ਸ਼ੀਤਲ ਪਲੰਘ ਤੇ ਲੱਤਾਂ ਬਸਾਰੀ ਸੇਬ ਕੱਟ ਕੇ ਖਾ ਰਹੀ ਸੀ। ਬਾਕੀ ਸਭ ਕੁੜੀਆਂ ਆਪੋ-ਆਪਣੇ ਕਮਰੇ ’ਚ ਲੇਟੀਆਂ ਹੋਈਆਂ ਸੀ ਕੋਈ-ਕੋਈ ਬਾਹਰ ਵਰਾਡੇ ’ਚ ਵੀ ਬੈਠੀ ਹੋਈ ਸੀ। ਕੁਝ ਪਲਾਂ ਬਾਅਦ ਪਲੰਘ ਤੋਂ ਸ਼ੀਤਲ ਨਾਲ ਪਿਆ ਚੌਧਰੀ ਉਠਿਆ ਤੇ ਉਠਦੇ ਸਾਰ ਪਹਿਲਾਂ ਉਸਨੇ ਆਪਣੇ ਘੜੀ ਤੇ ਟਾਇਮ ਦੇਖਿਆ….
‘ਬਾਪ ਰੇ ਬਾਪ 10 ਵੱਜ ਗਏ।
‘‘ਹੋਰ ਤੁਹਾਨੂੰ ਕੀ ਲੱਗਦਾ ਹਜੇ ਰਾਤ ਈ ਆ?
‘ਹਾ-ਹਾ-ਹਾ ਨਹੀਂ ਐਸੀ ਗੱਲ ਨੀ ਤੂੰ ਮੈਨੂੰ ਜਗਾ ਤਾਂ ਦਿੰਦੀ।
‘‘ਨਾ ਮੈਂ ਸੋਚਿਆ ਹੁਣ ਨੀਂਦ ਪੂਰੀ ਕਰਕੇ ਈ ਉਠਣ’’
ਕੁਝ ਦੇਰ ਬਾਅਦ ਸ਼ੀਤਲ ਨੂੰ ਕੋਈ ਕੁੜੀ ਪਕੌੜੇ ਫੜਾ ਗਈ ਤਾਂ ਉਹ ਇੱਕ ਪਕੌੜਾ ਮੂੰਹ ’ਚ ਪਾਉਂਦੀ ਚੌਧਰੀ ਨੂੰ ਵੀ ਸੁਲਾਹ ਮਾਰਨ ਲੱਗੀ।
‘ਉਠੋ ਮੂੰਹ ਹੱਥ ਧੋ ਲਓ ਨਾਲ਼ੇ ਪਕੌੜੇ ਖਾ ਲਓ….
‘‘ਨਾਂ ਮੈਂ ਨੀ ਖਾਣੇ ਆਪ ਬਣਾਏ ਆ ਜਾਂ ਬਜਾਰੋਂ ਮੰਗਵਾਏ?
‘ਨਹੀਂ ਆਪ ਕਿਸਨੇ ਬਣਾਉਣੇ ਬਜਾਰੋਂ ਈ ਮੰਗਵਾਏ ਹੋਓੂ।
‘‘ਫਿਰ ਤਾਂ ਬਿਲਕੁਲ ਵੀ ਨੀ ਖਾਣੇ….
‘ਕਿਉਂ ਕੀ ਹੋਇਆ?
‘‘ਯਾਰ ਬਜਾਰੂ ਚੀਜ਼ ਨਾਲ ਮੇਰਾ ਹਾਜ਼ਮਾ ਖਰਾਬ ਹੋ ਜਾਂਦਾ….
‘ਸਿਰਫ਼ ਖਾਣ ਪੀਣ ਵਾਲ਼ੀ ਚੀਜ਼ ਨਾਲ….?
‘‘ਹਾਂ ਬਜ਼ਾਰ ’ਚੋਂ ਕੁਝ ਵੀ ਲੈ ਕੇ ਖਾਵਾਂ ਮੈਨੂੰ ਠੀਕ ਨੀ ਲੱਗਦਾ।
‘ਤੇ ਬਜਾਰੂ ਔਰਤ?
‘‘ਹਾ-ਹਾ ਉਹ ਹੋਰ ਗੱਲ ਆ ਛੱਡ ਤੂੰ ਮੈਂ ਜਾਣਾ ਹੁਣ….
‘‘ਨਹੀਂ ਦੱਸੋ ਫਿਰ ਵੀ ਬਜ਼ਾਰੂ ਔਰਤ ਬਾਰੇ ਕੀ ਖਿਆਲ ਆ?
‘ਹਰ ਚੀਜ਼ ਘਰ ਦੀ ਵੀ ਵਧੀਆ ਨੀ ਹੁੰਦੀ ਕੁਝ ਕੁ ਬਜਾਰੂ ਹੀ ਵਧੀਆ ਚੰਗਾ ਚੰਗਾ ਹੁਣ ਮੈਂ ਚਲਦਾਂ।
ਘੇਰਾਬੰਦੀ
ਚਮੇਲੀ ਨੂੰ ਅੱਜ ਪਹਿਲੀ ਵਾਰ ਖਾਲਾ ਤੇ ਹੈਰਾਨੀ ਜਿਹੀ ਹੋਈ ਸੀ ਇਸ ਹੈਰਾਨੀ ਦੇ ਨਾਲ਼ ਨਾਲ਼ ਉਸਨੂੰ ਕੁਛ-ਕੁਛ ਖੁਸ਼ੀ ਵੀ ਹੋਈ ਸੀ। ਵੈਸੇ ਤਾਂ ਇੰਨੇ ਸਾਲਾਂ ’ਚ ਚਮੇਲੀ ਨੂੰ ਖਾਲਾ ਦੇ ਸੁਭਾਅ ਬਾਰੇ ਪੂਰੀ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਖਾਲਾ ਦੇ ਮਨ ’ਚ ਤਰਸ ਨਾਮ ਦੀ ਕੋਈ ਵੀ ਚੀਜ਼ ਨਹੀਂ ਉਹ ਸਿਰਫ਼ ਪੈਸੇ ਨੂੰ ਹੀ ਸਭ ਕੁਛ ਸਮਝਦੀ ਹੈ ਪਰ ਅੱਜ ਉਸਦਾ ਇਹ ਵਹਿਮ ਟੁੱਟ ਗਿਆ।
ਜਦੋਂ ਮੇਨਿਕਾ ਭੱਜੀ-ਭੱਜੀ ਆਪਣੇ ਕਮਰੇ ’ਚੋਂ ਬਾਹਰ ਆ ਗਈ ਤਾਂ ਖਾਲਾ ਨੇ ਉਸਨੂੰ ਇਸਦਾ ਕਾਰਣ ਪੁੱਛਿਆ ਤਾਂ ਉਸਨੇ ਸਾਫ-ਸਾਫ ਸਾਰੀ ਗੱਲ ਦੱਸ ਦਿੱਤੀ ਕੀ ਕਿਦਾਂ ਉਸਦੇ ਨਾਲ ਪਿਆ ਉਸਨੂੰ ਪੁੱਠੇ-ਸਿੱਧੇ ਤਰੀਕੇ ਕਰਨ ਨੂੰ ਕਹਿ ਰਿਹਾ ਸੀ। ਜੋਰ ਜਬਰਦਸਤੀ ਦੀ ਸ਼ਿਕਾਰ ਹੋਈ ਉਸ ਕੁੜੀ ਨੂੰ ਖਾਲਾ ਨੇ ਇੱਕ ਵੱਖਰੇ ਕਮਰੇ ’ਚ ਲਿਜਾ ਕੇ ਦੇਖਿਆ ਸੀ ਤੇ ਫਿਰ ਉਸਨੂੰ ਕੋਈ ਦਵਾਈ ਵੀ ਖਾਣ ਤੇ ਲਾਉਣ ਨੂੰ ਦਿੱਤੀ ਸੀ। ਫਿਰ ਖਾਲਾ ਨੇ ਉਸ ਗਾਹਕ ਨੂੰ ਜੁੱਤੀ ਦੇ ਜੋਰ ਤੇ ਕੋਠਿਉਂ ਬਾਹਰ ਕੱਢ ਦਿੱਤਾ ਸੀ। ਉਸਤੋਂ ਬਾਅਦ ਖਾਲਾ ਨੇ ਉਸ ਕੁੜੀ ਦੇ ਕਮਰੇ ਦੁਆਲੇ ਇੱਕ ਪਹਿਰਾ ਜਿਹਾ ਲਵਾ ਕੇ ਉਸਦੀ ਘੇਰਾਬੰਦੀ ਕਰਤੀ ਸੀ ਤਾਂ ਜੋ ਕੋਈ ਵੀ ਗਾਹਕ ਉਸਦੇ ਕਮਰੇ ’ਚ ਜਾ ਕੇ ਉਸਨੂੰ ਤੰਗ ਨਾ ਕਰ ਸਕੇ।
ਜਦੋਂ ਚਮੇਲੀ ਨੂੰ ਸਾਰੀ ਗੱਲ ਪਤਾ ਲੱਗੀ ਤਾਂ ਉਸਨੂੰ ਖਾਲਾ ਦੀ ਇਸ ਦਰਿਆਦਿਲੀ ਤੇ ਯਕੀਨ ਨਾ ਆਇਆ ਵੈਸੇ ਉਸਨੂੰ ਪੰਦਰਾਂ ਕੁ ਸਾਲਾਂ ਦੀ ਮੇਨਿਕਾ ਤੇ ਤਰਸ ਜ਼ਰੂਰ ਆਇਆ ਸੀ।
ਉਸ ਵਕਤ ਚਮੇਲੀ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦੋਂ ਕੋਈ ਹੱਦੋਂ ਵੱਧ ਅਮੀਰ ਲਾਲਾ ਕੋਠੇ ਤੇ ਆਇਆ ਤੇ ਉਸਨੇ ਤਿੰਨ ਗੁਣਾਂ ਵੱਧ ਕੀਮਤ ਦੇ ਕੇ ਮੇਨਿਕਾ ਦੀ ਮੰਗ ਕੀਤੀ ਸੀ ਤੇ ਖਾਲਾ ਦੀਆਂ ਅੱਖਾਂ ’ਚ ਚਮਕ ਆ ਗਈ ਤੇ ਉਸਨੇ ਆਪਣੇ ਹੱਥੀਂ ਮੇਨਿਕਾ ਦੀ ਘੇਰਾਬੰਦੀ ਤੋੜ ਕੇ ਲਾਲਾ ਨੂੰ ਉਸਦੇ ਕਮਰੇ ਦਾ ਰਾਹ ਦਿਖਾਇਆ ਸੀ। ਬੈਠੀ-ਬੈਠੀ ਸੋਚਦੀ ਚਮੇਲੀ ਹੈਰਾਨ ਸੀ ਕਿ ਕਿਵੇਂ ਲਾਲਚ ਦੇ ਮੂੰਹ ਨੂੰ ਕਿਸੇ ਵੀ ਤਰ੍ਹਾਂ ਦੀ ਘੇਰਾਬੰਦੀ ਮਿੰਟਾਂ-ਸਕਿੰਟਾਂ ’ਚ ਤੋੜ ਦਿੱਤੀ ਜਾਂਦੀ ਹੈ।