ਸੋਵੀਅਤ ਯੂਨੀਅਨ ਦੇ ਅਫ਼ਗਾਨਿਸਤਾਨ ਵਿੱਚ ‘ਘੁਸਣ’ ਤੋਂ ਪਹਿਲਾਂ ਅਫ਼ਗਾਨਿਸਤਾਨ ਇੱਕ ਅਮੀਰ ਅਤੇ ਖ਼ੁਸ਼ਹਾਲ ਮੁਲਕ ਸੀ। ਸ਼ਾਇਦ ਕੋਈ ਇਸ ਗੱਲ ਤੋਂ ਅਣਭਿੱਜ ਹੋਵੇ ਕਿ ਅਫ਼ਗਾਨਿਸਤਾਨ ਵਿੱਚ 1400 ਤੋਂ ਜ਼ਿਆਦਾ ਖਣਿੱਜ ਖੇਤਰ ਹਨ, ਜਿੰਨ੍ਹਾਂ ਵਿੱਚ ਬਰੇਟ, ਕ੍ਰੋਮਾਈਟ, ਕੋਇਲਾ, ਤਾਂਬਾ, ਸੋਨਾਂ, ਲੋਹਾ ਧਾਤ, ਸ਼ੀਸ਼ਾ, ਸੰਗਮਰਮਰ, ਕੁਦਰਤੀ ਗੈਸ, ਪੈਟਰੋਲੀਅਮ, ਕੀਮਤੀ ਅਤੇ ਅਰਧ ਕੀਮਤੀ ਪੱਥਰ, ਨਮਕ, ਸਲਫ਼ਰ, ਟੈਲਕ ਅਤੇ ਜ਼ਿੰਕ ਸ਼ਾਮਲ ਹਨ। ਰਤਨ ਪੱਥਰਾਂ ਵਿੱਚ ਉੱਚ ਗੁਣਵਤਾ ਵਾਲ਼ਾ ਪੰਨਾਂ, ਲੈਪਿਸ ਲਾਜ਼ਲੀ, ਲਾਲ ਗਾਰਨੇਟ ਅਤੇ ਰੂਬੀ ਵੀ ਸ਼ਾਮਲ ਹਨ। ਇਸ ਦੇਸ਼ ਵਿੱਚ ਯੂਰੇਨੀਅਮ ਵੀ ਉਪਲੱਭਦ ਹੈ, ਜੋ ਪ੍ਰਮਾਣੂੰ ਹਥਿਆਰ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਦੇਸ਼ ਵਿੱਚ ਡੋਡਿਆਂ ਦੀ ਖੇਤੀ ਵੱਡੇ ਪੱਧਰ ‘ਤੇ ਹੁੰਦੀ ਹੈ ਅਤੇ ਇਸ ਤੋਂ ਉਪਜਣ ਵਾਲ਼ੀ ਅਫ਼ੀਮ ਦੁਨੀਆਂ ਭਰ ਵਿੱਚ ਦੁਆਈਆਂ ਬਣਾਉਣ ਵਾਲ਼ੀਆਂ ਨਾਮੀਂ ਕੰਪਨੀਆਂ ਨੂੰ ਸਪਲਾਈ ਹੁੰਦੀ ਸੀ। ਦੁਨੀਆਂ ਭਰ ਵਿੱਚੋਂ 22% ਸੋਨੇ ਦੀ ਉਪਜ ਇਕੱਲੇ ਅਫ਼ਗਾਨਿਸਤਾਨ ਵਿੱਚ ਹੁੰਦੀ ਹੈ।
ਇੱਥੇ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਕੰਧਾਰ, ਗਜ਼ਨੀ ਅਤੇ ਕਾਬਲ ਦੇ ਦੇਸ਼ਾਂ ਨੇ ਖੁਰਾਸਾਨ ਅਤੇ ਸਿੰਧੂ ਦਰਮਿਆਨ ਸਰਹੱਦੀ ਖੇਤਰ ਬਣਾਇਆ। ਅਫ਼ਗਾਨ ਕਬੀਲਿਆਂ ਭਾਵ ਪਸ਼ਤੂਨ ਦੇ ਪੂਰਵਜਾਂ ਦੁਆਰਾ ਵਸੇ ਇਸ ਦੇਸ਼ ਨੂੰ “ਅਫ਼ਗਾਨਿਸਤਾਨ” ਕਿਹਾ ਜਾਂਦਾ ਸੀ, ਜੋ ਸੁਲੇਮਾਨ ਪਹਾੜਾਂ ਦੇ ਆਲ਼ੇ ਦੁਆਲ਼ੇ, ਹਿੰਦੂਕੁਸ਼ ਅਤੇ ਸਿੰਧੂ ਨਦੀ ਦੇ ਵਿਚਕਾਰ ਇੱਕ ਵਿਸ਼ਾਲ ਖੇਤਰ ਨੂੰ ਕਵਰ ਕਰਦਾ ਸੀ। 24 ਦਸੰਬਰ 1979 ਨੂੰ ਸੋਵੀਅਤ ਯੂਨੀਅਨ ਨੇ 1978 ਦੀ ਸੋਵੀਅਤ-ਅਫ਼ਗਾਨ ਦੀ ਮਿੱਤਰਤਾ ਸੰਧੀ ਨੂੰ ਬਰਕਰਾਰ ਰੱਖਣ ਦੇ ਬਹਾਨੇ ਅਫ਼ਗਾਨਿਸਤਾਨ ਉਤੇ ਹਮਲਾ ਕਰ ਦਿੱਤਾ। ਮੁਜਾਹਿਦੀਨ ਅਖਵਾਉਣ ਵਾਲ਼ੇ ਵਿਰੋਧੀਆਂ ਨੇ ਈਸਾਈ ਜਾਂ ਨਾਸਤਿਕ ਸੋਵੀਅਤ ਸੰਘ ਨੂੰ ਅਫ਼ਗਾਨਿਸਤਾਨ ਨੂੰ ਨਿਯੰਤਰਿਤ ਕਰਦੇ ਹੋਏ ਇਸਲਾਮ ਦੇ ਨਾਲ਼ ਨਾਲ਼ ਉਹਨਾਂ ਦੇ ਰਵਾਇਤੀ ਸੱਭਿਆਚਾਰ ਨੂੰ ਅਪਵਿੱਤਰ ਸਮਝਿਆ।
ਦਸੰਬਰ 1979 ਦੇ ਅੰਤ ਵਿੱਚ ਸੋਵੀਅਤ ਯੂਨੀਅਨ ਨੇ ਹਜ਼ਾਰਾਂ ਫ਼ੌਜੀਆਂ ਨੂੰ ਅਫ਼ਗਾਨਿਸਤਾਨ ਵਿੱਚ ਭੇਜਿਆ ਅਤੇ ਤੁਰੰਤ ਕਾਬੁਲ ਅਤੇ ਦੇਸ਼ ਦੇ ਵੱਡੇ ਹਿੱਸਿਆਂ ਦਾ ਪੂਰਾ ਫੌਜੀ ਅਤੇ ਰਾਜਨੀਤਕ ਨਿਯੰਤਰਣ ਗ੍ਰਹਿਣ ਕਰ ਲਿਆ। 1973 ਦੀਆਂ ਗਰਮੀਆਂ ਵਿੱਚ ਅਫ਼ਗਾਨਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੁਹੰਮਦ ਦਾਊਦ ਨੇ ਰਾਜਾ ਜ਼ਾਹਿਰ ਦੇ ਵਿਰੁੱਧ ਇੱਕ ‘ਸਫ਼ਲ’ ਤਖ਼ਤਾ ਪਲਟ ਸਰਗਰਮੀ ਸ਼ੁਰੂ ਕੀਤੀ। 