਿੱਦਿਆਰਥੀਆਂ ਨੇ ਵੀ ਇਸ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਵੈਬੀਨਾਰ ਵਿਚ ਸ੍ਰੀ ਧੀਰ ਨਾਲ ਸਬੰਧਤ ਤਸਵੀਰਾਂ ਅਤੇ ਉਹਨਾਂ ਦੀ ਸ੍ਰੀ ਇਕਬਾਲ ਮਾਹਿਲ ਵਲੋਂ ਕੀਤੀ ਗਈ ਇੰਟਰਵਿਊ ਵੀ ਪ੍ਰਦਰਸਿ਼ਤ ਕੀਤੀ ਗਈ। ਯੂਨੀਵਰਸਿਟੀ ਦੇ ਡੀਨ (ਅਕਾਦਮਿਕ) ਪ੍ਰੋਫੈ਼ਸਰ ਬੀ ਐਸ ਸੰਧੂ ਨੇ ਸਬ ਦਾ ਧੰਨਵਾਦ ਕੀਤਾ।