ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦਾ ਸ਼ਹਿਰ ਗਲਾਸਗੋ ਵੱਖ ਵੱਖ ਭਾਈਚਾਰਿਆਂ ਦੇ ਫੁੱਲਾਂ ਨਾਲ ਸਜੇ ਗੁਲਦਸਤੇ ਵਾਂਗ ਹੈ। ਕੋਵਿਡ ਪਾਬੰਦੀਆਂ ‘ਚ ਢਿੱਲ ਮਿਲਣ ਤੋਂ ਬਾਅਦ ਵੱਖ ਵੱਖ ਧਾਰਮਿਕ ਅਸਥਾਨਾਂ ਵਿੱਚ ਵੀ ਗਤੀਵਿਧੀਆਂ ਹੋਣ ਲੱਗੀਆਂ ਹਨ। ਗਲਾਸਗੋ ਸਥਿਤ ਸਕਾਟਲੈਂਡ ਦੇ ਸਭ ਤੋਂ ਵੱਡੇ ਮੰਦਰ ਵਜੋਂ ਜਾਣੇ ਜਾਂਦੇ ਗਲਾਸਗੋ ਹਿੰਦੂ ਮੰਦਰ ਵਿਖੇ ਜਨਮ ਅਸ਼ਟਮੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਸੈਂਕੜਿਆਂ ਦੀ ਤਾਦਾਦ ਵਿੱਚ ਪੈਰੋਕਾਰਾਂ ਨੇ ਮੰਦਰ ਵਿਖੇ ਨਤਮਸਤਕ ਹੋਣ ਲਈ ਹਾਜ਼ਰੀ ਭਰੀ। ਇਸ ਉਪਰੰਤ ਸਜਾਈ ਗਈ ਸੁੰਦਰ ਪਾਲਕੀ ਦੀ ਮੰਦਰ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਪਰਕਰਮਾ ਕਰਵਾਈ ਗਈ। ਜਿਸ ਦੌਰਾਨ ਸੰਗਤਾਂ ਵੱਲੋਂ ਢੋਲ ਦੀ ਤਾਲ ‘ਤੇ ਨੱਚ ਕੇ, ਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਪਰਕਰਮਾ ਉਪਰੰਤ ਮੰਦਰ ਵਿੱਚ ਬੱਚਿਆਂ ਦੇ ਨ੍ਰਿਤ ਉਪਰੰਤ ਆਰਤੀ ਦੀ ਰਸਮ ਅਦਾ ਕੀਤੀ ਗਈ। ਸਮਾਗਮ ਦੌਰਾਨ ਮੰਦਰ ਕਮੇਟੀ ਦੇ ਪ੍ਰਬੰਧ ਬਾਕਮਾਲ ਸਨ। ਸੰਗਤਾਂ ਨੂੰ ਸਖ਼ਤੀ ਨਾਲ ਤਾਕੀਦ ਕੀਤੀ ਗਈ ਸੀ ਕਿ ਉਹ ਇਨ੍ਹਾਂ ਧਾਰਮਿਕ ਰਸਮਾਂ ‘ਚ ਵਿਚਰਦਿਆਂ ਬਿਨਾਂ ਮਾਸਕ ਤੋਂ ਹਾਜ਼ਰੀ ਨਾ ਭਰਨ। ਕਈ ਘੰਟੇ ਲਗਾਤਾਰ ਚੱਲੇ ਸਮਾਗਮਾਂ ਦੌਰਾਨ ਸੰਗਤਾਂ ਨੂੰ ਲੰਗਰ ਵੀ ਅਤੁੱਟ ਵਰਤਾਇਆ ਗਿਆ। ਅਖੀਰ ਵਿੱਚ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਜਨਮ ਅਸ਼ਟਮੀ ਦੀ ਵਧਾਈ ਪੇਸ਼ ਕੀਤੀ ਗਈ।