24 ਦਸੰਬਰ 1979 ਤੋਂ ਲੈ ਕੇ 15 ਫ਼ਰਵਰੀ 1989 ਤੱਕ ਕੀਤੇ ਯੁੱਧ ਦੌਰਾਨ ਸੋਵੀਅਤ ਬੁਰੀ ਤਰ੍ਹਾਂ ਅਸਫ਼ਲ ਹੋਇਆ ਅਤੇ ਅਫ਼ਗਾਨ ਮੁਜਾਹਿਦੀਨ ਦੀ 1988 ਦੇ ਜਨੇਵਾ ਸਮਝੌਤੇ ਅਨੁਸਾਰ ਜਿੱਤ ਹੋਈ। ਪਰ ਸਮਝੌਤੇ ਅਨੁਸਾਰ ਸੋਵੀਅਤ ਫੌਜਾਂ ਦੀ ਵਾਪਸੀ ਉਪਰੰਤ ਅਫ਼ਗਾਨਿਸਤਾਨ ਵਿੱਚ ਘਰੇਲੂ ਯੁੱਧ ਛਿੜ ਗਿਆ, ਜੋ ਅੱਜ ਤੱਕ ਨਿਰੰਤਰ ਜਾਰੀ ਹੈ।
ਅਫ਼ਗਾਨਿਸਤਾਨ ਵਿੱਚ ਅਮਰੀਕਾ ਦਾ ਦਾਖਲਾ ਓਸਾਮਾ ਬਿਨ ਲਾਦੇਨ ਕਰ ਕੇ ਹੋਇਆ ਸੀ ਅਤੇ ਰੂਸ ਅਮਰੀਕਾ ਦੇ “ਸੀਤ ਯੁੱਧ” ਵੀ ਇਸ ਦੇਸ਼ ਦਾ ਹੀ ਹਿੱਸਾ ਸੀ। ਜਦ ਇਹਨਾਂ ਨੇ ਓਸਾਮਾ ਬਿਨ ਲਾਦੇਨ ਨੂੰ ਖ਼ਤਮ ਕਰ ਦਿੱਤਾ ਤਾਂ ਇਹਨਾਂ ਦਾ ਕਾਰਜ ਵੀ ਇੱਕ ਤਰ੍ਹਾਂ ਨਾਲ਼ ਖਤਮ ਹੋ ਗਿਆ। ਅਮਰੀਕਾ ਦੇ ਅਫ਼ਗਾਨਿਸਤਾਨ ‘ਚ ਜਾਣ ਤੋਂ ਪਹਿਲਾਂ ਵੀ ਤਾਲੀਬਾਨ ਕਾਬਜ਼ ਸਨ ਅਤੇ ਹੁਣ ਇਹਨਾਂ ਦੀਆਂ ਫੌਜਾਂ ਨਿਕਲਣ ਤੋਂ ਬਾਅਦ ਵੀ ਤਾਲੀਬਾਨ ਦਾ ਰਾਜ ਹੋ ਗਿਆ। ਅਮਰੀਕਾ ਨੇ ਤਾਂ ਕਰੀਬ ਵੀਹ ਸਾਲ ਅਫ਼ਗਾਨਿਸਤਾਨ ਦੀ ‘ਸਰਕਾਰ’ ਬਣਾ ਕੇ ਵੀ ਚਲਾਈ। ਹੁਣ ਸ਼ਾਇਦ ਤਾਲੀਬਾਨ ਇਸ ਦੇਸ਼ ਨੂੰ ਚਲਾ ਲੈਣਗੇ। ਸੁਣਨ ਵਿੱਚ ਆਇਆ ਹੈ ਕਿ ਤਾਲੀਬਾਨ ਨੇ ਆਉਣਸਾਰ ਅਫ਼ਗਾਨਿਸਤਾਨ ਦਾ ਨਾਂ ਬਦਲਣ ਦਾ ਨਿਰਣਾ ਵੀ ਕਰ ਲਿਆ ਹੈ।
