ਕਮਰੇ ਦੇ ਇੱਕ ਕੋਨੇ ’ਚ ਜਾਲ਼ਾ ਪਾ ਰਹੀ ਮੱਕੜੀ ਨੂੰ ਰਜਨੀ ਪਿਛਲੇ ਕਈ ਦਿਨਾਂ ਤੋਂ ਦੇਖਦੀ ਰਹੀ ਸੀ। ਹੌਲ਼ੀ-ਹੌਲ਼ੀ ਕਰਦੀ-ਕਰਾਉਂਦੀ ਨੇ ਜਦ ਉਸ ਮੱਕੜੀ ਨੇ ਜਾਲ਼ੇ ਨੂੰ ਕੰਢੇ ਤੇ ਕਰ ਲਿਆ ਤਾਂ ਉਸ ਜਾਲ਼ੇ ਤੇ ਉਸ ਮੱਕੜੀ ਵੱਲ ਦੇਖ ਰਹੀ ਰਜਨੀ ਨੇ ਅਚਾਨਕ ਆਪਣੀਆਂ ਅੱਖਾਂ ਬੰਦ ਕਰ ਲਈਆਂ ।
ਅੱਖਾਂ ਬੰਦ ਕੀਤੇ-ਕੀਤੇ ਰਜਨੀ ਬੀਤੇ ਹੋਏ ਸਮੇਂ ਦੀ ਘੁੰਮਣ ਘੇਰੀ ’ਚ ਚਲੀ ਗਈ ਤੇ ਉਹ ਉਸ ਮੋੜ ਤੇ ਖੜ੍ਹ ਗਈ ਜਿਸ ਮੋੜ ਤੋਂ ਉਹ ਇਸ ਕੋਠੇ ਵਾਲ਼ੀ ਗਲ਼ੀ ਵੱਲ ਮੁੜੀ ਸੀ ਜਾਂ ਫਿਰ ਐਦਾਂ ਕਹਿ ਲਓ ਕਿ ਮਜ਼ਬੂਰੀਆਂ ਦੀ ਧੱਕ ਪਾਉਂਦੀ ਹਨੇਰੀ ਵੱਲੋਂ ਉਹ ਇਸ ਗਲ਼ੀ ਵੱਲ ਨੂੰ ਮੋੜੀ ਗਈ ਸੀ।
ਉਸਨੇ ਬਥੇਰੇ ਹੱਥ ਪੈਰ ਮਾਰੇ ਸੀ ਪਰ ਮੁੜ ਉਹ ਇਸ ਦਲਦਲ ’ਚੋਂ ਬਾਹਰ ਨਹੀਂ ਸੀ ਨਿੱਕਲ ਸਕੀ ਇੱਕ-ਦੋ ਵਾਰ ਜਦ ਉਸਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਸੀ ਤਾਂ ਖਾਲਾ ਨੇ ਉਸਨੂੰ ਇਹ ਕਹਿਕੇ ਨੱਥ ਪਾ ਲਈ ਸੀ ‘‘ਜੋ ਕੁਛ ਹੋ ਚੁੱਕਾ ਸੀ ਉਸਤੋਂ ਬਾਅਦ ਹੁਣ ਐਸਾ ਕੌਣ ਹੈ ਜੋ ਸਮਾਜ ’ਚ ਉਸਨੂੰ ਪ੍ਰਵਾਨ ਕਰ ਲਊਗਾ।’’
ਫਿਰ ਵੀ ਮਨ ਦੇ ਆਖੇ ਲੱਗ ਕੇ ਉਸਨੇ ਜਦ ਦੁਬਾਰਾ ਭੱਜਣ ਦੀ ਕੋਸ਼ਿਸ਼ ਕੀਤੀ ਸੀ ਤਾਂ ਖਾਲਾ ਨੇ ਕੋਈ ਲਿਹਾਜ਼ ਨਹੀਂ ਸੀ ਕੀਤੀ ਤੇ ਉਸਨੂੰ ਕੁੱਟ-ਕੁੱਟ ਕੇ ਦੂਹਰੀ ਤਿਹਰੀ ਕਰਵਾਤਾ ਸੀ।
ਹੌਲ਼ੀ-ਹੌਲ਼ੀ ਹਾਲਾਤਾਂ ਨਾਲ ਸਮਝੌਤਾ ਕਰਦੀ-ਕਰਦੀ ਉਹ ਕੌੜਾ ਘੁੱਟ ਪੀ ਕੇ ਬੈਠ ਗਈ ਸੀ। ਫਿਰ ਉਸਨੇ ਕੋਈ ਹੱਥ-ਪੈਰ ਨਾ ਮਾਰਿਆ ਜੇ ਮਾਰਦੀ ਵੀ ਤਾਂ ਸਾਹਮਣੇ ਵਾਲੇ ਦਾ ਮਰਦਾਨਾ ਜ਼ੋਰ ਉਸਨੂੰ ਹਿੱਲਣ ਨਾ ਦਿੰਦਾ।
ਇਹਨਾਂ ਖਿਆਲਾਂ ’ਚੋਂ ਨਿੱਕਲ ਕੇ ਜਦ ਉੁਸਨੇ ਅੱਖਾਂ ਖੋਲ੍ਹ ਕੇ ਛੱਤ ਦੇ ਕੋਨੇ ਵੱਲ ਦੇਖਿਆ ਤਾਂ ਮੱਕੜੀ ਆਪਣੇ ਹੀ ਬੁਣਿਓ ਜਾਲ ’ਚ ਬੁਰੀ ਤਰ੍ਹਾਂ ਫੱਸ ਚੁੱਕੀ ਸੀ।
ਔਰਤ
ਦੀਦਾਰ ਨੇ ਉਸਨੂੰ ਕਮੀਜ਼ ਪਾਉਂਦੇ ਨੂੰ ਬਾਹੋਂ ਫੜ ਕੇ ਮੁੜ ਆਪਣੇ ਨਾਲ ਬਿਠਾ ਲਿਆ।
‘ਮੇਰੀ ਇੱਕ ਗੱਲ ਸੁਣੋ….
‘‘ਦੱਸ ਕੀ ਕਹਿਣਾ ਸਾਰੀ ਰਾਤ ਨੀ ਸੀ ਚੇਤਾ ਆਇਆ ਹੁਣ ਜਦ ਮੈਂ ਜਾਣ ਲੱਗਾ ਤਾਂ…
‘ਨਹੀਂ ਮੈਂ ਇਹੋ ਕਹਿਣਾ ਸੀ ਕਿ….
‘‘ਬੋਲ-ਬੋਲ ਚੁੱਪ ਕਿਉਂ ਕਰ ਗਈ?
‘ਤੁਸੀਂ ਹੁਣ ਨਾ ਆਇਆ ਕਰਿਓ ਐਥੇ।
‘‘ਕਿਉਂ ਕੀ ਗੱਲ ਹੋਈ ਹੁਣ ਕਿਉਂ ਨਾ ਆਵਾਂ?
‘ਵੈਸੇ ਈ ਹੁਣ ਤੁਹਾਡਾ ਰਿਸ਼ਤਾ ਹੋ ਗਿਆ ਕੱਲ੍ਹ ਨੂੰ ਵਿਆਹ ਹੋ ਜਾਊ ਫਿਰ ਘਰਵਾਲੀ ਕੋਲ ਹੀ ਰਹਿਓ।
‘‘ਹਾ-ਹਾ ਜੇ ਮੈਂ ਤੇਰੀ ਇਹ ਗੱਲ ਖਾਲਾ ਨੂੰ ਦੱਸ ਦਵਾਂ ਕਿ ਤੂੰ ਮੈਨੂੰ ਇੱਥੇ ਆਉਣ ਤੋਂ ਰੋਕਦੀ ਆਂ ਤਾਂ ਉਹ ਤੇਰੀ ਚੰਗੀ ਖਬਰ ਲਊ।
‘ਨਹੀਂ-ਨਹੀਂ ਉਹ ਨੀ ਇਹ ਗੱਲ ਸਮਝ ਸਕਦੀ।
‘‘ਫਿਰ ਤੂੰ ਦੱਸ ਰੋਕਦੀ ਕਿਉਂ ਆਂ ਮੈਨੂੰ ਆਉਣ ਤੋਂ?
‘‘ਮੈਂ ਨਹੀਂ ਚਾਹੁੰਦੀ ਤੁਹਾਡਾ ਘਰ ਖਰਾਬ ਹੋਵੇ….
‘ਉਹ ਅੱਛਾ ਇਹ ਗੱਲ ਸੀ ਤੈਨੂੰ ਕਿਉਂ ਐਨਾ ਫ਼ਿਕਰ ਆ ਮੈਨੂੰ ਤਾਂ ਕੋਈ ਫ਼ਿਕਰ ਨੀ ਐਦਾਂ ਦੀ।
‘ਹੁੰਦਾ ਆ ਹੁੰਦਾ ਆ ਔਰਤ ਨੂੰ ਔਰਤ ਦੇ ਦਿਲ ਦਾ ਪਤਾ ਹੁੰਦਾ ਆ।
‘‘ਹਾ-ਹਾ ਤੇਰੇ ਕੋਲ ਹਜੇ ਵੀ ਦਿਲ ਹੈਗਾ ਆ?
‘ਕਿਉਂ ਮੈਂ ਔਰਤ ਨੀ?
‘‘ਨਹੀਂ-ਨਹੀਂ ਮੈਂ ਤਾਂ ਵੈਸੇ ਕਿਹਾ ਐਸੀ ਕੋਈ ਗੱਲ ਨੀ।
‘ਹਾਂ ਮੈਂ ਔਰਤ ਵੀ ਹਾਂ ਤੇ ਔਰਤ ਵਾਲ਼ਾ ਦਿਲ ਵੀ ਹੈ ਮੇਰੇ ਕੋਲ।