1996-2001 ਦੌਰਾਨ ਤਾਲਿਬਾਨ ਨੇ ਟੈਲੀਵਿਜ਼ਨ ਅਤੇ ਸੰਗੀਤ ʼਤੇ ਪਾਬੰਦੀ ਲਗਾ ਦਿੱਤੀ ਸੀ। ਹੁਣ ਵੀ ਹਾਲਾਤ ਅਜਿਹੇ ਹੀ ਬਣ ਰਹੇ ਹਨ। ਲੜਕੀਆਂ ਨੂੰ ਬਤੌਰ ਐਂਕਰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਰੇਡੀਓ, ਟੀ.ਵੀ. ਐਂਕਰ ਸ਼ਬਨਮ ਖਾਨ ਅਤੇ ਪੱਤਰਕਾਰ ਖਦੀਜਾ ਨੇ ਵੀਡੀਓ ਜਾਰੀ ਕਰਕੇ ਰਿਹਾ ਹੈ ਕਿ ਅਸੀਂ ਕੰਮ ʼਤੇ ਪਰਤਣਾ ਚਾਹੁੰਦੀਆਂ ਹਾਂ ਪਰੰਤੂ ਆਗਿਆ ਨਹੀਂ ਦਿੱਤੀ ਜਾ ਰਹੀ। ਸਰਕਾਰੀ ਟੈਲੀਵਿਜ਼ਨ ʼਤੇ ਨਵੇਂ ਡਾਇਰੈਕਟਰ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਦੋਹਾਂ ਨੇ ਉਸ ਨਾਲ ਗੱਲ ਕੀਤੀ ਪਰੰਤੂ ਕੋਈ ਹੱਲ ਨਹੀਂ ਨਿਕਲਿਆ। ਤਾਲਿਬਾਨ ਦਾ ਕਹਿਣਾ ਹੈ ਕਿ ਇਸ ਸਬੰਧ ਵਿਚ ਜਲਦੀ ਹੀ ਕੋਈ ਫੈਸਲਾ ਲਿਆ ਜਾਵੇਗਾ।
ਬੀਤੇ 20 ਸਾਲਾਂ ਦੌਰਾਨ ਤੇਜ਼ੀ ਨਾਲ ਅਫ਼ਗਾਨਿਸਤਾਨ ਦਾ ਚਿਹਰਾ ਮੁਹਰਾ ਬਦਲਿਆ ਹੈ। ਅੱਜ ਉੱਥੇ 170 ਐਫ਼.ਐਮ.ਰੇਡੀਓ ਸਟੇਸ਼ਨ ਹਨ। ਸੈਂਕੜੇ ਅਖ਼ਬਾਰਾਂ ਹਨ ਅਤੇ ਦਰਜਨਾਂ ਟੀ.ਵੀ. ਨੈਟਵਰਕ ਹਨ। ਵੱਡੀ ਗਿਣਤੀ ਵਿਚ ਲੋਕ ਇੰਟਰਨੈਟ ਦੀ ਵਰਤੋਂ ਕਰਦੇ ਹਨ।
ਆਪਣੀ ਪਹਿਲੀ ਪ੍ਰੈਸ ਕਾਨਫ਼ਰੰਸ ਵਿਚ ਤਾਲਿਬਾਨ ਨੇ ਕਿਹਾ ਕਿ ਮੀਡੀਆ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇਗਾ। ਓਧਰ ਰੇਡੀਓ ਟੈਲੀਵਿਜ਼ਨ ਅਫ਼ਗਾਨਿਸਤਾਨ ਦੇ ਐਂਕਰ ਸਾਹਰ ਨੇਸਾਰੀ ਨੇ ਕਿਹਾ ਕਿ ਤਾਲਿਬਾਨ ਅਜ਼ਾਦ ਪ੍ਰੈਸ ਦੀਆਂ ਗੱਲਾਂ ਕਰ ਰਿਹਾ ਹੈ ਪਰੰਤੂ ਅਸਲੀਅਤ ਇਸਤੋਂ ਵੱਖਰੀ ਹੈ। ਤਾਲਿਬਾਨ ਦੀ ਕਾਰਵਾਈ ਅਤੇ ਸ਼ਬਦਾਂ ਵਿਚਾਲੇ ਅੰਤਰ ਹੈ। ਪੱਤਰਕਾਰਾਂ ਨੂੰ ਕੰਮ ਤੋਂ ਰੋਕਿਆ ਜਾ ਰਿਹਾ ਹੈ। ਕੁੱਟਿਆ ਜਾ ਰਿਹਾ ਹੈ। ਔਰਤਾਂ ਨੂੰ ਵਾਪਿਸ ਭੇਜਿਆ ਜਾ ਰਿਹਾ ਹੈ।
