ਵਿਸ਼ਾਲ ਵਾਲੀਆ ਅਤੇ ਖੁਸ਼ੀ ਨੇ ਕ੍ਰਮਵਾਰ 80 ਅਤੇ 75 ਕਿਲੋਗ੍ਰਾਮ ਭਾਰ ਵਰਗਾਂ ਅਧੀਨ ਸੋਨ ਤਮਗ਼ੇ ਦੇਸ਼ ਦੀ ਝੋਲੀ ਪਾਏ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਖਿਡਾਰੀ ਆਪਣੀ ਸ਼ਾਨਦਾਰ ਖੇਡ ਪ੍ਰਤੀਭਾ ਨਾਲ ਵਿਸ਼ਵ ਮੰਚਾਂ ’ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ।ਇਸੇ ਲੜੀ ਨੂੰ ਅੱਗੇ ਤੋਰਦਿਆਂ ਹੁਣ 17 ਅਗਸਤ ਤੋਂ 31 ਅਗਸਤ ਤੱਕ ਦੁਬਈ ’ਚ ਹੋਈ ਏਸ਼ੀਅਨ ਜੂਨੀਅਰ ਅਤੇ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀ ਵਿਸ਼ਾਲ ਵਾਲੀਆ ਅਤੇ ਖੁਸ਼ੀ ਨੇ ਬਾਕਮਾਲ ਖੇਡ ਪ੍ਰਦਰਸ਼ਨ ਵਿਖਾਉਂਦਿਆਂ ਦੋ ਸੋਨ ਤਮਗ਼ੇ ਦੇਸ਼ ਦੀ ਝੋਲੀ ਪਾਏ ਹਨ। ਜ਼ਿਕਰਯੋਗ ਹੈ ਕਿ ’ਵਰਸਿਟੀ ਵਿਖੇ ਬੀ.ਏ ਸਪੋਰਟਸ ਦੀ ਵਿਦਿਆਰਥਣ ਖੁਸ਼ੀ ਨੇ 75 ਕਿਲੋਗ੍ਰਾਮ ਭਾਰ ਵਰਗ ਅਧੀਨ ਮੁੱਕੇਬਾਜ਼ੀ ’ਚ ਗੋਲਡ ਮੈਡਲ ਹਾਸਲ ਕਰਕੇ ਲੜਕੀਆਂ ਲਈ ਪ੍ਰੇਰਨਾਸਰੋਤ ਬਣੀ ਹੈ ਜਦਕਿ ਬੀ.ਏ ਸਪੋਰਟਸ ਦੇ ਵਿਦਿਆਰਥੀ ਵਿਸ਼ਾਲ ਨੇ 80-86 ਕਿਲੋਗ੍ਰਾਮ ਭਾਰ ਵਰਗ ਅਧੀਨ ਵਿਰੋਧੀ ਖਿਡਾਰੀਆਂ ਨੂੰ ਸਖ਼ਤ ਟੱਕਰ ਦਿੰਦਿਆਂ ਗੋਲਡ ਮੈਡਲ ਆਪਣੇ ਨਾਮ ਕੀਤਾ ਹੈ।
ਪਟਿਆਲਾ ਜ਼ਿਲ੍ਹੇ ਦੇ ਸਧਾਰਣ ਪਰਿਵਾਰ ਨਾਲ ਸਬੰਧਿਤ ਖੁਸ਼ੀ ਨੇ ਚੈਂਪੀਅਨਸ਼ਿਪ ਦੌਰਾਨ ਫਾਈਨਲ ਮੁਕਾਬਲੇ ਦੌਰਾਨ ਕਾਜ਼ਿਕਸਤਾਨ ਦੀ ਮੁੱਕੇਬਾਜ਼ ਡਾਨਾ ਦੀੜੇ ਨੂੰ 3-0 ਨਾਲ ਹਰਾ ਕੇ ਸੋਨ ਤਮਗ਼ਾ ਦੇਸ਼ ਦੀ ਝੋਲੀ ਪਾਇਆ ਹੈ। ਪਿਤਾ ਜਗਸੀਰ ਸਿੰਘ ਅਤੇ ਮਾਤਾ ਕੁਲਦੀਪ ਕੌਰ ਨੂੰ ਧੀ ਦੀ ਪ੍ਰਾਪਤੀ ’ਤੇ ਬਹੁਤ ਮਾਣ ਹੈ। ਉਨ੍ਹਾਂ ਕਿਹਾ ਕਿ ਚੈਂਪੀਅਨਸ਼ਿਪ ਦੌਰਾਨ ਕਜ਼ਾਖਸਤਾਨ, ਉਜ਼ਬੇਕਿਸਤਾਨ ਅਤੇ ਕਿਰਗਿਜ਼ਸਤਾਨ ਵਰਗੇ ਮਜ਼ਬੂਤ ਮੁੱਕੇਬਾਜ਼ ਦੇਸ਼ਾਂ ਦੇ ਮੁਕਾਬਲੇਬਾਜ਼ਾਂ ਦੀ ਮੌਜੂਦਗੀ ਕਾਰਨ ਚੈਂਪੀਅਨਸ਼ਿਪ ਚੁਣੌਤੀਪੂਰਨ ਜ਼ਰੂਰ ਸੀ ਪਰ ਖੁਸ਼ੀ ਦੀ ਮਿਹਨਤ ਅਤੇ ਲਗਨ ਨਾਲ ਨਾਮੁਮਕਿਨ ਸਿੱਧ ਨਹੀਂ ਹੋਇਆ।ਉਨ੍ਹਾਂ ਦੱਸਿਆ ਕਿ ’ਵਰਸਿਟੀ ਵੱਲੋਂ ਖੁਸ਼ੀ ਨੂੰ ਮੁਹੱਈਆ ਕਰਵਾਈ ਜਾਂਦੀ 100 ਫ਼ੀਸਦੀ ਸਕਾਲਰਸ਼ਿਪ ਅਤੇ ਤਜ਼ਰਬੇਕਾਰ ਕੋਚਾਂ ਦੀ ਅਗਵਾਈ ’ਚ ਮਿਲੀ ਸਿਖਲਾਈ ਨਾਲ ਉਸ ਨੂੰ ਭਰਪੂਰ ਉਤਸ਼ਾਹ ਮਿਲਿਆ ਹੈ।ਉਨ੍ਹਾਂ ਦੀ ਬੇਟੀ ਮੈਰੀ ਕੌਮ ਨੂੰ ਆਦਰਸ਼ ਮੰਨਦੀ ਹੈ ਅਤੇ ਆਗਾਮੀ ਉਲੰਪਿਕ ਖੇਡਾਂ ’ਚ ਸ਼ਮੂਲੀਅਤ ਕਰਕੇ ਦੇਸ਼ ਦੀ ਝੋਲੀ ਤਮਗ਼ਾ ਪਾਉਣਾ ਚਾਹੁੰਦੀ ਹੈ।ਵਰਣਨਯੋਗ ਹੈ ਕਿ ਇਸ ਤੋਂ ਪਹਿਲਾ ਖੁਸ਼ੀ 2018 ’ਚ ਸਰਬੀਆ ’ਚ ਹੋਈ ਬਾਕਸਿੰਗ ਚੈਂਪੀਅਨਸ਼ਿਪ ਅਤੇ 2019 ’ਚ ਸਪੇਨ ਦੇ ਮਰਸੀਆ ਸ਼ਹਿਰ ’ਚ ਹੋਏ ਕੌਮਾਤਰੀ ਜੂਨੀਅਰ ਮੁੱਕੇਬਾਜ਼ੀ ਕੱਪ ਦੌਰਾਨ ਖੁਸ਼ੀ ਨੇ 65-70 ਭਾਰ ਵਰਗ ਅਧੀਨ ਖੇਡਦਿਆਂ ਸੋਨ ਤਮਗ਼ੇ ਹਾਸਲ ਕਰਕੇ ਦੇਸ਼ ਦਾ ਮਾਣ ਵਧਾ ਚੁੱਕੀ ਹੈ।
’ਵਰਸਿਟੀ ਵਿਖੇ ਬੀਏ ਸਪੋਰਟਸ ਦੇ ਅਧੀਨ ਪੜ੍ਹਾਈ ਕਰ ਰਹੇ ਵਿਸ਼ਾਲ ਵਾਲੀਆ ਨੇ ਚੈਂਪੀਅਨਸ਼ਿਪ ਦੌਰਾਨ 80-86 ਕਿਲੋਗ੍ਰਾਮ ਭਾਰ ਵਰਗ ਅਧੀਨ ਖੇਡਦਿਆਂ 25 ਅਗਸਤ ਨੂੰ ਹੋਏ ਮੁਕਾਬਲੇ ਦੌਰਾਨ ਕਜ਼ਾਖਸਤਾਨ ਨੂੰ 5-0 ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਪੱਕੀ ਕੀਤੀ। ਫਾਈਨਲ ਮੁਕਾਬਲੇ ਲਈ ਖੇਡਦਿਆਂ ਵਿਸ਼ਾਲ ਨੇ ਕਿਰਗਿਜ਼ਸਤਾਨ ਦੇ ਅਕਮਾਤੋਵ ਸੰਜਰ ਵਿਰੁੱਧ ਵੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਵਿਸ਼ਾਲੇ ਪੂਰੇ ਮੈਚ ਦੌਰਾਨ ਦਲੇਰੀ ਅਤੇ ਸੂਝਤਾ ਵਿਖਾਉਂਦਿਆਂ ਵਿਰੋਧੀ ਖਿਡਾਰੀ ਨੂੰ ਇੱਕ ਵੀ ਸਕੋਰ ਹਾਸਲ ਕਰਨ ਦਾ ਮੌਕਾ ਨਹੀਂ ਦਿੱਤਾ ਅਤੇ 5-0 ਸਕੋਰਾਂ ਨਾਲ ਜਿੱਤ ਹਾਸਲ ਕਰਦਿਆਂ ਸੋਨ ਤਮਗ਼ਾ ਦੇਸ਼ ਦੀ ਝੋਲੀ ਪਾਇਆ। ਵਿਸ਼ਾਲ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਉਸਦੀ ਖੇਡ ਪ੍ਰਤੀਭਾ ਨੂੰ ਤਰਾਸ਼ਣ ਲਈ ਪੂਰਾ ਸਮਰਥਨ ਦਿੱਤਾ ਹੈ। ਉਸਨੇ ਗੋਲਡ ਮੈਡਲ ਆਪਣੇ ਮਾਤਾ-ਪਿਤਾ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਉਸਦਾ ਸੁਪਨਾ ਕਿ ਉਹ ਅੰਤਰਰਾਸ਼ਟਰੀ ਪੱਧਰ ਦੇ ਹੋਰਨਾਂ ਮੁਕਾਬਲਿਆਂ ’ਚ ਵੀ ਦੇਸ਼ ਦੇ ਨਾਮ ਚਮਕਾਏ, ਜਿਸ ’ਚ ਅਗਾਮੀ ਉਲੰਪਿਕ ਖੇਡਾਂ ਪ੍ਰਮੁੱਖ ਟੀਚਾ ਹੈ।
ਇਸ ਮੌਕੇ ਚੈਂਪੀਅਨਸ਼ਿਪ ’ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਸਮੁੱਚੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਕਿਹਾ ਕਿ ਖਿਡਾਰੀਆਂ ਨੇ ਯੂਥ ਚੈਂਪੀਅਨਸ਼ਿਪ ਦੌਰਾਨ 6 ਗੋਲਡ, 9 ਸਿਲਵਰ, 5 ਬ੍ਰਾਂਜ਼ ਮੈਡਲਾਂ ਸਮੇਤ ਕੁੱਲ 20 ਮੈਡਲ ਦੇਸ਼ ਦੀ ਝੋਲੀ ਪਾ ਕੇ ਪ੍ਰਮਾਣ ਦਿੱਤਾ ਹੈ ਕਿ ਮੁੱਕੇਬਾਜ਼ੀ ਦੇ ਖੇਤਰ ’ਚ ਦੇਸ਼ ਕੋਲ ਪ੍ਰਤੀਭਾਸ਼ਾਲੀ ਨੌਜਵਾਨੀ ਮੌਜੂਦ ਹੈ। ਉਨ੍ਹਾਂ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ’ਵਰਸਿਟੀ ਪ੍ਰਤੀਭਾਸ਼ਾਲੀ ਖਿਡਾਰੀ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਤੋਂ ਯਤਨਸ਼ੀਲ ਹੈ।’ਵਰਸਿਟੀ ਵੱਲੋਂ ਹਰ ਸਾਲ ਕਰੋੜਾਂ ਦਾ ਵਿਸ਼ੇਸ਼ ਬਜ਼ਟ ਰਾਖਵਾਂ ਰੱਖਿਆ ਜਾਂਦਾ ਹੈ ਜਿਸ ਅਧੀਨ ਹੋਣਹਾਰ ਖਿਡਾਰੀਆਂ ਨੂੰ ਕੋਰਸ ਫ਼ੀਸ ’ਤੇ 100 ਫ਼ੀਸਦੀ ਵਜ਼ੀਫ਼ਾ, ਮੁਫ਼ਤ ਰਿਹਾਇਸ਼, ਡਾਈਟ ਫ਼ੀਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਦੇ ਕੋਚਾਂ ਦੀ ਅਗਵਾਈ ਅਧੀਨ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ।