ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਕੋਵਿਡ-19 ਕਾਰਨ ਇਸ ਹਫਤੇ 32,000 ਤੋਂ ਵੱਧ ਵਿਦਿਆਰਥੀ ਸਕੂਲ ਤੋਂ ਗੈਰਹਾਜ਼ਰ ਰਹੇ ਹਨ। ਇਸ ਸਬੰਧੀ ਮੰਗਲਵਾਰ ਦੇ ਸਭ ਤੋਂ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਤਕਰੀਬਨ 6,471 ਵਿਦਿਆਰਥੀ ਸਕੂਲੋਂ ਗੈਰਹਾਜ਼ਰ ਸਨ ਕਿਉਂਕਿ ਉਹ ਵਾਇਰਸ ਤੋਂ ਪ੍ਰਭਾਵਿਤ ਸਨ ਅਤੇ ਤਕਰੀਬਨ 25,622 ਇਕਾਂਤਵਾਸ ਸਨ। ਸਕਾਟਲੈਂਡ ਵਿੱਚ ਕੋਵਿਡ ਦੇ ਨਾਲ ਪ੍ਰਭਾਵਿਤ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਇਹ ਗਿਣਤੀ ਹਫ਼ਤੇ ਵਿੱਚ ਲਗਭਗ 3,500 ਵੱਧ ਗਈ ਹੈ, ਜਦੋਂ ਕਿ ਇਕਾਂਤਵਾਸ ਹੋਣ ਵਾਲਿਆਂ ਦੀ ਗਿਣਤੀ ਇੱਕ ਹਫ਼ਤੇ ਪਹਿਲਾਂ ਦੇ 12,636 ਤੋਂ ਤਕਰੀਬਨ ਦੁੱਗਣੀ ਹੋ ਗਈ ਹੈ।
ਜਿਕਰਯੋਗ ਹੈ ਕਿ ਪਿਛਲੇ ਹਫਤੇ ਸਕਾਟਲੈਂਡ ਦੇ ਕੋਵਿਡ ਕੇਸਾਂ ਵਿੱਚ ਵੀ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਵੀਰਵਾਰ ਨੂੰ 6,400 ਨਵੇਂ ਕੇਸ ਸਾਹਮਣੇ ਆਉਣ ਦੇ ਨਾਲ 17 ਹੋਰ ਮੌਤਾਂ ਵੀ ਦਰਜ ਹੋਈਆਂ ਹਨ।