ਸਾਹਰ ਨੇ ਪਸ਼ਤੋ ਭਾਸ਼ਾ ਵਿਚ ਇਹ ਗੱਲ ਫੇਸਬੁੱਕ ਪੋਸਟ ਵਿਚ ਕਹੀ ਹੈ। ਉਸਨੇ ਅੱਗੇ ਲਿਖਿਆ ਕਿ ਤਾਲਿਬਾਨ ਉਸਦਾ ਕੈਮਰਾ ਲੈ ਗਏ ਅਤੇ ਉਸਦੇ ਸਾਥੀਆਂ ਨੂੰ ਕੁੱਟਿਆ ਜਦੋਂ ਉਹ ਕਾਬੁਲ ਵਿਚ ਇਕ ਸਟੋਰੀ ਦਾ ਫ਼ਿਲਮਾਂਕਣ ਕਰ ਰਹੇ ਸਨ।
ਪੱਤਰਕਾਰਾਂ ਦੇ ਘਰਾਂ ਵਿਚ ਛਾਪੇ ਮਾਰੇ ਜਾ ਰਹੇ ਹਨ। ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਹੁਣ ਜਦੋਂ ਅਫ਼ਗਾਨਿਸਤਾਨ ਦੇ ਲੋਕਾਂ ਅਤੇ ਦੁਨੀਆਂ ਨੂੰ ਸਹੀ ਖ਼ਬਰਾਂ, ਸਹੀ ਜਾਣਕਾਰੀ ਦੀ ਲੋੜ ਹੈ ਤਾਂ ਤਾਲਿਬਾਨ ਨੂੰ ਆਪਣੇ ਕਹੇ ʼਤੇ ਅਮਲ ਕਰਨਾ ਚਾਹੀਦਾ ਹੈ।
ਟੋਲੋ ਨਿਊਜ਼ ਨੈਟਵਰਕ ਨੇ ਇਕ ਤਾਲਿਬਾਨ ਨੇਤਾ ਦੀ ਇੰਟਰਵਿਊ ਪ੍ਰਸਾਰਿਤ ਕੀਤੀ ਹੈ। ਉਥੇ ਇਸਤ੍ਰੀ ਮੁਲਾਜ਼ਮ ਵੀ ਕੰਮ ਕਰ ਰਹੀਆਂ ਹਨ ਪਰੰਤੂ ਇਸ ਮੀਡੀਆ ਗਰੁੱਪ ਦੇ ਮੁਖੀ ਦਾ ਕਹਿਣਾ ਹੈ ਕਿ ਕਲ੍ਹ ਕੀ ਹੋਵੇਗਾ, ਕੁਝ ਨਹੀਂ ਕਿਹਾ ਜਾ ਸਕਦਾ।
ਭਾਵੇਂ ਵਿਸ਼ਵ ਪੱਧਰ ʼਤੇ ਕੁਝ ਗਰੁੱਪ ਅਫ਼ਗਾਨਿਸਤਾਨ ਵਿਚ ਮੀਡੀਆ ਦੀ ਸੁਰੱਖਿਆ ਅਤੇ ਅਜ਼ਾਦਾਨਾ ਕੰਮਕਾਰ ਜਾਰੀ ਰੱਖਣ ਲਈ ਯਤਨਸ਼ੀਲ ਹਨ ਫਿਰ ਵੀ ਮੀਡੀਆ ਲਈ ਸੇਵਾਵਾਂ ਦੇ ਰਹੀਆਂ ਔਰਤਾਂ ਘਬਰਾਈਆਂ ਹੋਈਆਂ ਹਨ ਅਤੇ ਆਪਣੀ ਨੌਕਰੀ ਦੇ ਸਬੰਧ ਵਿਚ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਨੇ 1996 ਤੋਂ 2001 ਦੇ ਸਮੇਂ ਬਾਰੇ ਪੜ੍ਹਿਆ, ਸੁਣਿਆ, ਵੇਖਿਆ ਹੈ ਜਾਂ ਖੁਦ ਹੰਢਾਇਆ ਹੈ।
