ਕਾਫੀ ਛੋਟੀ ਉਮਰ ਦਾ ਸੀ ਉਹ ਮੁੰਡਾ ਦੇਖਣ ਤੋਂ ਕਿਸੇ ਪੱਖੋਂ ਵੀ ਉਹ ਹਜੇ ਨੌਜਵਾਨ ਨਹੀਂ ਸੀ ਲੱਗਦਾ ਜਦ ਉਹ ਕਿਸੇ ਵੱਲੋਂ ਕਮਰੇ ਦੇ ਮੂਹਰੇ ਲਿਆ ਕੇ ਖੜ੍ਹਾ ਕੀਤਾ ਤਾਂ ਅੰਦਰ ਪਲੰਘ ਤੇ ਬੈਠੀ ਸ਼ੀਸ਼ਾ ਦੇਖਦੀ ਅਰੁਣਾ ਉਸਦੇ ਵੱਲ ਦੇਖ ਕੇ ਹੱਕੀ-ਬੱਕੀ ਰਹਿ ਗਈ ਬਾਹਰ ਖੜ੍ਹੇ ਮੁੰਡੇ ਨੂੰ ਵੀ ਸਮਝ ਨਹੀਂ ਸੀ ਆ ਰਹੀ ਉਸਨੂੰ ਉਸਦੇ ਦੋਸਤ ਕਿੱਥੇ ਲੈ ਆਏ ਨੇ ਜਦ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸਦੇ ਦੋਸਤ ਨਾਲਦਿਆਂ ਕਮਰਿਆਂ ’ਚ ਵੜ ਚੁੱਕੇ ਸੀ। ਫਿਰ ਅਰੁਣਾ ਨੇ ਉਸਦੀ ਮਾਸ਼ੂਮੀਅਤ ਦੇਖਦੇ ਹੋਏ ਉਸਨੂੰ ਬੁਲਾਇਆ।
‘ਉਹ ਕਾਕੇ ਆਜਾ ਅੰਦਰ ਆ ਜਾ ਡਰ ਨਾ ਕਿਸ ਨਾਲ ਆਇਆ ਤੂੰ?
‘‘ਦੀਦੀ ਮੈਂ ਤਾਂ ਆਪਣੇ ਦੋਸਤ ਦੇ ਘਰ ਗਿਆ ਸੀ ਫਿਰ ਉੱਥੇ ਉਸਦੇ ਹੋਰ ਦੋਸਤ ਵੀ ਆ ਗਏ ਉਸਦੇ ਮੰਮੀ ਪਾਪਾ ਹੈ ਨਹੀਂ ਸੀ ਤਾਂ ਉਹ ਆਪ ਵੀ ਇਧਰ ਆ ਗਏ ਤੇ ਮੈਨੂੰ ਵੀ ਲੈ ਆਏ ਮੈਨੂੰ ਕਹਿੰਦੇ ਸੀ ਫਿਲਮ ਲੱਗਦੀ ਉੱਥੇ।
ਮੁੰਡੇ ਦੇ ਭੋਲੇ-ਭਾਲ਼ੇ ਮੂੰਹੋਂ ਇਹ ਗੱਲ ਸੁਣ ਕੇ ਅਰੁਣਾ ਨੂੰ ਸਭ ਸਮਝ ਆ ਗਈ ਕਿ ਮੁੰਡੇ ਦੇ ਨਾਲ਼ਦੇ ਜਾਂ ਤਾਂ ਵੱਡੀ ਉਮਰ ਦੇ ਹੋਣਗੇ ਜਾਂ ਇਸਦੇ ਨਾਲੋਂ ਜਾਂਦਾ ਹੰਢੇ-ਵਰਤੇ ਤੇ ਚਲਾਕ ਹੋਣਗੇ। ਉਸਨੇ ਪੁਚਕਾਰ ਕੇ ਉਸ ਮੁੰਡੇ ਨੂੰ ਪਲੰਘ ਤੇ ਕੋਲ ਬਿਠਾ ਲਿਆ। ਫਿਰ ਅਰੁਣਾ ਨੇ ਉਸਨੂੰ ਖਾਣ ਨੂੰ ਸੇਬ ਦਿੱਤਾ ਜੋ ਰੋਟੀ ਅਰੁਣਾ ਲਈ ਆਈ ਸੀ ਉਹ ਵੀ ਅਰੁਣਾ ਨੇ ਉਸ ਮੁੰਡੇ ਨੂੰ ਖਿਲਾ ਦਿੱਤੀ। ਰੋਟੀ ਖਾ ਕੇ ਪਲਾਂ ’ਚ ਹੀ ਮੁੰਡਾ ਘੂਕ ਸੌਂ ਗਿਆ। ਉਸਨੂੰ ਸੁੱਤਾ ਦੇਖ ਕੇ ਅਰੁਣਾ ਨੂੰ ਡਰ ਮਹਿਸੂਸ ਹੋਇਆ ਕਿ ਜੇ ਇਹਦੇ ਨਾਲ ਦੇ ਚਲੇ ਗਏ ਹੋਏ ਤਾਂ ਫਿਰ ਇਹ ਐਥੇ ਈ ਨਾ ਭਟਕ ਜਾਵੇ। ਪਰ ਫਿਰ ਉਸਨੂੰ ਪਤਾ ਲੱਗ ਗਿਆ ਕਿ ਉਹ ਮੁੰਡੇ ਸਵੇਰੇ ਜਾਣਗੇ। ਜਦ ਉਹ ਮੁੰਡਾ ਸਵੇਰੇ ਉਠਿਆ ਤਾਂ ਉਹ ਕੁਛ-ਕੁਛ ਡਰਦਾ ਅਰੁਣਾ ਨੂੰ ਪੁੱਛਣ ਲੱਗਾ ‘ਦੀਦੀ ਰਾਤ ਮੈਂ ਇੱਥੇ ਸੌਂ ਗਿਆ ਸੀ?’
‘ਹੋਰ ਕੀ ਤੂੰ ਤਾਂ ਐਸਾ ਸੁੱਤਾ ਮੁੜ ਕੇ ਉਠਿਆ ਈ ਨੀ ਹੁਣ ਤੂੰ ਚਲਿਆ ਜਾਵੀਂ।
‘‘ਠੀਕ ਹੈ ਦੀਦੀ ਤੁਸੀਂ ਕੀ ਕੰਮ ਕਰਦੇ ਨਾਲ਼ੇ ਤੁਹਾਡਾ ਨਾਮ ਕੀ ਆ?
‘ਹਾ-ਹਾ-ਹਾ ਕੰਮ ਦੀ ਤਾਂ ਤੂੰ ਪੁੱਛ ਨਾ ਬੱਚੇ ਨਾਮ ਮੇਰਾ ਅਰੁਣਾ ਆ।
‘‘ਮੇਰਾ ਨਾਮ ਤਰੁਣ ਆ ਦੀਦੀ ਜੇ ਮੈਨੂੰ ਕਿਸੇ ਨੇ ਪੁੱਛ ਲਿਆ ਤਾਂ ਮੈਂ ਕੀ ਦੱਸਾਂ ਵੀ ਰਾਤ ਕਿੱਥੇ ਸੀ?
‘ਫਿਰ ਕੀ ਆ ਡਰਨ ਦੀ ਲੋੜ ਨੀ ਤੂੰ ਕਹਿ ਦਵੀਂ ਮੈਂ ਆਪਣੀ ‘ਭੈਣ’ ਕੋਲ ਸੀ।
ਲਾਲੀ
ਆਂਚਲ ਜਦ ਬਾਥਰੂਮ ਵੱਲ ਨੂੰ ਗਈ ਤਾਂ ਉੱਥੇ ਉਸਨੂੰ ਤੇਜ਼-ਤੇਜ਼ ਪਾਣੀ ਵਗਣ ਦੀ ਅਵਾਜ਼ ਆ ਰਹੀ ਸੀ ਉਸਨੇ ਸੋਚਿਆ ਕਿ ਸ਼ਾਇਦ ਕਿਸੇ ਕੁੜੀ ਕੋਲੋਂ ਗਲਤੀ ਨਾਲ ਟੂਟੀ ਖੁੱਲੀ ਰਹਿ ਗਈ ਹੋਊ ਜਦ ਉਸਨੇ ਬਾਥਰੂਮ ਦੇ ਅੰਦਰ ਪੈਰ ਪਾਇਆ ਤਾਂ ਟੂਟੀ ਥੱਲੇ ਇੱਕ ਛੋਟੀ ਉਮਰ ਦੀ ਤਕਰੀਬਨ 14-15 ਸਾਲ ਦੀ ਕੁੜੀ ਬੈਠੀ ਹੋਈ ਸੀ। ਪਾਣੀ ਦਾ ਰੰਗ ਦੇਖ ਕੇ ਆਂਚਲ ਨੂੰ ਸਮਝਣੇ ਨੂੰ ਪਲ ਵੀ ਨਾ ਲੱਗਾ ਕਿ ਇਹ ਕੁੜੀ ਐਥੇ ਨਵੀਂ ਆਈ ਹੈ ਉਸਨੇ ਅੱਗੇ ਹੋਕੇ ਉਸ ਕੁੜੀ ਦਾ ਪਿਆਰ ਨਾਲ ਸਿਰ ਪਲੋਸਿਆ।
‘ਉਠ ਜਾ ਹੁਣ ਕੁੜੀਏ ਐਦਾਂ ਬੈਠੀ ਰਹੂੰ ਤਾਂ ਠੰਢ ਲੱਗ ਜਾਊ।
‘‘ਦੀਦੀ ਮੈਂ ਤਾਂ ਕਦੋਂ ਦੀ ਬੈਠੀ ਆਂ ਐਦਾਂ ਈ ਦੇਖੋ ਤਾਂ ਆਹ ਲਾਲ-ਲਾਲ ਪਾਣੀ ਹਟਦਾ ਈ ਨੀ ਆ।
‘‘ਆਪੇ ਹਟ ਜਾਊ ਚਲ ਤੂੰ ਉਠ ਜਾ ਹੁਣ ਐਵੇਂ ਨੀ ਸੋਚੀਦਾ।
‘ਦੀਦੀ ਮੇਰਾ ਤਾਂ ਰਾਤੇ ਦਾ ਦਿਮਾਗ ਈ ਨੀ ਚਲਦਾ।
ਉਸ ਕੁੜੀ ਦੀ ਗੱਲ ਸੁਣਕੇ ਆਂਚਲ ਨੇ ਦਿਲ ਹੀ ਦਿਲ ਸੋਚਿਆ ਕੀ ਸ਼ੁਕਰ ਆ ਇਸ ਦਾ ਦਿਮਾਗ ਚਲਣਾ ਬੰਦ ਹੋਇਆ ਨਹੀਂ ਤਾਂ ਆਪਣੇ ਨਾਲ ਹੋਈ ਬੀਤੀ ਯਾਦ ਕਰ-ਕਰ ਇਹ ਰੋਦੀਂ ਰਹੂ।
‘ਚੱਲ ਆ ਜਾ ਬਾਹਰ ਹੁਣ ਤੇ ਸੁੱਕੇ ਕੱਪੜੇ ਪਾ ਲਾ ਛੇਤੀ।
‘‘ਦੀਦੀ ਮੈਨੂੰ ਕੁਛ ਠੀਕ ਨੀ ਲੱਗਦਾ….
‘‘ਉਹ ਐਦਾਂ ਨਾ ਸੋਚ ਤੂੰ ਠੁਰ-ਠੁਰ ਕਰਨ ਲੱਗੀਊ ਆਂ ਠੰਢ ਲੱਗ ਗਈ ਹੋਣੀ।
‘‘ਦੀਦੀ ਤੁਸੀਂ ਦੇਖਿਆ ਸਾਰਾ ਪਾਣੀ ਲਾਲ ਹੋ ਗਿਆ ਸੀ।
‘‘ਹਾਂ ਮੈਂ ਦੇਖਿਆ ਹੁਣ ਮੁੜ ਕੇ ਨੀਂ ਹੁਣਾ ਕਦੀਂ ਐਦਾਂ ਇੱਕ ਵਾਰ ਹੀ ਹੁੰਦਾ ਹੈ।
ਮਤਲਬ ਦੀਦੀ ਲਾਲੀ ਖਤਮ ਪਾਣੀ ’ਚੋਂ ਮੈਨੂੰ ਲੱਗਾ ਫਿਰ ਤੋਂ ਹੋਊ ਐਦਾਂ।
‘ਹਾ-ਹਾ-ਹਾ ਤੂੰ ਭੋਲੀ ਆਂ ਦੇਖਦੀ ਚਲ ਹੁਣ ਹੌਲੀ-ਹੌਲੀ ਜ਼ਿੰਦਗੀ ’ਚੋਂ ਸਾਰੀ ਲਾਲੀ ਖਤਮ ਹੋ ਜਾਣੀ ਤੇ ਜ਼ਿੰਦਗੀ ਬਦਰੰਗ ਹੋ ਜਾਊ।