ਘਰੇਲੂ ਜੰਗ ਜਿੱਤਣੀ ਹਮੇਸ਼ਾ ਔਖੀ ਹੁੰਦੀ ਹੈ। ਮਨੋਵਗਿਆਨੀ ਦੱਸਦੇ ਹਨ ਕਿ ਜਿੰਨ੍ਹਾਂ ਲੋਕਾਂ ਨੂੰ ਤੁਸੀਂ ਉਹਨਾਂ ਦੇ ਆਪਣੇ ਸਕੇ ਸਬੰਧੀਆਂ ਤੋਂ ਡਰਾ ਧਮਕਾ ਕੇ ਜਾਂ ਮਜਬੂਰ ਕਰ ਕੇ ਵਕਤੀ ਤੌਰ ‘ਤੇ ਪਾਸੇ ਕਰਦੇ ਹੋ, ਇੱਕ ਨਾ ਇੱਕ ਦਿਨ ਉਹ ਤੁਹਾਡੇ ਤੋਂ ਬਾਗੀ ਹੋ ਕੇ, ਅਤੇ ਤੁਹਾਡੀ ਹਿੱਕ ‘ਤੇ ਪੈਰ ਧਰ ਕੇ ਆਪਣਿਆਂ ਨੂੰ ਗਲਵਕੜੀ ਪਾਉਣ ਲੱਗੇ ਪਲ ਨਹੀਂ ਲਾਉਣਗੇ। ਹੁਣ ਅਫ਼ਗਾਨ ਦੇ ਆਮ ਲੋਕਾਂ ਨੂੰ ਇੱਕ ਚਿੰਤਾ ਸਤਾ ਰਹੀ ਹੈ ਕਿ ਸਭ ਤੋਂ ਭੈੜ੍ਹੀਆਂ ਘਟਨਾਵਾਂ ਮਾਸੂਮ ਅਤੇ ਬੇਕਸੂਰ ਮੁਟਿਆਰਾਂ ਨਾਲ਼ ਹੋਣਗੀਆਂ। ਉਹਨ੍ਹਾਂ ਦੇ ਸਮੂਹਿਕ ਬਲਾਤਕਾਰ ਕੀਤੇ ਜਾਣਗੇ ਅਤੇ ਬਹੁਤ ਸਾਰੇ ਮਾਸੂਮ ਲੋਕ ਨਮੋਸ਼ੀ ਦੇ ਮਾਰੇ ਖ਼ੁਦਕਸ਼ੀ ਕਰ ਲੈਣਗੇ। ਬਹੁਤ ਸਾਰੀਆਂ ਕੁੜੀਆਂ ਬਲਾਤਕਾਰ ਦੇ ਡਰ ਕਾਰਨ ਆਪਣੇ ਹੀ ਮਾਪਿਆਂ ਹੱਥੋਂ ਮਾਰੀਆਂ ਜਾਣਗੀਆਂ। ਅਮਰੀਕਾ ਨੇ ਅਰਬਾਂ ਡਾਲਰ ਬਰਬਾਦ ਕੀਤੇ ਅਤੇ ਦੋ ਦੇਸ਼ਾਂ ਨੂੰ ਤਬਾਹ ਕਰ ਦਿੱਤਾ, ਪਰ ਹਾਸਲ ਕੱਖ ਵੀ ਨਾ ਹੋਇਆ।
ਤਾਲੀਬਾਨ ਦੇ ਅਫ਼ਗਾਨਿਸਤਾਨ ‘ਤੇ ਕਬਜੇ ਨੂੰ ਇਉਂ ਪੇਸ਼ ਕੀਤਾ ਜਾ ਰਿਹਾ ਹੈ, ਜਿਵੇਂ ਉਹਨਾਂ ਨੇ ਅਮਰੀਕਾ ਜਿੱਤ ਲਿਆ ਹੋਵੇ। ਬਹੁਤ ਘੱਟ ਮੌਕੇ ਅਜਿਹੇ ਹੁੰਦੇ ਨੇ, ਜਿੱਥੇ ਅਮਰੀਕਾ ਦੀ ਮਰਜ਼ੀ ਦੇ ਖ਼ਿਲਾਫ਼ ਕੁਛ ਵਾਪਰਦਾ ਹੋਵੇ! ਅਮਰੀਕਾ ਦੀ ਮਰਜ਼ੀ ਤੋਂ ਬਿਨਾ ਕੁਝ ਹੋ ਵੀ ਜਾਵੇ ਤਾਂ ਅਮਰੀਕਾ ਬਹੁਤਾ ਚਿਰ ਉਹ ਸਥਿਤੀ ਰਹਿਣ ਨਹੀਂ ਦਿੰਦਾ। ਅਮਰੀਕਾ ਦੀ ਫੌਜੀ ਤਾਕਤ ਅਸੀਮ ਹੈ। ਅਫ਼ਗਾਨਿਸਤਾਨ ਵਿੱਚ ਦਸ-ਵੀਹ ਹਜ਼ਾਰ ਫੌਜੀ ਬਿਠਾ ਕੇ ਰੱਖਣਾ ਅਮਰੀਕਾ ਵਾਸਤੇ ਕੋਈ ਵੱਡੀ ਗੱਲ ਨਹੀਂ। ਦੁਨੀਆਂ ਭਲੀਭਾਂਤ ਸੱਚਾਈ ਜਾਣਦੀ ਹੈ ਕਿ ਅਮਰੀਕਾ ਦਾ ਤਾਲੀਬਾਨ ਨਾਲ਼ ਕੋਈ ਅੰਦਰੂਨੀ ਸਮਝੌਤਾ ਹੋਇਆ ਅਤੇ ਤਾਲੀਬਾਨ ਅਮਰੀਕਾ ਦੇ ਇਸ਼ਾਰੇ ‘ਤੇ ਹੀ ਅਫ਼ਗਾਨਿਸਤਾਨ ਉਪਰ ਕਾਬਜ ਹੋਇਆ ਹੈ। ਕਿਉਂ ਹੋਇਆ ਹੈ? ਇਸ ਦੇ ਅਸਲ ਕਾਰਨ ਆਉਣ ਵਾਲ਼ੇ ਸਮੇਂ ਵਿੱਚ ਸਪੱਸ਼ਟ ਹੋਣਗੇ। ਸਾਡਾ ਇਹ ਮੰਨਣਾ ਹੈ ਕਿ ਅਮਰੀਕਾ ਨੇ ਜਿਹੜਾ ਇਹ ਜਿੰਨ ਕੱਢ ਕੇ ਦਿਖਾਇਆ, ਇਹ ਦੱਖਣੀਂ ਏਸ਼ੀਆ ਦੀਆਂ ਵੱਡੀਆਂ ਤਾਕਤਾਂ ਦੀ ਸਿਰਦਰਦੀ ਬਣੇਗਾ। ਕਿਸੇ ਕੋਲ਼ੋਂ ਲੁਕਿਆ ਛੁਪਿਆ ਨਹੀਂ ਕਿ ਅਫ਼ਗਾਨਿਸਤਾਨ ਦਾ ਮੌਜੂਦਾ ਹਾਕਮ ਅਬਦੁਲ ਗਨੀ ਬਰਾਦਰ ਅਮਰੀਕਾ ਨੇ ਖ਼ੁਦ 2018 ਵਿੱਚ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਛੁਡਵਾਇਆ ਸੀ।