ਕਾਬੁਲ ਦੀ ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਉਸਦੀਆਂ 18 ਔਰਤ ਪੱਤਰਕਾਰਾਂ ਨੂੰ ਉਦੋਂ ਤੱਕ ਘਰੋਂ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ ਜਦੋਂ ਤੱਕ ਮੀਡੀਆ ਸਬੰਧੀ ਕੋਈ ਫੈਸਲਾ ਨਹੀਂ ਹੋ ਜਾਂਦਾ। ਇਕ ਤਾਲਿਬਾਨ ਬਲਾਰੇ ਨੇ ਕਿਹਾ ਕਿ ਔਰਤ ਪੱਤਰਕਾਰਾਂ ਨੂੰ ਇਸਲਾਮ ਦੇ ਦਾਇਰੇ ਵਿਚ ਰਹਿ ਕੇ ਹੀ ਕੰਮ ਕਰਨਾ ਪਵੇਗਾ।
ਪੱਤਰਕਾਰ ਭਾਈਚਾਰਾ ਤਾਲਿਬਾਨ ਦੇ ਪਿਛਲੇ 5 ਸਾਲਾ ਰਾਜ ਨੂੰ ਯਾਦ ਕਰਕੇ ਫ਼ਿਕਰਮੰਦ ਹੈ। ਉਦੋਂ ਕੇਵਲ ਇਕ ਰੇਡੀਓ ਦਾ ਹੀ ਪ੍ਰਸਾਰਨ ਜਾਰੀ ਸੀ ਜਿਹੜਾ ਸਿਰਫ਼ ਧਾਰਮਿਕ ਸਿੱਖਿਆਵਾਂ ਪ੍ਰਸਾਰਿਤ ਕਰਦਾ ਸੀ।
ਹੁਣ ਉਥੇ 170 ਰੇਡੀਓ ਚੈਨਲ ਚੱਲ ਰਹੇ ਹਨ। ਸੌ ਤੋਂ ਵੱਧ ਅਖ਼ਬਾਰਾਂ ਹਨ ਅਤੇ ਦਰਜਨਾਂ ਟੀ.ਵੀ. ਚੈਨਲ ਹਨ। ਉਨ੍ਹਾਂ ਦਾ ਆਉਣ ਵਾਲੇ ਦਿਨਾਂ ਵਿਚ ਕੀ ਬਣੇਗਾ ਇਹ ਤਾਲਿਬਾਨ ਦੇ ਮੀਡੀਆ ਪ੍ਰਤੀ ਰੁਖ਼ ʼਤੇ ਨਿਰਭਰ ਕਰੇਗਾ।
ਜਦੋਂ ਤਾਲਿਬਾਨ ਹਥਿਆਰਾਂ ਸਮੇਤ ਕਿਸੇ ਰੇਡੀਓ, ਟੈਲੀਵਿਜ਼ਨ ਦੇ ਸਟੂਡੀਓ ਜਾਂ ਅਖ਼ਬਾਰ ਦੇ ਦਫ਼ਤਰ ਪਹੁੰਚ ਜਾਂਦੇ ਹਨ ਤਾਂ ਸਾਰੇ ਘਬਰਾ ਜਾਂਦੇ ਹਨ। ਬੀਤੇ ਦਿਨਾਂ ਦੌਰਾਨ ਅਜਿਹਾ ਕਈ ਥਾਈਂ, ਕਈ ਵਾਰ ਵਾਪਰ ਚੁੱਕਾ ਹੈ।
ਆਪਣੇ ਪ੍ਰਚਾਰ ਲਈ, ਆਪਣੇ ਸ਼ਾਸਨ ਲਈ, ਆਪਣੀ ਗੱਲ ਦੁਨੀਆਂ ਤੱਕ ਪਹੁੰਚਾਉਣ ਲਈ ਤਾਲਿਬਾਨ ਟਵਿੱਟਰ ਦੇ ਅਨੇਕਾਂ ਅਕਾਊਂਟ ਵਰਤ ਰਿਹਾ ਹੈ। ਇਹ ਉਹੀ ਤਾਲਿਬਾਨ ਹੈ ਜਿਸਨੇ 2001 ਵਿਚ ਇੰਟਰਨੈਟ ʼਤੇ ਪਾਬੰਦੀ ਲਾ ਦਿੱਤੀ ਸੀ।
ਰੇਡੀਓ, ਟੀ.ਵੀ. ਐਂਕਰ ਸ਼ਬਨਮ ਇਕ ਚਰਚਿਤ ਚਿਹਰਾ ਹੈ। ਉਸਨੂੰ ਘਰ ਭੇਜ ਕੇ ਉਸਦੀ ਜਗ੍ਹਾ ਇਕ ਤਾਲਿਬਾਨ ਨੂੰ ਰੱਖ ਲਿਆ ਹੈ। ਇਸ ਵਿਰੁੱਧ ਉਸਨੇ ਜਦ ਇਤਰਾਜ਼ ਕੀਤਾ ਤਾਂ ਕਿਹਾ ਗਿਆ, “ਤੁਸੀਂ ਆਪਣਾ ਕੰਮ ਨਹੀਂ ਕਰ ਸਕਦੇ ਕਿਉਂਕਿ ਸਿਸਟਮ ਬਦਲ ਗਿਆ ਹੈ।”
ਅਫ਼ਗਾਨਿਸਤਾਨ ਦਾ ਮੀਡੀਆ ਬਦਲ ਰਿਹਾ ਸੀ ਅਤੇ ਇਹ ਬੀਤੇ 20 ਸਾਲਾਂ ਦੀਆਂ ਪ੍ਰਾਪਤੀਆਂ ਦੀ ਮੂੰਹ ਬੋਲਦੀ ਤਸਵੀਰ ਸੀ। ਪਰੰਤੂ ਹੁਣ ਮੁੜ ਸੱਭ ਕੁਝ ਬਦਲ ਗਿਆ ਹੈ। ਸਟੇਟ ਟੈਲੀਵਿਜ਼ਨ ਤਾਲਿਬਾਨ ਦਾ ਪ੍ਰਚਾਰ ਕਰ ਰਿਹਾ ਹੈ। ਨਿੱਜੀ ਟੈਲੀਵਿਜ਼ਨ ਚੈਨਲਾਂ ਨੇ ਸੰਗੀਤ ਅਤੇ ਮਨੋਰੰਜਨ ਪ੍ਰੋਗਰਾਮ ਬੰਦ ਕਰ ਦਿੱਤੇ ਹਨ। ਪੱਛਮੀ ਸ਼ੈਲੀ ਦੇ ਸ਼ੋਅ ਅਤੇ ਵਿਦੇਸ਼ੀ ਸੋਪ ਓਪੇਰਾ ਵੀ ਰੋਕ ਦਿੱਤੇ ਹਨ।
ਤਾਲਿਬਾਨ ਮੀਡੀਆ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਨ ਪਰੰਤੂ ਮੀਡੀਆ ਸਮੇਤ ਲੋਕਾਂ ਨੂੰ ਵੀ ਯਕੀਨ ਨਹੀਂ ਹੈ ਕਿ ਕਹਿਣੀ ਤੇ ਕਰਨੀ ਵਿਚ ਇਕਸਾਰਤਾ ਹੋਵੇਗੀ। ਕਾਬੁਲ ਤੋਂ ਚੱਲਦੇ ਦਰਜਨਾਂ ਰੇਡੀਓ ਸਟੇਸ਼ਨਾਂ, ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਨੂੰ ਜ਼ਬਰਦਸਤੀ ਬੰਦ ਕਰ ਦਿੱਤਾ ਗਿਆ ਹੈ। ਬਹੁਤ ਸਾਰੇ ਡਰ ਕਾਰਨ ਖ਼ੁਦ ਹੀ ਬੰਦ ਕਰ ਗਏ ਹਨ। ਉਨ੍ਹਾਂ ਦੇ ਪੱਤਰਕਾਰ ਘਰਾਂ ਵਿਚ ਬੈਠੇ ਹਨ ਜਾਂ ਅੰਡਰ-ਗਰਾਊਂਡ ਹੋ ਗਏ ਹਨ।
ਕੁਝ ਮੀਡੀਆ ਅਦਾਰਿਆਂ ਕੋਲੋਂ ਜ਼ਬਰਦਸਤੀ ਤਾਲਿਬਾਨ ਦੀਆਂ ਸੂਚਨਾਵਾਂ ਪ੍ਰਸਾਰਿਤ ਕਰਵਾਈਆਂ ਜਾ ਰਹੀਆਂ ਹਨ। ਸੰਗੀਤ ਅਤੇ ਔਰਤ ਦੀ ਆਵਾਜ਼ ਪ੍ਰਸਾਰਿਤ ਕਰਨ ਤੋਂ ਸਖ਼ਤੀ ਨਾਲ ਵਰਜ਼ ਦਿੱਤਾ ਗਿਆ ਹੈ। ਖ਼ਬਰ ਹੈ ਕਿ ਕਾਰੀ ਯੂਸਫ਼ ਅਹਿਮਦੀ ਨੂੰ ਮੀਡੀਆ ਹੈਡ ਨਿਯੁਕਤ ਕੀਤਾ ਗਿਆ ਹੈ।