ਚਾਹੇ ਸਾਰੀ ਦੁਨੀਆਂ ਤਬਾਹ ਹੋ ਜਾਵੇ, ਪਰ ਅਮਰੀਕਾ ਕਦੇ ਇਹ ਨਹੀਂ ਚਾਹੇਗਾ ਕਿ ਹੌਂਗ ਕੌਂਗ ਅਤੇ ਚੀਨ ਅਫ਼ਗਾਨਿਸਤਾਨ ਦੇ ਰਸਤੇ ਭਾਰਤ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨਾਲ਼ ਵਪਾਰ ਕਰਨ। ਅਗਰ ਵਪਾਰ ਚੱਲੇਗਾ ਤਾਂ ਦੇਸ਼ਾਂ ਦੀ ਆਪਸ ਵਿੱਚ ਸਾਂਝ ਤਾਂ ਵਧੇਗੀ ਹੀ, ਨਾਲ਼ ਦੀ ਨਾਲ਼ ਖ਼ੁਸ਼ਹਾਲੀ ਵੀ ਆਵੇਗੀ। ਇਸ ਲਈ ਅਫ਼ਗਾਨਿਸਤਾਨ ਦੇ ਬੇਕਸੂਰ ਲੋਕਾਂ ਨੂੰ ਬਲ਼ਦੀ ਦੇ ਬੁੱਥੇ ਝੋਕਣਾ ਅਤੇ ਓਥੋਂ ਦੀ ਸ਼ਾਂਤੀ ਦੀ ਬਲੀ ਦੇਣੀ ਜ਼ਰੂਰੀ ਸੀ। ਅਗਰ ਅਫ਼ਗਾਨਿਸਤਾਨ ਵਿੱਚ ਦਹਿਸ਼ਤ ਵਾਲ਼ਾ ਮਾਹੌਲ ਹੋਵੇਗਾ ਤਾਂ ਕੋਈ ਵੀ ਦੇਸ਼ ਸੜਕੀ ਰਸਤੇ ਵਪਾਰ ਕਰਨ ਦੀ ਹਿੰਮਤ ਨਹੀਂ ਕਰੇਗਾ। ਚੀਨ, ਭਾਰਤ, ਪਾਕਿਸਤਾਨ ਅਤੇ ਹੋਰ ਦੇਸ਼ਾਂ ਦਾ ਆਪਸੀ ਵਪਾਰ ਠੱਪ ਰਹੇਗਾ ਅਤੇ ਲੋਕ ਭੁੱਖਮਰੀ ਅਤੇ ਗਰੀਬੀ ਨਾਲ਼ ਜੁੱਤੀਓ-ਜੁੱਤੀ ਰਹਿਣਗੇ। ਇਹ ਵੀ ਗੱਲ ਭੁੱਲਣ ਵਾਲ਼ੀ ਨਹੀਂ ਕਿ ਅਫ਼ਗਾਨਿਸਤਾਨ ‘ਤੇ ਕਾਬਜ ਹੋ ਕੇ ਤਾਲੀਬਾਨ ਹੋਰ ‘ਕੱਟੜਪੰਥੀ’ ਸੰਗਠਨਾਂ ਨੂੰ ਹਵਾ ਦੇਵੇਗਾ, ਇਸ ਨਾਲ਼ ਖ਼ਾਸ ਤੌਰ ‘ਤੇ ਪਾਕਿਸਤਾਨ ਲਈ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ। ਹੁਣ ਤਾਲੀਬਾਨ ਦੀ ਜਿੱਤ ‘ਤੇ ਖ਼ੁਸ਼ੀਆਂ ਮਨਾਉਣ ਵਾਲ਼ੇ ਕੀ ਇਹ ਭੁੱਲ ਗਏ ਕਿ ਕੁੜੀਆਂ ਨੂੰ ਪੜ੍ਹਨ ਦੀ ਮਨਾਹੀ, ਜੋ ਬੁਰਕੇ ਤੋਂ ਬਗੈਰ ਬਾਹਰ ਨਿਕਲ਼ੇ ਸਿਰ ਕਲਮ, ਕੋਈ ਔਰਤ ਦੋ ਮਿੰਟ ਤੋਂ ਜ਼ਿਆਦਾ ਬਾਹਰ ਜਾਵੇ ਤਾਂ ਉਸ ਦੇ ਪਤੀ ਦਾ ਨਾਲ਼ ਹੋਣਾ ਜ਼ਰੂਰੀ, ਔਰਤ ਬਿਮਾਰ ਜਾਂ ਗਰਭਵਤੀ ਹੋਵੇ ਉਸ ਦਾ ਇਲਾਜ਼ ਔਰਤ ਹੀ ਕਰ ਸਕਦੀ ਹੈ। ਜਦ ਕੁੜੀਆਂ ਨੂੰ ਦਸਵੀਂ ਤੋਂ ਵੱਧ ਪੜ੍ਹਨ ਦਾ ਹੁਕਮ ਹੀ ਨਹੀਂ, ਡਾਕਟਰ ਕਿੱਥੋਂ ਬਣਗੀਆਂ? ਇਹਨਾਂ ਹਾਲਾਤਾਂ ਵਿੱਚ ਜੇ ਬਿਮਾਰ ਜਾਂ ਗਰਭਵਤੀ ਔਰਤਾਂ ਆਪਣੀ ਜਾਨ ਨਹੀਂ ਗੁਆਉਣਗੀਆਂ ਤਾਂ ਹੋਰ ਕੀ ਹੋਵੇਗਾ?
“ਅਫ਼ਗਾਨਿਸਤਾਨ ਵਿੱਚ ਵਾਪਰ ਰਹੀਆਂ ਦੁਖਦਾਈ ਘਟਨਾਵਾਂ ਨੂੰ ਡੂੰਘੀ ਉਦਾਸੀ ਨਾਲ਼ ਵੇਖ ਰਹੇ ਹਾਂ!” ਜਿਹੇ ਲਫ਼ਜ਼ ਆਖ ਕੇ 2001 ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਫੌਜੀ ਦਖ਼ਲ ਨੂੰ ਅਧਿਕਾਰਤ ਕੀਤਾ ਸੀ। ਸੰਯੁਕਤ ਰਾਜ ਨੇ ਅਫ਼ਗਾਨਿਸਤਾਨ ਵਿੱਚ ਸੰਘਰਸ਼ ਨੂੰ ਇੱਕ ਸੀਤ ਯੁੱਧ ਦੇ ਰੂਪ ਵਿੱਚ ਦੇਖਿਆ ਅਤੇ ਸੀ. ਆਈ. ਏ. ਨੇ ਪਾਕਿਸਤਾਨੀ ਖ਼ੁਫ਼ੀਆ ਸੇਵਾਵਾਂ ਦੁਆਰਾ ਵਿਰੋਧੀ ਮੁਜਾਹਿਦੀਨ ਵਿਦਰੋਹੀਆਂ ਨੂੰ ਆਪਰੇਸ਼ਨ ਚੱਕਰਵਾਤ ਨਾਮਕ ਵਿੱਚ ਸਹਾਇਤਾ ਪ੍ਰਦਾਨ ਕੀਤੀ। ਪਰ ਹੁਣ ਰਾਤੋ ਰਾਤ ਜੁੱਲੀ ਬਿਸਤਰਾ ਚੁੱਕ ਅਫ਼ਗਾਨੀਆਂ ਨੂੰ ਤਾਲੀਬਾਨਾਂ ਦੇ ਰਹਿਮ ‘ਤੇ ਛੱਡ ਕੇ ਭੱਜਣ ਵਾਲ਼ੀ ਨੀਅਤ ਕਿਸ ਪਾਸੇ ਵੱਲ ਨੂੰ ਇਸ਼ਾਰਾ ਕਰਦੀ ਹੈ, ਦੁਨੀਆਂ ਬਹੁਤ ਜਲਦੀ ਦੇਖੇਗੀ।